ਮੋਗਾ, 10 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਮੋਗਾ ਪਹੁੰਚੇ ਅਤੇ 14 ਮਾਰਚ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਸੂਬੇ ਨੂੰ ਹੋਰ ਗਹਿਰੇ ਕਰਜ਼ੇ ਦੇ ਸੰਕਟ ਵਿਚ ਧੱਕ ਦੇਵੇਗਾ। ਉਨ੍ਹਾਂ ਸਵਾਲ ਕੀਤਾ ਕਿ ਬਜਟ ਵਿਚ ਕੀਤੇ ਗਏ ਵਾਅਦੇ ਪੂਰੇ ਕਰਨ ਲਈ ਪੈਸਾ ਕਿੱਥੋਂ ਆਵੇਗਾ।

ਜਾਖੜ ਨੇ ਕਿਹਾ ਕਿ ਲੋੜਵੰਦ ਲੋਕਾਂ ਦੀ ਮਦਦ ਕਰਨਾ ਸਰਕਾਰ ਦਾ ਫਰਜ਼ ਹੈ, ਪਰ ਇਹ ਯਕੀਨੀ ਬਣਾਉਣ ਲਈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਲੋਕਾਂ ਨਾਲ ਇਕ ਹੋਰ ਧੋਖਾ ਨਾ ਬਣ ਜਾਵੇ, ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਔਰਤਾਂ ਨੂੰ ਨਕਦੀ ਸਹਾਇਤਾ ਦੇਣ ਵਾਲੀ ਯੋਜਨਾ ਲਈ ਹਰ ਮਹੀਨੇ ਘੱਟੋ-ਘੱਟ 1000 ਕਰੋੜ ਰੁਪਏ ਕਿੱਥੋਂ ਆਉਣਗੇ ਅਤੇ ਇਹ ਰਕਮ ਲਗਾਤਾਰ ਕਿਵੇਂ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਕਿਤੇ ਹੋਰ ਯੋਜਨਾਵਾਂ ‘ਚ ਕੱਟੋਤੀ ਕਰ ਕੇ ਚੋਣਾਂ ਤੋਂ ਪਹਿਲਾਂ ਕੁਝ ਮਹੀਨੇ ਔਰਤਾਂ ਨੂੰ ਪੈਸੇ ਦੇ ਕੇ ਵੋਟਾਂ ਲੈਣ ਤੋਂ ਬਾਅਦ ਇਸ ਯੋਜਨਾ ਨੂੰ ਭੁਲਾ ਤਾਂ ਨਹੀਂ ਦਿੱਤਾ ਜਾਵੇਗਾ।

ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਆਮਦਨ ਦੇ ਸਰੋਤ ਪੈਦਾ ਕੀਤੇ ਬਿਨਾਂ ਵੋਟਾਂ ਖ਼ਰੀਦਣ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਸੂਬੇ ’ਤੇ ਕਰਜ਼ੇ ਦਾ ਬੋਝ ਹੋਰ ਵਧਾ ਦੇਣਗੀਆਂ ਅਤੇ ਇਸ ਦਾ ਭਾਰ ਅਖੀਰਕਾਰ ਪੰਜਾਬ ਦੇ ਲੋਕਾਂ ਨੂੰ ਹੀ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਖੁਦ ਮੰਨ ਚੁੱਕੇ ਹਨ ਕਿ ਸੂਬੇ ’ਤੇ ਕਰਜ਼ਾ 4.59 ਲੱਖ ਕਰੋੜ ਰੁਪਏ ਨੂੰ ਪਾਰ ਕਰ ਜਾਵੇਗਾ ਅਤੇ ਹਕੀਕਤ ’ਚ ਅਗਲੇ ਵਿੱਤੀ ਸਾਲ ਦੇ ਅੰਤ ਤੱਕ ਇਹ 5 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ।

ਜਾਖੜ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਨਵੇਂ ਆਮਦਨੀ ਸਰੋਤ ਪੈਦਾ ਕਰਨ ਦਾ ਵਾਅਦਾ ਕੀਤਾ ਸੀ ਪਰ ਮਾਇਨਿੰਗ ਤੋਂ ਕਿੰਨਾ ਪੈਸਾ ਆ ਰਿਹਾ ਹੈ ਇਹ ਸਭ ਦੇ ਸਾਹਮਣੇ ਹੈ ਅਤੇ ਗੈਰਕਾਨੂੰਨੀ ਮਾਈਨਿੰਗ ਦਾ ਪੈਸਾ ਕਿੱਥੇ ਜਾ ਰਿਹਾ ਹੈ ਇਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ। ਵਿਰੋਧੀ ਧਿਰ ’ਤੇ ਤੰਜ਼ ਕੱਸਦਿਆਂ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਚੁੱਪ ਬੈਠੀ ਹੋਈ ਹੈ ਅਤੇ ਉਸਦੇ ਨੇਤਾਵਾਂ ਵਿਚ ਵਿਧਾਨ ਸਭਾ ਵਿਚ ‘ਆਪ’ ਸਰਕਾਰ ਦੇ ਖ਼ਿਲਾਫ ਬੋਲਣ ਦੀ ਹਿੰਮਤ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀਆਂ ਬੱਸਾਂ ਨੂੰ ਰੰਗ ਕਰਵਾਉਣ ਲਈ ਰਾਜਸਥਾਨ ਭੇਜਿਆ ਜਾ ਰਿਹਾ ਹੈ ਪਰ ਰਾਜਸਥਾਨ ਦੀਆਂ ਬੱਸ ਬਾਡੀਆਂ ਦੇ ਨਾਂ ’ਤੇ ਜਿਨ੍ਹਾਂ ਕਾਂਗਰਸੀ ਨੇਤਾਵਾਂ ਨੂੰ ਕਦੇ ਬਲੈਕਮੇਲ ਕੀਤਾ ਗਿਆ ਸੀ, ਉਹ ਅੱਜ ਵੀ ਇਸ ਮਸਲੇ ’ਤੇ ਆਵਾਜ਼ ਉਠਾਉਣ ਦੀ ਹਿੰਮਤ ਨਹੀਂ ਕਰ ਰਹੇ। ਮੋਗਾ ਵਿਚ ਹੋਣ ਵਾਲੀ ਭਾਜਪਾ ਰੈਲੀ ਦਾ ਜ਼ਿਕਰ ਕਰਦਿਆਂ ਜਾਖੜ ਨੇ ਕਿਹਾ ਕਿ ਲੋਕਾਂ ਵਿਚ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ।

ਉਨ੍ਹਾਂ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਕਾਂਗਰਸ ਤੋਂ ਨਿਰਾਸ਼ ਹੋਣ ਤੋਂ ਬਾਅਦ ਅਤੇ ਹੁਣ ਸੱਤਾ ਵਿਚ ਬੈਠੀ ਆਪ ਸਰਕਾਰ ਤੋਂ ਵੀ ਨਿਰਾਸ਼ ਹੋ ਕੇ ਲੋਕ ਅਜਿਹੀ ਪਾਰਟੀ ਦੀ ਭਾਲ ਕਰ ਰਹੇ ਹਨ ਜਿਸਦੀ ਸਮਰੱਥ ਲੀਡਰਸ਼ਿਪ ਪੰਜਾਬ ਨੂੰ ਮੌਜੂਦਾ ਸੰਕਟ ਵਿਚੋਂ ਬਾਹਰ ਕੱਢ ਸਕੇ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਲਈ ਜਾਨ-ਮਾਲ ਦੀ ਸੁਰੱਖਿਆ ਵੱਡਾ ਮੁੱਦਾ ਬਣ ਗਿਆ ਹੈ, ਜਦਕਿ ਆਰਥਿਕ ਸੰਕਟ ਨਾਲ ਜੂਝਦੇ ਸੂਬੇ ਵਿਚ ਬੁਨਿਆਦੀ ਢਾਂਚੇ ਦਾ ਵਿਕਾਸ ਠੱਪ ਪਿਆ ਹੋਇਆ ਹੈ। ਉਨ੍ਹਾਂ ਦੇ ਅਨੁਸਾਰ ਹੁਣ ਲੋਕ ਇਸ ਸਥਿਤੀ ਨੂੰ ਠੀਕ ਕਰਨ ਲਈ ਭਾਜਪਾ ਤੋਂ ਉਮੀਦ ਰੱਖਦੇ ਹਨ।

ਸੰਖੇਪ:-

Sunil Jakhar ਨੇ ਮੋਗਾ ਦੌਰੇ ਦੌਰਾਨ Aam Aadmi Party ਸਰਕਾਰ ਦੇ ਬਜਟ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਵਾਅਦਿਆਂ ਲਈ ਪੈਸੇ ਦੇ ਸਰੋਤ ਸਪੱਸ਼ਟ ਨਹੀਂ ਅਤੇ ਇਸ ਨਾਲ Punjab ’ਤੇ ਕਰਜ਼ੇ ਦਾ ਬੋਝ ਹੋਰ ਵੱਧ ਸਕਦਾ ਹੈ, ਨਾਲ ਹੀ 14 ਮਾਰਚ ਨੂੰ Amit Shah ਦੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।