ਚੰਡੀਗੜ੍ਹ, 11 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ) – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਪ੍ਰਵਕਤਾ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਵਕਾਲਤ ਕਰ ਰਹੇ ਪੰਜਾਬ ਭਾਜਪਾ ਅਧਿਕਾਰੀ ਸੁਨੀਲ ਜਾਖੜ ‘ਤੇ ਕੜਾ ਹਮਲਾ ਬੋਲਿਆ ਹੈ। ਉਨ੍ਹਾਂ ਇਸ ਸਮਝੌਤੇ ਨੂੰ ਦੇਸ਼ ਦੇ ਕਿਸਾਨਾਂ ਨਾਲ ਸਭ ਤੋਂ ਵੱਡੀ ‘ਗੱਦਾਰੀ’ ਕਰਾਰ ਦਿੱਤਾ।
ਧਾਲੀਵਾਲ ਨੇ ਜਾਖੜ ਨੂੰ ਸਿੱਧੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਮੀਡੀਆ ਵਿੱਚ ਤਾਰੀਫਾਂ ਕਰਨ ਦੀ ਬਜਾਏ ਇਸ ਡੀਲ ਦਾ ਅਸਲੀ ਡਰਾਫਟ ਜਨਤਕ ਕਰਨ। ਬੁੱਧਵਾਰ ਨੂੰ ‘ਆਪ’ ਨੇਤਾ ਪ੍ਰਭਵੀਰ ਬਰਾੜ ਨਾਲ ਪ੍ਰੈਸ ਕਾਨਫਰੰਸ ਦੌਰਾਨ ਧਾਲੀਵਾਲ ਨੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਟਰੰਪ ਸਰਕਾਰ ਨੇ ਭਾਰਤੀ ਵਸਤੂਆਂ ‘ਤੇ ਟੈਰਿਫ 18 ਪ੍ਰਤੀਸ਼ਤ ਵਧਾ ਦਿੱਤਾ ਹੈ, ਜਦਕਿ ਮੋਦੀ ਸਰਕਾਰ ਨੇ ਗੁੱਟਨ੍ਹੇ ਟੇਕਦੇ ਹੋਏ ਅਮਰੀਕੀ ਵਸਤੂਆਂ ‘ਤੇ ਟੈਕਸ 7.7 ਪ੍ਰਤੀਸ਼ਤ ਤੋਂ ਘਟਾ ਕੇ ਸਿਫ਼ਰ ਕਰ ਦਿੱਤਾ।
ਉਨ੍ਹਾਂ ਸਵਾਲ ਕੀਤਾ ਕਿ ਜਦ ਅਮਰੀਕੀ ਕਿਸਾਨ ਭਾਰਤ ਵਿੱਚ ਬਿਨਾਂ ਕਿਸੇ ਟੈਕਸ ਦੇ ਮਾਲ ਵੇਚੇਗਾ ਅਤੇ ਸਾਡੇ ਕਿਸਾਨ ਨੂੰ ਅਮਰੀਕਾ ਵਿੱਚ 18 ਪ੍ਰਤੀਸ਼ਤ ਟੈਕਸ ਦੇਣਾ ਪਵੇਗਾ, ਤਾਂ ਇਹ ਬਰਾਬਰੀ ਦਾ ਸੌਦਾ ਕਿਵੇਂ ਹੋਇਆ? ਇਹ ਦੇਸ਼ ਦੇ ਹਿਤ ਵਿੱਚ ਕਿਵੇਂ ਹੈ?
ਧਾਲੀਵਾਲ ਨੇ ਚੇਤਾਵਨੀ ਦਿੱਤੀ ਕਿ ਇਸ ਡੀਲ ਰਾਹੀਂ ਅਮਰੀਕਾ ਦੀ ‘ਲਾਲ ਜਵਾਰ’ ਭਾਰਤੀ ਮੰਡੀਆਂ ‘ਤੇ ਕਬਜ਼ਾ ਕਰ ਲਵੇਗੀ, ਜਿਸ ਨਾਲ ਪੰਜਾਬ, ਉਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਮੱਕਾ, ਬਾਜਰਾ ਅਤੇ ਜਵਾਰ ਉਗਾਉਣ ਵਾਲੇ ਕਿਸਾਨ ਬਰਬਾਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਿਫ਼ਰ ਟੈਰਿਫ ਦੇ ਕਾਰਨ ਕਸ਼ਮੀਰ ਅਤੇ ਹਿਮਾਚਲ ਦੇ ਸੇਬ, ਬਦਾਮ ਅਤੇ ਅਖਰੋਟ ਉਤਪਾਦਕ ਵੀ ਸੜਕਾਂ ‘ਤੇ ਆ ਜਾਣਗੇ।
ਸੁਨੀਲ ਜਾਖੜ ‘ਤੇ ਤੰਜ ਕਸਦਿਆਂ ਧਾਲੀਵਾਲ ਨੇ ਕਿਹਾ ਕਿ ਜਾਖੜ ਸਾਹਿਬ, ਤੁਸੀਂ ਅੱਜ ਇਸ ਡੀਲ ਦੀ ਵਕਾਲਤ ਉਸੇ ਤਰ੍ਹਾਂ ਕਰ ਰਹੇ ਹੋ ਜਿਵੇਂ ਕਦੇ ਬਾਦਲ ਪਰਿਵਾਰ ਤਿੰਨ ਕਾਲੇ ਕਿਸਾਨੀ ਕਾਨੂੰਨਾਂ ਦੀ ਕਰਦਾ ਸੀ। ਅੱਜ ਅਕਾਲੀ ਦਲ ਦੀ ਰਾਜਨੀਤਿਕ ਹਾਲਤ ਸਭ ਦੇ ਸਾਹਮਣੇ ਹੈ। ਕਿੱਥੇ ਮੋਦੀ ਦੀ ਚਾਕਰੀ ਕਰਦਿਆਂ ਤੁਹਾਡਾ ਹਾਸ਼ਰ ਵੀ ਅਕਾਲੀਆਂ ਵਰਗਾ ਨਾ ਹੋ ਜਾਏ।
ਉਨ੍ਹਾਂ ਕਿਹਾ ਕਿ ਜਾਖੜ ਪਹਿਲਾਂ ਕਾਂਗਰਸ ਵਿੱਚ ਰਹਿ ਕੇ ਗਾਂਧੀ ਪਰਿਵਾਰ ਦੀ ਚਾਕਰੀ ਕਰਦੇ ਸਨ ਅਤੇ ਹੁਣ ਮੋਦੀ ਦੀਆਂ ਤਾਰੀਫਾਂ ਕਰਕੇ ਦੇਸ਼ ਦਾ ਹਿਤ ਵੇਚਣ ‘ਤੇ ਤੁਰੇ ਹੋਏ ਹਨ। ‘ਆਪ’ ਪ੍ਰਵਕਤਾ ਨੇ ਕਿਹਾ ਕਿ ਅੱਜ ਤੱਕ ਇਸ ਡੀਲ ਬਾਰੇ ਜਾਣਕਾਰੀ ਸਿਰਫ ਟਰੰਪ ਦੇ ਟਵੀਟਸ ਤੋਂ ਮਿਲ ਰਹੀ ਹੈ। ਪ੍ਰਧਾਨਮੰਤਰੀ ਨੇ ਨਾ ਤਾਂ ਸੰਸਦ ਵਿੱਚ ਕੁਝ ਦੱਸਿਆ ਅਤੇ ਨਾ ਹੀ ਦੇਸ਼ ਨੂੰ ਭਰੋਸੇ ਵਿੱਚ ਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਨੇ ਦੇਸ਼ ਨੂੰ ਅਮਰੀਕਾ ਦੇ ਪਾਸ ਗਿਰਵੀ ਰੱਖ ਦਿੱਤਾ ਹੈ।
ਧਾਲੀਵਾਲ ਨੇ ਕਿਹਾ ਕਿ ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ, ਬਲਕਿ ਸਾਰੇ ਦੇਸ਼ਵਾਸੀਆਂ ਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਜਾਖੜ ਦੇ ਹਰ ਝੂਠ ਦਾ ਰੋਜ਼ਾਨਾ ਜਵਾਬ ਦੇਣਗੇ ਅਤੇ ਭਾਜਪਾ ਦੇ ਇਸ ਕਿਸਾਨ ਵਿਰੋਧੀ ਚਿਹਰੇ ਨੂੰ ਬੇਨਕਾਬ ਕਰਦੇ ਰਹਿਣਗੇ।
