ਹੁਸ਼ਿਆਰਪੁਰ, 06 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 650 ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਰਾਜ ਪੱਧਰੀ ਸਮਾਗਮ ਦੇ ਦੂਜੇ ਦਿਨ ਵੀਰਵਾਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਸ਼ਰਧਾ ਤੇ ਅਧਿਆਤਮਿਕ ਮਾਹੌਲ ’ਚ ਰੰਗਿਆ ਗਿਆ। ਸੰਤ ਬਾਬਾ ਇੰਦਰ ਦਾਸ ਜੀ (ਡੇਰਾ ਸਤ ਸਾਹਿਬ, ਮੇਘੋਵਾਲ ਗੰਜੀਆਂ), ਸੰਤ ਮਹਿੰਦਰ ਦਾਸ ਜੀ, ਸੰਤ ਪ੍ਰੇਮ ਦਾਸ ਜੀ ਤੇ ਸੰਤ ਸੰਜੀਵ ਦਾਸ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਬਰਾਬਰੀ, ਪਿਆਰ, ਦਇਆ ਤੇ ਮਨੁੱਖਤਾ ਸਬੰਧੀ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਦਾ ਸੰਦੇਸ਼ ਸਾਂਝਾ ਕੀਤਾ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਡਾ. ਜਸਵੀਰ ਸਿੰਘ ਗੜ੍ਹੀ ਨੇ ਗੁਰੂ ਜੀ ਦੇ ਚਰਨਾਂ ’ਚ ਸ਼ਰਧਾ ਨਾਲ ਮੱਥਾ ਟੇਕਿਆ ਤੇ ਸੂਬੇ ਤੇ ਦੇਸ਼ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਇਹ ਸਮਾਗਮ ਸ਼ੁੱਕਰਵਾਰ ਤੱਕ ਜਾਰੀ ਰਹੇਗਾ, ਜਦੋਂ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਇਸ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਗੁਰੂ ਚਰਨਾਂ ’ਚ ਮੱਥਾ ਟੇਕਣਗੇ।
ਇਸ ਦੌਰਾਨ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੀਵਨ ਸਮਾਜ ਨੂੰ ਸਮਾਨਤਾ, ਭਾਈਚਾਰੇ ਤੇ ਸਮਾਜਿਕ ਨਿਆਂ ਦਾ ਮਾਰਗ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਅੱਜ ਵੀ ਓਨੀਆਂ ਹੀ ਪ੍ਰਸੰਗਿਕ ਹਨ ਜਿੰਨੀਆਂ ਉਸ ਸਮੇਂ ਸਨ ਤੇ ਸਾਨੂੰ ਆਪਸੀ ਸਦਭਾਵਨਾ, ਸਹਿਣਸ਼ੀਲਤਾ ਤੇ ਸੇਵਾ ਦੀ ਭਾਵਨਾ ਨਾਲ ਸਮਾਜ ਦੇ ਨਿਰਮਾਣ ’ਚ ਯੋਗਦਾਨ ਪਾਉਣਾ ਚਾਹੀਦਾ ਹੈ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੰਦੇਸ਼ ਜਾਤ-ਪਾਤ, ਭੇਦਭਾਵ ਤੇ ਊਚ-ਨੀਚ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਲ 2027 ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਪੁਰਬ ਇਤਿਹਾਸਕ ਤੇ ਵਿਸ਼ਾਲ ਪੱਧਰ ’ਤੇ ਮਨਾਇਆ ਜਾਵੇਗਾ। ਇਸੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ 649ਵੇਂ ਪ੍ਰਕਾਸ਼ ਪੁਰਬ ਦੇ ਮੌਕੇ ’ਤੇ 4 ਫਰਵਰੀ ਤੋਂ ਸਾਲ ਭਰ ਚੱਲਣ ਵਾਲੇ ਜਸ਼ਨਾਂ ਦੀ ਇਕ ਲੜੀ ਸ਼ੁਰੂ ਕੀਤੀ ਹੈ।
ਐੱਸਸੀ ਕਮਿਸ਼ਨ ਦੇ ਚੇਅਰਮੈਨ ਡਾ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਵਿਚਾਰਾਂ ਅਤੇ ਕਾਰਜਾਂ ਰਾਹੀਂ ਸਮਾਜ ਵਿੱਚ ਪ੍ਰਚੱਲਿਤ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਤੇ ਸਮਾਨਤਾ ਅਧਾਰਿਤ ਸਮਾਜ ਦੀ ਨੀਂਹ ਰੱਖੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਸਮਾਜਿਕ ਨਿਆਂ ਅਤੇ ਕਮਜ਼ੋਰ ਵਰਗਾਂ ਦੇ ਉਥਾਨ ਲਈ ਨਿਰੰਤਰ ਕੰਮ ਕਰ ਰਹੀ ਹੈ।
ਇਸ ਦੌਰਾਨ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਗਲਾ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐੱਸਐੱਸਪੀ ਸੰਦੀਪ ਮਲਿਕ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ, ਐੱਸਡੀਐੱਮ ਮੁਕੇਰੀਆਂ ਓਇਸ਼ੀ ਮੰਡਲ, ਐੱਸਡੀਐੱਮ ਗੜ੍ਹਸ਼ੰਕਰ ਸੰਜੀਵ ਕੁਮਾਰ, ਐੱਸਡੀਐੱਮ ਦਸੂਹਾ ਕੰਵਲਜੀਤ ਸਿੰਘ, ਐੱਸਡੀਐੱਮ ਟਾਂਡਾ ਲਵਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ ਤੋਂ ਇਲਾਵਾ ਹੋਰ ਸਿਵਲ ਅਤੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
ਸੰਖੇਪ:
