08 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਡਿਬਰੂਗੜ੍ਹ ਜੇਲ੍ਹ ‘ਚ ਬੰਦ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਭਾਬੀ ਲਵਜੀਤ ਕੌਰ ਨੂੰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਤੋਂ ਸੋਮਵਾਰ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਔਰਤ ਆਸਟ੍ਰੇਲੀਆ ਭੱਜਣ ਦੀ ਫ਼ਿਰਾਕ ‘ਚ ਸੀ ਤੇ ਕੁਝ ਦਿਨ ਪਹਿਲਾਂ ਹੀ ਆਪਣੀ ਸੱਸ ਹਰਜੀਤ ਕੌਰ ਦੀ ਮੌਤ ‘ਤੇ ਅਫਸੋਸ ਕਰਨ ਅੰਮ੍ਰਿਤਸਰ ਪਹੁੰਚੀ ਸੀ। ਬਟਾਲਾ ਪੁਲਿਸ ਵੱਲੋਂ ਲਵਜੀਤ ਕੌਰ ਨੂੰ ਕੁਝ ਦਿਨ ਪਹਿਲਾਂ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਰਾ ਬਰੀਆਰ ਦੀ ਹੱਤਿਆ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਸੀ।
ਜਾਣਕਾਰੀ ਮਿਲੀ ਹੈ ਕਿ ਕੁਝ ਦਿਨ ਪਹਿਲਾਂ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਤੇ ਉਸਦੇ ਰਿਸ਼ਤੇਦਾਰ ਕਰਮਵੀਰ ਸਿੰਘ ਦੀ ਗੋਲ਼ੀ ਮਾਰ ਕੇ ਹੱਤਿਆ ਕੀਤੀ ਗਈ ਸੀ। ਇਸ ਤੋਂ ਬਾਅਦ, ਜੱਗੂ ਦੇ ਭਰਾ ਮਨਦੀਪ ਸਿੰਘ ਦੀ ਪਤਨੀ ਲਵਜੀਤ ਕੌਰ ਸੱਸ ਦੀ ਮੌਤ ‘ਤੇ ਦੁੱਖ ਮਨਾਉਣ ਲਈ ਬਟਾਲਾ ਪਹੁੰਚੀ ਸੀ, ਜਿੱਥੇ ਪੁਲਿਸ ਵੱਲੋਂ ਉਸਦੇ ਖ਼ਿਲਾਫ਼ ਪਹਿਲਾਂ ਹੀ ਹੱਤਿਆ ਦੇ ਦੋਸ਼ ‘ਚ ਕੇਸ ਦਰਜ ਕੀਤਾ ਜਾ ਚੁੱਕਾ ਸੀ।
ਸੋਮਵਾਰ ਰਾਤ ਲਵਜੀਤ ਕੌਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ‘ਤੇ ਪਹੁੰਚੀ ਅਤੇ ਆਸਟ੍ਰੇਲੀਆ ਜਾਣ ਵਾਲੀ ਫਲਾਈਟ ਦਾ ਇੰਤਜ਼ਾਰ ਕਰ ਰਹੀ ਸੀ। ਇਸ ਤੋਂ ਪਹਿਲਾਂ ਪੁਲਿਸ ਦੋਸ਼ੀ ਦੇ ਖ਼ਿਲਾਫ਼ ਲੋਕੇਸ਼ਨ ਜਾਰੀ ਕਰਵਾ ਚੁੱਕੀ ਸੀ। ਏਅਰਪੋਰਟ ਅਥਾਰਟੀ ਨੇ ਉਸਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।
ਸੰਖੇਪ:-
ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਭਾਬੀ ਲਵਜੀਤ ਕੌਰ ਨੂੰ ਆਸਟ੍ਰੇਲੀਆ ਭੱਜਣ ਦੀ ਕੋਸ਼ਿਸ਼ ਦੌਰਾਨ ਅੰਮ੍ਰਿਤਸਰ ਏਅਰਪੋਰਟ ਤੋਂ ਗੈਂਗਸਟਰ ਗੋਰਾ ਬਰੀਆਰ ਦੀ ਹੱਤਿਆ ਮਾਮਲੇ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ।