ਸ੍ਰੀ ਅਨੰਦਪੁਰ ਸਾਹਿਬ, 14 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਡਾ. ਸਵਪਨਦੀਪ ਕੌਰ ਸਿਵਲ ਸਰਜਨ ਰੂਪਨਗਰ ਦੇ ਨਿਰਦੇਸ਼ਾਂ ਤਹਿਤ ਡਾ. ਜੰਗਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਦੀ ਅਗਵਾਈ ਹੇਠ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਅਧੀਨ ਪਿੰਡ ਖਮੇੜ੍ਹਾ ਅਤੇ ਮਥੁਰਾ ਵਿਖੇ ਅੱਜ ਮਮਤਾ ਦਿਵਸ ਤੇ ਪੀ. ਐਨ. ਡੀ. ਟੀ ਐਕਟ ਵਾਰੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਕੰਨਿਆ ਭਰੂਣ ਹੱਤਿਆ ਦੇ ਮੁੱਦੇ ਨੂੰ ਬੜੀ ਗੰਭੀਰਤਾ ਨਾਲ਼ ਵਿਚਾਰਿਆ ਗਿਆ ਅਤੇ ਇਸ ਵਿਸ਼ੇ ਤੇ ਖੁੱਲ੍ਹ ਕੇ ਚਰਚਾ ਕੀਤੀ ਗਈ।
ਡਾ. ਜੰਗਜੀਤ ਸਿਘ ਨੇ ਕਿਹਾ ਕਿ ਜਿਸ ਤਰਾਂ ਰੁੱਖ ਹਮੇਸ਼ਾ ਸਾਨੂੰ ਧੁੱਪ ਤੋਂ ਬਚਾਉਣ ਲਈ ਛਾਂ ਦਿੰਦੇ ਹਨ ਉਸੇ ਤਰਾਂ ਇੱਕ ਧੀ ਮਾਂ ਬਾਪ ਦੇ ਦੁੱਖ ਵਿੱਚ ਸਹਾਈ ਹੁੰਦੀ ਹੈ। ਉਹਨਾਂ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਕਿਹਾ ਕਿ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਮਿਸ਼ਨ ਨੂੰ ਅਸੀਂ ਤਾਂ ਹੀ ਪੂਰਾ ਕਰ ਸਕਦੇ ਹਾਂ ਜੇ ਬੇਟੀ ਮਾਂ ਦੀ ਕੁੱਖ ਵਿੱਚ ਸੁਰੱਖਿਅਤ ਹੋਏਗੀ, ਇਸ ਦੁਨੀਆਂ ਵਿੱਚ ਜਨਮ ਲਵੇਗੀ ਅਤੇ ਉਸ ਦੀ ਵਧੀਆ ਪਰਵਰਿਸ਼ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਬਦਲ ਗਿਆ ਹੈ ਅਤੇ ਲੜਕੀਆਂ ਹਰ ਖੇਤਰ ਵਿੱਚ ਲੜਕਿਆਂ ਤੋਂ ਅੱਗੇ ਹਨ। ਉਨ੍ਹਾਂ ਦੱਸਿਆ ਕਿ ਪੀ. ਐਨ. ਡੀ. ਟੀ ਐਕਟ ਵਾਰੇ ਦੱਸਦਿਆਂ ਉਹਨਾਂ ਕਿਹਾ ਕਿ ਇਸ ਐਕਟ ਤਹਿਤ ਮਾਂ ਦੇ ਕੁੱਖ ਵਿੱਚ ਪੱਲ਼ਦੇ ਬੱਚੇ ਦੇ ਲਿੰਗ ਦਾ ਪਤਾ ਲਗਾਉਣਾ ਕਨੂੰਨੀ ਅਪਰਾਧ ਹੈ ਜਿਸ ਤਹਿਤ ਸਖਤ ਸਜ਼ਾਵਾਂ ਦਾ ਪ੍ਰਵਧਾਨ ਹੈ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵਲ੍ਹੋਂ ਲਿੰਗ ਨਿਰਧਾਰਣ ਟੈਸਟ ਕਰਨ ਵਾਲ਼ੇ ਕੇਂਦਰਾਂ ਵਿਰੁੱਧ ਕਾਰਵਾਈ ਕਰਨ ਲਈ ਪੀ. ਸੀ. ਐਂਡ ਪੀ. ਐਨ. ਡੀ. ਟੀ ਐਕਟ ਦਰਜ਼ ਹੋਣ ਤੇ ਫਰਜ਼ੀ ਮਰੀਜ਼ ਨੂੰ ਇੱਕ ਲੱਖ ਰੁਪਏ ਅਤੇ ਸੂਚਨਾ ਦੇਣ ਵਾਲ਼ੇ ਨੂੰ ਪੰਜਾਹ ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਇਸ ਐਕਟ ਨੂੰ ਅਮਲੀ ਰੂਪ ਦੇਣ ਲਈ ਨਵੀਂ ਐਮ. ਟੀ. ਪੀ ਰਜਿਸਟ੍ਰੇਸ਼ਨ ਕਰਨ, ਜੇ. ਐਸ. ਐਸ. ਕੇ ਸਕੀਮ ਅਧੀਨ ਨਿੱਜੀ ਹਸਪਤਾਲ਼ਾਂ ਨੂੰ ਸੂਚੀਬੱਧ ਕਰਨਾ ਵੀ ਸ਼ਾਮਿਲ ਹੈ। ਜੋ ਵੀ ਇਸ ਐਕਟ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੈਲਥ ਇੰਸਪੈਕਟਰ ਬਲਵੰਤ ਰਾਏ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਇਸ ਸਮਾਜ ਵਿੱਚ ਉੱਤਮ ਦਰਜਾ ਦਿੱਤਾ ਹੈ। ਇਸ ਲਈ ਅਸੀਂ ਉਹਨਾਂ ਦੇ ਅਸਲੀ ਵਾਰਿਸ ਕਹਾਉਣ ਦੇ ਤਾਂ ਹੀ ਹੱਕਦਾਰ ਹੋਵਾਂਗੇ ਜੇ ਅਸੀਂ ਉਹਨਾਂ ਦੇ ਦੱਸੇ ਨਕਸ਼ੇ ਕਦਮਾਂ ਤੇ ਚੱਲਣ ਦਾ ਪ੍ਰਣ ਕਰਾਂਗੇ ਅਤੇ ਇਸ ਸਮਾਜ ਵਿੱਚੋਂ ਕੰਨਿਆ ਭਰੂਣ ਹੱਤਿਆ ਵਰਗੇ ਕਲੰਕ ਨੂੰ ਜੜ੍ਹੋਂ ਖਤਮ ਕਰਾਂਗੇ।
ਇਸ ਮੌਕੇ ਰਾਣੋ ਸੀ. ਐਚ. ਓ, ਰਜਨੀ ਦੇਵੀ, ਜਸਵੀਰ ਕੌਰ ਏ. ਐਮ. ਐਮ, ਨਰੇਸ਼ ਕੁਮਾਰ ਮਲਟੀਪਰਪਜ਼ ਹੈਲਥ ਵਰਕਰ, ਆਂਗਨਵਾੜੀ ਵਰਕਰ ਨਰੇਸ਼ ਕੁਮਾਰੀ, ਰਾਜ ਰਾਣੀ, ਅਮਨਦੀਪ ਕੌਰ ਸੀ. ਐਚ. ਓ, ਬਲਜੀਤ ਕੌਰ ਏ. ਐਨ. ਐਮ, ਬਲਜੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਆਸ਼ਾ ਵਰਕਰ ਆਸ਼ਾ ਦੇਵੀ, ਆਗਨਵਾੜੀ ਵਰਕਰ ਰੇਨੂੰ ਬਾਲਾ, ਆਂਗਨਵਾੜੀ ਵਰਕਰ ਅਨੂਪ ਕੌਰ ਆਦਿ ਹਾਜ਼ਰ ਸਨ।