ਰੂਪਨਗਰ, 9 ਫਰਵਰੀ (ਪੰਜਾਬੀ ਖ਼ਬਰਨਾਮਾ)
ਪੰਜਾਬ ਸਰਕਾਰ ਤੋਂ ਪ੍ਰਾਪਤ ਵਿੱਤੀ ਗ੍ਰਾਂਟ ਤਹਿਤ ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਤਿੰਨ ਰੋਜ਼ਾ ਕਿੱਤਾ ਅਗਵਾਈ ਅਤੇ ਕਾਉਂਸਲਿੰਗ ਵਰਕਸ਼ਾਪ ਲਗਾਈ ਜਾ ਰਹੀ ਹੈ ਜਿਸ ਦਾ ਉਦੇਸ਼ ਹੁਨਰ ਸੁਧਾਰ ਅਤੇ ਵਿਦਿਆਰਥੀ ਵਿਕਾਸ ਕਰਨਾ ਹੈ।
ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਵਰਕਸ਼ਾਪ ਦੀ ਰਸਮੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਤੋਂ ਪ੍ਰਾਪਤ ਹੋਈ ਵਿੱਤੀ ਗ੍ਰਾਂਟ ਨਾਲ ਵਿਦਿਆਰਥੀਆਂ ਲਈ ਕਿੱਤੇ ਨਾਲ ਸਬੰਧਤ ਸੈਮੀਨਾਰ, ਉਦਯੋਗਿਕ ਇਕਾਈਆਂ ਦੇ ਦੌਰੇ ਅਤੇ ਵਿਦਿਆਰਥੀਆਂ ਦੀ ਸਖ਼ਸ਼ੀਅਤ ਉਸਾਰੀ ਲਈ ਪੈਨਲ ਚਰਚਾ ਕਰਵਾਈ ਜਾਵੇਗੀ। ਕਰੀਅਰ ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ ਦੇ ਕਨਵੀਨਰ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ 250 ਵਿਦਿਆਰਥੀ ਭਾਗ ਲੈ ਰਹੇ ਹਨ।
ਵਰਕਸ਼ਾਪ ਦੇ ਪਹਿਲੇ ਸੈਸ਼ਨ ਵਿੱਚ ਮੁੱਖ ਵਕਤਾ ਗੁਰਵਿੰਦਰ ਕੌਰ ਸੋਹਲ, ਅਭਿਮਨਿਊ ਆਈ.ਏ.ਐੱਸ. ਦੇ ਫੈਕਲਟੀ ਮੈਂਬਰ ਨੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੇ ਪੇਪਰ ਅਤੇ ਸਿਲੇਬਸ ਬਾਰੇ ਜਾਣਕਾਰੀ ਦਿੱਤੀ ਅਤੇ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਲਈ ਪ੍ਰੇਰਿਤ ਵੀ ਕੀਤਾ।
ਦੂਜੇ ਸੈਸ਼ਨ ਵਿੱਚ ਅਭਿਮਨਿਊ ਆਈ.ਏ.ਐੱਸ. ਦੇ ਸੈਂਟਰ ਹੈੱਡ ਰਮੀਜ਼ ਮਿਰਜਾ ਨੇ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਸਬੰਧੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣਾ ਉਦੇਸ਼ ਮਿਥਣ ਅਤੇ ਉਸਨੂੰ ਪੂਰਾ ਕਰਨ ਲਈ ਲਗਨ ਅਤੇ ਮਿਹਨਤ ਕਰਨ ਤੇ ਜੋਰ ਦਿੱਤਾ। ਇਸ ਮੌਕੇ ਵਿਦਿਆਰਥੀਆਂ ਨੇ ਮੁੱਖ ਵਕਤਾ ਨਾਲ ਸਿਵਲ ਸੇਵਾਵਾਂ ਦੀ ਪ੍ਰੀਖਿਆਵਾਂ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ।
ਇਸ ਮੌਕੇ ਕਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਦੇ ਕਨਵੀਨਰ ਪ੍ਰੋ. ਅਰਵਿੰਦਰ ਕੌਰ, ਮੈਂਬਰ ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ, ਡਾ. ਦਲਵਿੰਦਰ ਸਿੰਘ, ਪ੍ਰੋ. ਸ਼ਮਿੰਦਰ ਕੌਰ, ਡਾ. ਅਨੂੰ ਸ਼ਰਮਾ, ਪ੍ਰੋ. ਡਿੰਪਲ ਧੀਰ, ਡਾ. ਹਰਪ੍ਰੀਤ ਕੌਰ, ਪ੍ਰੋ. ਕੁਲਦੀਪ ਕੌਰ, ਡਾ. ਨੀਰੂ ਚੋਪੜਾ, ਪ੍ਰੋ. ਰੀਨਾ ਰਾਣੀ, ਪ੍ਰੋ. ਪੂਜਾ ਵਰਮਾ, ਪ੍ਰੋ. ਰਣਦੀਪ ਸਿੰਘ ਅਤੇ ਪ੍ਰੋ. ਸੁਰਿੰਦਰ ਸਿੰਘ ਹਾਜ਼ਰ ਸਨ।