ਕੀਰਤਪੁਰ ਸਾਹਿਬ, 20 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): 17 ਮਈ ਤੋਂ ਸ਼ੁਰੂ ਹੋਏ ਵਿਸ਼ਵ ਹਾਈਪਰਟੈਨਸ਼ਨ ਜਾਗਰੂਕਤਾ ਮਹੀਨੇ ਦੌਰਾਨ ਪੀ.ਐੱਚ.ਸੀ, ਕੀਰਤਪੁਰ ਸਾਹਿਬ ਅਤੇ ਇਸ ਅਧੀਨ ਆਉਂਦੇ ਆਯੂਸ਼ਮਾਨ ਅਰੋਗਿਆ ਕੇਂਦਰਾਂ ਦੀ ਟੀਮ ਵੱਲੋਂ ਵੱਖ-ਵੱਖ ਥਾਂਵਾਂ ‘ਤੇ ਗ਼ੈਰ ਸੰਚਾਰੀ ਰੋਗਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਾਏ ਗਏ ਅਤੇ ਲੋਕਾਂ ਨੂੰ ਇਹਨਾਂ ਰੋਗਾਂ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ।
ਡਾ.ਜੰਗਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਉੱਚ ਰਕਤਚਾਪ ਨੂੰ “ਸਾਇਲੈਂਟ ਕਿੱਲਰ” ਕਿਹਾ ਜਾਂਦਾ ਹੈ ਕਿਉਂਕਿ ਆਮ ਤੌਰ ‘ਤੇ ਇਸਦੇ ਕੋਈ ਖ਼ਾਸ ਲੱਛਣ ਨਹੀਂ ਹੁੰਦੇ ਪਰ ਨਿਯਮਤ ਤੌਰ ‘ਤੇ ਸਵੇਰੇ ਦੇ ਸਮੇਂ ਸਿਰ ਦਰਦ, ਨੱਕ ‘ਚੋਂ ਖੂਨ ਆਉਣ, ਦਿਲ ਦੀ ਧੜਕਣ ਤੇਜ਼ ਹੋਣ, ਧੁੰਦਲਾ ਵਿਖਾਈ ਦੇਣ ਅਤੇ ਘਬਰਾਹਟ ਮਹਿਸੂਸ ਹੋਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭੋਜਨ ਵਿਚ ਨਮਕ ਦਾ ਘੱਟ ਇਸਤੇਮਾਲ, ਸੈਰ, ਕਸਰਤ ਅਤੇ ਯੋਗਾ ਬੀ.ਪੀ ਨੂੰ ਕਾਬੂ ਵਿਚ ਰੱਖਣ ਦਾ ਸੱਭ ਤੋਂ ਸਸਤਾ ਅਤੇ ਅਸਰਦਾਰ ਤਰੀਕਾ ਹੈ।
ਡਾ.ਜੰਗਜੀਤ ਸਿੰਘ ਨੇ ਦੱਸਿਆ ਕਿ ਡਾ. ਸਵਪਨਜੀਤ ਕੌਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਰੋਗ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫ਼ੈਲਾਉਣ ਦੇ ਉਦੇਸ਼ ਨਾਲ 17 ਜੂਨ ਤੱਕ ਵਿਸ਼ਵ ਹਾਈਪਰਟੈਨਸ਼ਨ ਜਾਗਰੂਕਤਾ ਮਹੀਨਾ ਮਨਾਇਆ ਜਾਵੇਗਾ। ਇਸ ਦੌਰਾਨ ਸਕੂਲ, ਕਾਲਜ, ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ‘ਤੇ ਜਾਗਰੂਕਤਾ ਭਾਸ਼ਣ ਤੋਂ ਇਲਾਵਾ ਪੋਸਟਰ ਮੇਕਿੰਗ ਮੁਕਾਬਲੇ, ਨੁੱਕੜ ਨਾਟਕ, ਜਾਗਰੂਕਤਾ ਰੈਲੀਆਂ ਕਰਵਾਉਣ ਦਾ ਸਿਲਸਿਲਾ ਜਾਰੀ ਰਹੇਗਾ।
ਉਹਨਾਂ ਦੱਸਿਆ ਕਿ ਹਾਈਪਰਟੈਨਸ਼ਨ ਜਾਗਰੂਕਤਾ ਮਹੀਨੇ ਦੀ ਸ਼ੁਰੂਆਤ ਵਿਸ਼ਵ ਹਾਈਪਰਟੈਨਸ਼ਨ ਦਿਵਸ ਮੌਕੇ ਗ਼ੈਰ ਸੰਚਾਰੀ ਰੋਗਾਂ ਦੀ ਜਾਂਚ ਲਈ ਲਗਾਏ ਗਏ ਕੈਂਪਾਂ ਨਾਲ ਹੋਈ। ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਜੀਓਵਾਲ ਵਿਖੇ ਬਲਾਕ ਪੱਧਰੀ ਕੈਂਪ ਲਗਾਇਆ ਗਿਆ। ਜਿਸ ਵਿਚ ਸੀ.ਐੱਚ.ਓ ਪੂਨਮ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਐੱਸ.ਐੱਮ.ਆਈ ਸਿਕੰਦਰ ਸਿੰਘ ਅਤੇ ਮਲਟੀਪਰਪਜ਼ ਹੈਲਥ ਵਰਕਰ ਕੁਲਵਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਰਤਿਕਾ ਓਬਰਾਏ ਬਲਾਕ ਐਜੂਕੇਟਰ ਨੇ ਦੱਸਿਆ ਕਿ ਆਯੂਸ਼ਮਾਨ ਅਰੋਗਿਆ ਕੇਂਦਰ ਗੱਗ, ਨਿੱਕੂ ਨੰਗਲ, ਲੰਮਲੈਹੜੀ, ਮਹਿਲਵਾਂ, ਕਥੇੜਾ, ਦੇਹਣੀ, ਗੰਗੂਵਾਲ, ਬੱਢਲ, ਅਗੰਮਪੁਰ, ਮਹਿਰੋਲੀ, ਗੋਹਲਣੀ, ਨੰਗਲੀ, ਮੋਜੋਵਾਲ, ਬੰਦਲੈਹੜੀ ਅਤੇ ਦੋਲੋਵਾਲ ਵਿਖੇ ਵੀ ਗ਼ੈਰ ਸੰਚਾਰੀ ਰੋਗਾਂ ਦੀ ਜਾਂਚ ਲਈ ਕੈਂਪ ਲਾਏ ਗਏ, ਜਿੱਥੇ ਸੀ.ਐੱਚ.ਓ ਰਵਨੀਤ ਕੌਰ, ਰਜਿੰਦਰ ਕੌਰ, ਅਮਨਦੀਪ ਕੌਰ, ਰਾਣੋ, ਪੂਨਮ, ਭਵਪ੍ਰੀਤ ਕੌਰ, ਬਬਨੀਤ ਰਾਜਪ੍ਰੀਤ ਕੌਰ, ਅਨੂਪ੍ਰੀਤ ਕੌਰ, ਅੰਜਨਾ, ਜਸਪ੍ਰੀਤ, ਅਰਵਿੰਦ ਕੌਰ, ਮਨਪ੍ਰੀਤ ਕੌਰ ਅਤੇ ਉਹਨਾਂ ਦੀ ਟੀਮ ਨੇ ਲੋਕਾਂ ਨੂੰ ਗ਼ੈਰ ਸੰਚਾਰੀ ਰੋਗਾਂ ਅਤੇ ਹਾਈ ਬੀ.ਪੀ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਗਰੂਕ ਕੀਤਾ।