ਨਵੀਂ ਦਿੱਲੀ 18 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤੀ ਟੀਮ ਲਈ ICC ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਦਾ ਰਸਤਾ ਕਾਫ਼ੀ ਮੁਸ਼ਕਲ ਹੋ ਗਿਆ ਹੈ। ਭਾਰਤ ਦੇ ਇਸ ਚੱਕਰ ਵਿੱਚ ਕੁੱਲ ਸੱਤ ਮੈਚ ਬਾਕੀ ਹਨ, ਜਿਨ੍ਹਾਂ ਵਿੱਚੋਂ ਦੋ ਮੁਕਾਬਲੇ ਨਿਊਜ਼ੀਲੈਂਡ ਖ਼ਿਲਾਫ਼ ਖੇਡਣੇ ਹਨ। ਜਦਕਿ ਬਾਕੀ ਪੰਜ ਮੈਚ ਘਰੇਲੂ ਮੈਦਾਨ ‘ਤੇ ਆਸਟ੍ਰੇਲੀਆ ਖ਼ਿਲਾਫ਼ ਹੋਣਗੇ। ਟੀਮ ਇੰਡੀਆ ਲਈ ਹੁਣ ਹਰ ਮੈਚ ਜਿੱਤਣਾ ਬੇਹੱਦ ਜ਼ਰੂਰੀ ਹੈ।
ਇਸ ਚੱਕਰ ਵਿੱਚ ਭਾਰਤ ਦਾ ਪ੍ਰਦਰਸ਼ਨ ਕਾਫ਼ੀ ਖ਼ਰਾਬ ਰਿਹਾ ਹੈ। ਟੀਮ ਨੇ 11 ਮੈਚਾਂ ਵਿੱਚੋਂ ਸਿਰਫ਼ ਪੰਜ ਮੁਕਾਬਲੇ ਜਿੱਤੇ ਹਨ। ਉੱਥੇ ਹੀ ਚਾਰ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਦਕਿ ਦੋ ਮੈਚ ਡਰਾਅ ਰਹੇ ਹਨ। ਭਾਰਤੀ ਟੀਮ ਇਸ ਸਮੇਂ 51.52 ਅੰਕ ਪ੍ਰਤੀਸ਼ਤ (PCT) ਨਾਲ ਚੌਥੇ ਸਥਾਨ ‘ਤੇ ਹੈ।
ਸਾਰੇ ਮੈਚ ਜਿੱਤਣ ਦੇ ਬਾਵਜੂਦ ਫਾਈਨਲ ‘ਚ ਜਗ੍ਹਾ ਪੱਕੀ ਨਹੀਂ
ਜੇਕਰ ਭਾਰਤ ਇੱਥੋਂ ਆਪਣੇ ਸਾਰੇ ਸੱਤ ਮੁਕਾਬਲੇ ਜਿੱਤ ਲੈਂਦਾ ਹੈ ਤਾਂ ਵੀ ਫਾਈਨਲ ਵਿੱਚ ਉਸ ਦੀ ਜਗ੍ਹਾ ਪੱਕੀ ਨਹੀਂ ਹੋਵੇਗੀ।
ਮੰਨ ਲਓ ਕਿ ਭਾਰਤ ਨੂੰ ਓਵਰ ਰੇਟ ਕਾਰਨ ਅੰਕਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਉਹ ਸਾਰੇ ਮੈਚ ਜਿੱਤ ਲੈਂਦਾ ਹੈ ਤਾਂ ਉਸ ਦਾ ਅੰਕ ਪ੍ਰਤੀਸ਼ਤ 70.37 ਹੋ ਜਾਵੇਗਾ।
ਦੂਜੇ ਪਾਸੇ ਨਿਊਜ਼ੀਲੈਂਡ ਪਹਿਲਾਂ ਹੀ 72.22 ਅੰਕ ਪ੍ਰਤੀਸ਼ਤ ਨਾਲ ਪਹਿਲੇ ਸਥਾਨ ‘ਤੇ ਹੈ। ਦੱਖਣੀ ਅਫ਼ਰੀਕਾ 71.42 ਅੰਕ ਪ੍ਰਤੀਸ਼ਤ ਨਾਲ ਦੂਜੇ ਅਤੇ ਆਸਟ੍ਰੇਲੀਆ 69.23 ਅੰਕ ਪ੍ਰਤੀਸ਼ਤ ਨਾਲ ਤੀਜੇ ਸਥਾਨ ‘ਤੇ ਹੈ।
ਇਨ੍ਹਾਂ ਸਾਰੀਆਂ ਟੀਮਾਂ ਦਾ ਅੰਕ ਪ੍ਰਤੀਸ਼ਤ ਭਾਰਤ ਨਾਲੋਂ ਬਿਹਤਰ ਹੈ। ਅਜਿਹੇ ਵਿੱਚ ਭਾਰਤ ਨੂੰ ਆਪਣੇ ਸਾਰੇ ਮੈਚ ਜਿੱਤਣੇ ਪੈਣਗੇ। ਇਸ ਦੇ ਨਾਲ ਹੀ ਉਸ ਨੂੰ ਇਹ ਵੀ ਉਮੀਦ ਕਰਨੀ ਪਵੇਗੀ ਕਿ ਦੱਖਣੀ ਅਫ਼ਰੀਕਾ ਅਤੇ ਆਸਟ੍ਰੇਲੀਆ ਆਪਣੇ ਮੁਕਾਬਲੇ ਹਾਰਨ ਅਤੇ ਉਨ੍ਹਾਂ ਦੇ ਅੰਕ ਪ੍ਰਤੀਸ਼ਤ ਵਿੱਚ ਗਿਰਾਵਟ ਆਵੇ।
ਜੇਕਰ ਭਾਰਤ ਨਿਊਜ਼ੀਲੈਂਡ ਵਿੱਚ ਦੋਵੇਂ ਟੈਸਟ ਮੈਚ ਹਾਰ ਜਾਂਦਾ ਹੈ ਤਾਂ ਉਹ ਆਸਟ੍ਰੇਲੀਆ ਨੂੰ ਘਰੇਲੂ ਮੈਦਾਨ ‘ਤੇ 5-0 ਨਾਲ ਹਰਾਉਣ ਦੇ ਬਾਵਜੂਦ ਵੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਨਹੀਂ ਕਰ ਸਕੇਗਾ।
ਇਸ ਲਈ ਭਾਰਤ ਲਈ ਨਿਊਜ਼ੀਲੈਂਡ ਸੀਰੀਜ਼ ਬੇਹੱਦ ਅਹਿਮ ਹੈ। ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਜਿਊਂਦੀਆਂ ਰੱਖਣ ਲਈ ਉਸ ਨੂੰ ਦੋਵੇਂ ਮੁਕਾਬਲੇ ਜਿੱਤਣੇ ਬਹੁਤ ਜ਼ਰੂਰੀ ਹਨ।
19 ਨਵੰਬਰ ਤੋਂ ਸ਼ੁਰੂ ਹੋਵੇਗੀ ਸੀਰੀਜ਼
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦੀ ਸ਼ੁਰੂਆਤ ਵੀਰਵਾਰ 19 ਨਵੰਬਰ ਤੋਂ ਵੈਲਿੰਗਟਨ ਵਿੱਚ ਹੋਵੇਗੀ। ਸ਼ੁਭਮਨ ਗਿੱਲ ਦੀ ਅਗਵਾਈ ਵਿੱਚ ਭਾਰਤੀ ਟੀਮ ਟੈਸਟ ਸੀਰੀਜ਼ ਆਪਣੇ ਨਾਮ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ।
ਗਿੱਲ ਤੋਂ ਇਲਾਵਾ ਜਸਪ੍ਰੀਤ ਬੁਮਰਾਹ, ਰਿਸ਼ਭ ਪੰਤ, ਕੇਐੱਲ ਰਾਹੁਲ ਅਤੇ ਮੁਹੰਮਦ ਸਿਰਾਜ ਵਰਗੇ ਤਜਰਬੇਕਾਰ ਖਿਡਾਰੀਆਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਜੇਕਰ ਭਾਰਤ ਨੂੰ ਸੀਰੀਜ਼ ਜਿੱਤਣੀ ਹੈ ਤਾਂ ਇਨ੍ਹਾਂ ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ ਕਰਨਾ ਬੇਹੱਦ ਜ਼ਰੂਰੀ ਹੋਵੇਗਾ।
ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ
ਭਾਰਤ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਸਾਈ ਸੁਦਰਸ਼ਨ, ਦੇਵਦੱਤ ਪਡਿੱਕਲ, ਕੇਐੱਲ ਰਾਹੁਲ, ਧਰੁਵ ਜੁਰੇਲ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਰਿਸ਼ਭ ਪੰਤ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਅੰਸ਼ੁਲ ਕੰਬੋਜ, ਆਕਾਸ਼ ਦੀਪ ਅਤੇ ਗੁਰਨੂਰ ਬਰਾੜ।
ਨਿਊਜ਼ੀਲੈਂਡ : ਟੌਮ ਲੈਥਮ (ਕਪਤਾਨ), ਡੇਵੋਨ ਕੌਨਵੇ, ਹੈਨਰੀ ਨਿਕੋਲਸ, ਰਚਿਨ ਰਵਿੰਦਰਾ, ਡੈਰਿਲ ਮਿਚੇਲ, ਟੌਮ ਬਲੰਡਲ (ਵਿਕਟਕੀਪਰ), ਗਲੇਨ ਫਿਲਿਪਸ, ਨਾਥਨ ਸਮਿਥ, ਮੈਟ ਹੈਨਰੀ, ਕਾਇਲ ਜੈਮੀਸਨ, ਜੈਕਬ ਡਫੀ, ਬਲੇਅਰ ਟਿਕਨਰ, ਡੀਨ ਫੌਕਸਕ੍ਰਾਫਟ ਅਤੇ ਵਿਲ ਯੰਗ।
