ਚੰਡੀਗੜ੍ਹ, 07 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਇੱਛੁਕ ਹਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਖੁਦ ਉਨ੍ਹਾਂ (ਸੁਖਬੀਰ) ਦੇ ਮੁਕਾਬਲੇ ਚੋਣ ਲੜਨਗੇ। ਉਨ੍ਹਾਂ ਦਾ ਇਹ ਬਿਆਨ ਸਪੱਸ਼ਟ ਕਰਦਾ ਹੈ ਕਿ ਉਹ ਕੌਮੀ ਰਾਜਨੀਤੀ ਦੀ ਬਜਾਏ ਸੂਬੇ ਦੀ ਰਾਜਨੀਤੀ ਕਰਨ ਵਿਚ ਦਿਲਚਸਪੀ ਰੱਖਦੇ ਹਨ। ਸੂਤਰ ਦੱਸਦੇ ਹਨ ਕਿ ਕਾਂਗਰਸ ਦੇ ਤਿੰਨ-ਚਾਰ ਹੋਰ ਆਗੂ, ਜੋ ਆਮ ਚੋਣਾਂ ਵਿਚ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ, ਮੁੜ ਪੰਜਾਬ ’ਚ ਚੋਣ ਲੜਨ ਦੇ ਇੱਛੁਕ ਹਨ। ਸੂਤਰ ਦੱਸਦੇ ਹਨ ਕਿ ਕਾਂਗਰਸੀ ਆਗੂਆਂ ਵਿਚ ਮੁੱਖ ਮੰਤਰੀ ਬਣਨ ਦੀ ਦੌੜ ਲੱਗੀ ਹੋਈ ਹੈ ਜਿਸ ਕਰ ਕੇ ਆਗੂਆਂ ਨੇ ਆਪਣੇ ਪੱਧਰ ’ਤੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਉਭਾਰਨਾ ਸ਼ੁਰੂ ਕੀਤਾ ਹੋਇਆ ਹੈ।

ਵੜਿੰਗ ਨੇ ਇਕ ਬਿਆਨ ਵਿਚ ਸੁਖਬੀਰ ਵੱਲੋਂ ਗਿੱਦੜਬਾਹਾ ਤੋਂ ਅਗਲੀ ਵਿਧਾਨ ਸਭਾ ਚੋਣ ਲੜਨ ਦੇ ਐਲਾਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਜੇਕਰ ਸੁਖਬੀਰ ਨੂੰ ਇੰਨਾ ਹੀ ਭਰੋਸਾ ਹੈ ਤਾਂ ਉਹ ਲੰਬੀ ਅਤੇ ਜਲਾਲਾਬਾਦ ਵਰਗੇ ਹੋਰ ਹਲਕਿਆਂ ਦੀ ਬਜਾਏ ਸਿਰਫ਼ ਗਿੱਦੜਬਾਹਾ ਤੋਂ ਹੀ ਚੋਣ ਲੜਨ। ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਅਕਾਲੀ ਦਲ ਦੀ ਕਾਰਗੁਜ਼ਾਰੀ ਬਾਰੇ ਸੁਖਬੀਰ ਦੇ ਗੁਮਰਾਹਕੁੰਨ ਦਾਅਵਿਆਂ ’ਤੇ ਤੰਜ਼ ਕੱਸਿਆ। ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਵਿਚ ਕੁਝ ਸੀਟਾਂ ਤੋਂ ਇਲਾਵਾ ਸੂਬੇ ਵਿਚ ਅਕਾਲੀ ਦਲ ਦਾ ਸਫਾਇਆ ਹੋ ਗਿਆ। ਇੱਥੋਂ ਤੱਕ ਕਿ 11 ਜ਼ਿਲ੍ਹਿਆਂ ਵਿਚ ਅਕਾਲੀ ਦਲ ਖਾਤਾ ਵੀ ਨਹੀਂ ਖੋਲ੍ਹ ਸਕਿਆ। ਫਿਰ ਵੀ ਸੁਖਬੀਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਚੋਣਾਂ ਵਿਚ ਦੂਜੇ ਨੰਬਰ ’ਤੇ ਰਹੀ।

ਵੜਿੰਗ ਨੇ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਜੇਕਰ ਅਕਾਲੀ ਦਲ ਦੀ ਕਾਰਗੁਜ਼ਾਰੀ ਐਨੀ ਸ਼ਾਨਦਾਰ ਹੈ ਤਾਂ ਫਿਰ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਨ ਲਈ ਇੰਨੇ ਉਤਾਵਲੇ ਕਿਉਂ ਹਨ, ਜਦਕਿ ਭਾਜਪਾ ਰੋਜ਼ਾਨਾ ਅਕਾਲੀਆਂ ਦੀਆਂ ਪੇਸ਼ਕਸ਼ਾਂ ਨੂੰ ਠੁਕਰਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਮਨਰੇਗਾ ਦੇ ਮੁੱਦੇ ’ਤੇ ਵੀ ਪਿੱਛੇ ਹਟ ਗਏ ਹਨ। ਸੰਸਦ ਵਿਚ ਅਕਾਲੀ ਦਲ ਦੀ ਇਕਲੌਤੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮਨਰੇਗਾ ਖ਼ਤਮ ਕਰਨ ਦੇ ਵਿਰੋਧ ਵਿਚ ਵਿਰੋਧੀ ਧਿਰਾਂ ਦਾ ਸਾਥ ਦਿੱਤਾ ਸੀ, ਲੇਕਿਨ ਕੁਝ ਸਮੇਂ ਬਾਅਦ ਹੀ ਭਾਜਪਾ ਨੂੰ ਨਾਰਾਜ਼ ਕਰਨ ਦੇ ਡਰ ਨਾਲ ਪਾਰਟੀ ਪਿੱਛੇ ਹਟ ਗਈ।

ਵੜਿੰਗ ਨੇ ਸੁਖਬੀਰ ਬਾਦਲ ਨੂੰ ਭਾਜਪਾ ਨਾਲ ਗੱਠਜੋੜ ਕਰਨ ਦੇ ਆਪਣੇ ਏਜੰਡੇ ਬਾਰੇ ਸਥਿਤੀ ਸਪੱਸ਼ਟ ਕਰਨ ਅਤੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ, ਚੰਡੀਗੜ੍ਹ ਪੰਜਾਬ ਨੂੰ ਦੇਣ ਅਤੇ ਮਨਰੇਗਾ ਮੁੱਦੇ ਉਤੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ।

ਸੰਖੇਪ:
ਵੜਿੰਗ ਨੇ ਅਗਲੀ ਵਿਧਾਨ ਸਭਾ ਚੋਣਾਂ ’ਚ ਗਿੱਦੜਬਾਹਾ ਤੋਂ ਸੁਖਬੀਰ ਬਾਦਲ ਦੇ ਮੁਕਾਬਲੇ ਖ਼ੁਦ ਚੋਣ ਲੜਨ ਦੀ ਚੁਣੌਤੀ ਦਿੰਦਿਆਂ ਅਕਾਲੀ ਦਲ ਦੀ ਕਾਰਗੁਜ਼ਾਰੀ ਅਤੇ ਭਾਜਪਾ ਨਾਲ ਗੱਠਜੋੜ ’ਤੇ ਸਵਾਲ ਖੜੇ ਕੀਤੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।