ਨਵੀਂ ਦਿੱਲੀ, 30 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ (FDTL) ਨਿਯਮਾਂ ਕਾਰਨ ਪੈਦਾ ਹੋਏ ਇੰਡੀਗੋ ਸੰਕਟ ਤੋਂ ਬਾਅਦ ਐਵੀਏਸ਼ਨ ਇੰਡਸਟਰੀ ਵਿੱਚ ਤਜਰਬੇਕਾਰ ਪਾਇਲਟਾਂ ਦੀ ਲੋੜ ਵਧ ਗਈ ਹੈ। ਇਸ ਨੂੰ ਲੈ ਕੇ ਇੰਡੀਗੋ ਅਤੇ ਏਅਰ ਇੰਡੀਆ ਵਿਚਾਲੇ ਖਿੱਚੋਤਾਣ ਸ਼ੁਰੂ ਹੋ ਗਈ ਹੈ। ‘ਟਾਈਮਜ਼ ਆਫ਼ ਇੰਡੀਆ’ ਦੀ ਇੱਕ ਰਿਪੋਰਟ ਅਨੁਸਾਰ, ਸਖ਼ਤ ਸੁਰੱਖਿਆ ਨਿਯਮਾਂ ਕਾਰਨ ਪਾਇਲਟਾਂ ਦੀ ਉਪਲਬਧਤਾ ਵਿੱਚ ਭਾਰੀ ਕਮੀ ਆਈ ਹੈ, ਜਿਸ ਕਾਰਨ ਇੰਡੀਗੋ ਅਤੇ ਏਅਰ ਇੰਡੀਆ ਗਰੁੱਪ ਵਿਚਕਾਰ ਨਵੀਂ ਭਰਤੀ ਅਤੇ ਪੁਰਾਣੇ ਮੁਲਾਜ਼ਮਾਂ ਨੂੰ ਬਰਕਰਾਰ ਰੱਖਣ ਲਈ ਜ਼ਬਰਦਸਤ ਮੁਕਾਬਲਾ ਸ਼ੁਰੂ ਹੋ ਗਿਆ ਹੈ।
ਦੂਜੇ ਪਾਸੇ, ਇੰਡੀਗੋ ਨੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੂੰ ਭਰੋਸਾ ਦਿੱਤਾ ਹੈ ਕਿ ਅਜਿਹੀ ਗੜਬੜ ਦੁਬਾਰਾ ਨਾ ਹੋਵੇ, ਇਸ ਲਈ ਉਹ ਸਟਾਫ ਦੀ ਭਰਤੀ ਵਿੱਚ ਵੱਡਾ ਵਾਧਾ ਕਰੇਗੀ। ਇਸ ਤਹਿਤ ਜਨਵਰੀ ਵਿੱਚ ਹੀ ਲਗਪਗ 100 ਪਾਇਲਟਾਂ ਨੂੰ ਭਰਤੀ ਕਰਨ ਦੀ ਯੋਜਨਾ ਹੈ।
ਏਅਰ ਇੰਡੀਆ ਨੇ ਵੀ ਕੱਢੀਆਂ ਅਸਾਮੀਆਂ
ਏਅਰ ਇੰਡੀਆ ਨੇ ਵੀ ਆਪਣੇ ਫਲਾਈਟ ਆਪਰੇਸ਼ਨ ਨੂੰ ਬਿਹਤਰ ਬਣਾਉਣ ਅਤੇ ਕਾਕਪਿਟ ਰੈਂਕ ਨੂੰ ਮਜ਼ਬੂਤ ਕਰਨ ਲਈ ਭਰਤੀ ਦੇ ਇਸ਼ਤਿਹਾਰ ਕੱਢੇ ਹਨ ਹਾਲਾਂਕਿ ਅਸਲੀ ਚੁਣੌਤੀ ਨਵੀਂ ਭਰਤੀ ਦੀ ਨਹੀਂ ਬਲਕਿ ਕੈਪਟਨਾਂ ਦੇ ਅਸਤੀਫ਼ਿਆਂ ਦੀ ਹੈ। ਦਰਅਸਲ ਦੋਵੇਂ ਏਅਰਲਾਈਨਾਂ ਕੈਪਟਨਾਂ ਦੇ ਲਗਾਤਾਰ ਅਸਤੀਫ਼ਿਆਂ ਨਾਲ ਜੂਝ ਰਹੀਆਂ ਹਨ, ਜਿੱਥੇ ਪਾਇਲਟ ਜਾਂ ਤਾਂ ਘਰੇਲੂ ਕੰਪਨੀਆਂ ਵਿਚਕਾਰ ਸਵਿਚ ਕਰ ਰਹੇ ਹਨ ਜਾਂ ਵਿਦੇਸ਼ੀ ਏਅਰਲਾਈਨਾਂ ਲਈ ਭਾਰਤ ਛੱਡ ਕੇ ਜਾ ਰਹੇ ਹਨ।
ਕੈਪਟਨਾਂ ਨੂੰ ਰੋਕਣਾ ਵੱਡੀ ਚੁਣੌਤੀ
ਅਜਿਹੀ ਸਥਿਤੀ ਵਿੱਚ ਕੰਪਨੀਆਂ ਨਵੀਂ ਭਰਤੀ ਦੇ ਨਾਲ-ਨਾਲ ਮੌਜੂਦਾ ਪਾਇਲਟਾਂ ਨੂੰ ਆਪਣੇ ਨਾਲ ਜੋੜੀ ਰੱਖਣ ‘ਤੇ ਧਿਆਨ ਦੇ ਰਹੀਆਂ ਹਨ। ਇਸੇ ਲਈ ਦੋਵੇਂ ਏਅਰਲਾਈਨਾਂ ਆਪਣੇ ਪਾਇਲਟਾਂ ਨੂੰ ਆਕਰਸ਼ਕ ਪੇਸ਼ਕਸ਼ਾਂ ਦੇ ਰਹੀਆਂ ਹਨ। ਦੋ ਵੱਡੀਆਂ ਏਅਰਲਾਈਨਾਂ ਵਿੱਚੋਂ ਇੱਕ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੈਪਟਨਾਂ ਨੂੰ ਪਹਿਲਾਂ ਹੀ ਬਿਨਾਂ ਮੰਗੇ ਕਾਲਾਂ ਆ ਰਹੀਆਂ ਹਨ, ਜਿਨ੍ਹਾਂ ਵਿੱਚ 50 ਲੱਖ ਰੁਪਏ ਤੱਕ ਦਾ ਜੁਆਇਨਿੰਗ ਬੋਨਸ ਆਫਰ ਕੀਤਾ ਜਾ ਰਿਹਾ ਹੈ।
ਅਧਿਕਾਰੀ ਨੇ ਕਿਹਾ, “ਅਸੀਂ ਕੈਪਟਨ ਕਿੱਥੋਂ ਲਿਆਵਾਂਗੇ? ਨਵੇਂ FDTL ਨਿਯਮਾਂ ਦੇ ਤਹਿਤ, ਤਜਰਬੇਕਾਰ ਪਾਇਲਟਾਂ ਦੀ ਕਮੀ ਹੋਰ ਵੀ ਗੰਭੀਰ ਹੋ ਜਾਵੇਗੀ। ਦੂਜੀਆਂ ਏਅਰਲਾਈਨਾਂ ਦੇ ਪਾਇਲਟਾਂ ਨੂੰ ਤੋੜਨ (ਹਾਇਰ ਕਰਨ) ਦਾ ਕੰਮ ਹੋਰ ਤੇਜ਼ ਹੋਵੇਗਾ।”
ਇਹ ਪਹਿਲੀ ਵਾਰ ਨਹੀਂ ਹੋਇਆ ਹੈ। ਇੱਕ ਸੀਨੀਅਰ ਪਾਇਲਟ ਅਨੁਸਾਰ, ਇੰਡੀਗੋ ਨੇ ਪਹਿਲਾਂ ਵੀ ਤਜਰਬੇਕਾਰ ਪਾਇਲਟਾਂ ਨੂੰ ਉਨ੍ਹਾਂ ਦੇ ਪੁਰਾਣੇ ਮਾਲਕਾਂ ਨੂੰ ਦਿੱਤੇ ਜਾਣ ਵਾਲੇ ‘ਬਾਂਡ ਪੇਮੈਂਟ’ ਦੀ ਭਰਪਾਈ ਲਈ ਜੁਆਇਨਿੰਗ ਬੋਨਸ ਦਿੱਤਾ ਸੀ। ਉਸ ਸਮੇਂ ਇਹ ਇਨਸੈਂਟਿਵ 15 ਲੱਖ ਤੋਂ 25 ਲੱਖ ਰੁਪਏ ਦੇ ਵਿਚਕਾਰ ਸਨ, ਜਦੋਂ ਕਿ ਬਾਂਡ ਦੀ ਰਕਮ ਆਮ ਤੌਰ ‘ਤੇ 5 ਲੱਖ ਤੋਂ 15 ਲੱਖ ਰੁਪਏ ਹੁੰਦੀ ਸੀ।
