ਸ੍ਰੀ ਮੁਕਤਸਰ ਸਾਹਿਬ, 28 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ‘ਵਿਕਸਿਤ ਖੇਤੀ ਸੰਕਲਪ ਅਭਿਆਨ’ ਦੀ ਸਫ਼ਲ ਤਰੀਕੇ ਨਾਲ ਸ਼ੁਰੂਆਤ ਅਤੇ ਕਾਰਗੁਜ਼ਾਰੀ ਲਈ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੀ ਅਗਵਾਈ ਮੁੱਖ ਖੇਤੀਬਾੜੀ ਅਫ਼ਸਰ ਸ. ਕਰਨਜੀਤ ਸਿੰਘ ਗਿੱਲ ਨੇ ਕੀਤੀ।
ਮੀਟਿੰਗ ਦੌਰਾਨ ਡਾ: ਕਰਨਜੀਤ ਸ਼ਰਮਾਂ, ਐਸੋਸੀਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਗੋਨਿਆਣਾ, ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਹ ਅਭਿਆਨ 29 ਮਈ ਤੋਂ 12 ਜੂਨ 2025 ਤੱਕ ਜ਼ਿਲ੍ਹੇ ਵਿੱਚ ਕਰਵਾਇਆ ਜਾਵੇਗਾ। ਇਸ ਰਾਹੀਂ ਖੇਤੀਬਾੜੀ ਸਬੰਧੀ ਸਮੱਸਿਆਵਾਂ ਨੂੰ ਪਛਾਣ ਕੇ ਉਨ੍ਹਾਂ ਦਾ ਵਿਗਿਆਨਕ ਹੱਲ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ। ਮੀਟਿੰਗ ਦੌਰਾਨ ਅਭਿਆਨ ਨੂੰ ਲਾਗੂ ਕਰਨ ਲਈ ਵਿਸਥਾਰਪੂਰਵਕ ਜ਼ਿਲ੍ਹਾ ਪੱਧਰੀ ਐਕਸ਼ਨ ਪਲਾਨ ਤਿਆਰ ਕੀਤਾ ਗਿਆ, ਜਿਸ ਵਿੱਚ ਕੈਂਪਾਂ ਦੀ ਰੂਪ ਰੇਖਾ, ਵਿਭਾਗੀ ਭੂਮਿਕਾਵਾਂ, ਜਾਣਕਾਰੀ ਪ੍ਰਸਾਰ ਮਾਧਿਅਮ ਅਤੇ ਪਿੰਡ ਪੱਧਰ ਸਰਗਰਮੀਆਂ ਦੀ ਯੋਜਨਾ ਬਣਾਈ ਗਈ।
ਡਾ: ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਰਾਹੀਂ ਪਿੰਡ ਪੱਧਰ ’ਤੇ ਫੀਲਡ ਕੈਂਪ, ਮਿੱਟੀ ਸਿਹਤ, ਪਾਣੀ ਬਚਾਅ, ਫਸਲ ਚੱਕਰ, ਸਰਕਾਰੀ ਸਕੀਮਾਂ ਅਤੇ ਨਵੀਂਆਂ ਤਕਨੀਕਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਜਿਸ ਨਾਲ ਕਿਸਾਨ ਖੁਦ ਨੂੰ ਵਿਗਿਆਨਕ ਖੇਤੀ ਦੀ ਦਿਸ਼ਾ ਵੱਲ ਲੈ ਜਾ ਸਕਣ। ਇਹ ਕੈਂਪ ਖਾਸ ਕਰਕੇ ਸਾਉਣੀ ਦੀਆਂ ਫ਼ਸਲਾਂ ਨੂੰ ਧਿਆਨ ਵਿੱਚ ਰੱਖ ਕੇ ਲਗਾਏ ਜਾ ਰਹੇ ਹਨ।
ਡਾ: ਚਰਨਜੀਤ ਸਿੰਘ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਨੇ ਵੀ ਇਸ ਅਭਿਆਨ ਦੀ ਲੋੜ ਤੇ ਲਾਭਾਂ ਬਾਰੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਮੁਹਿੰਮ ਨਰਮੇਂ ਦੀ ਫ਼ਸਲ ਵਿਚ ਆ ਰਹੀਆਂ ਸਮੱਸਿਆਵਾਂ ਲਈ ਵਿਸ਼ੇਸ਼ ਤੌਰ ’ਤੇ ਲਾਭਕਾਰੀ ਹੋਵੇਗੀ।
ਮੀਟਿੰਗ ਵਿੱਚ ਖੇਤੀਬਾੜੀ ਵਿਭਾਗ, ਕੇ.ਵੀ.ਕੇ., ਵੱਖ-ਵੱਖ ਸਹਾਇਕ ਵਿਭਾਗਾਂ ਦੇ ਅਫ਼ਸਰ ਅਤੇ ਮਾਹਿਰਾਂ ਨੇ ਭਾਗ ਲਿਆ। ਸਾਰੇ ਕਿਸਾਨ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਕੈਂਪਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਤਾਂ ਜੋ ਵਿਗਿਆਨਿਕ ਜਾਣਕਾਰੀ ਅਤੇ ਸਹਾਇਤਾ ਦਾ ਲਾਭ ਉਠਾਇਆ ਜਾ ਸਕੇ।