ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਿਰੋਜ਼ਪੁਰ
ਜਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕ ਤੇ ਰੇਬੀਜ਼ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਸ਼ੁਰੂ
ਆਮ ਆਦਮੀ ਕਲੀਨਿਕ ਖਾਈ ਫੇਮੇ ਕੇ ਵਿਖੇ ਹਲਕਾਅ ਦੀ ਬਿਮਾਰੀ ਬਾਰੇ ਕੀਤਾ ਜਾਗਰੂਕ
ਫ਼ਿਰੋਜ਼ਪੁਰ 24 ਜੁਲਾਈ (ਪੰਜਾਬੀ ਖਬਰਨਾਮਾ ਬਿਊਰੋ) ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਦੀ ਟੀਮ ਵਲੋ ਆਮ ਆਦਮੀ ਕਲੀਨਿਕ ਖਾਈ ਫੇਮੇ ਕਿ ਵਿਖੇ ਆਮ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਪ੍ਰਤੀ ਸੁਚੇਤ ਕਰਨ ਲਈ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਸੀਨੀਅਰ ਮੈਡੀਕਲ ਅਫ਼ਸਰ ਡਾ ਰਾਜੂ ਚੌਹਾਨ ਨੇ ਕਿਹਾ ਕੀ ਜਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕ ਵਿਖੇ ਹਲਕਾਅ ਦੀ ਬਿਮਾਰੀ ਦੀ ਵੈਕਸੀਨ ਲਗਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਹਲਕਾਅ ਦੀ ਬਿਮਾਰੀ ਕੁੱਤੇ ਤੋਂ ਇਲਾਵਾ ਬਿੱਲੀ ਜਾਂ ਕਿਸੇ ਹੋਰ ਜਾਨਵਰ ਦੇ ਕੱਟਣ ਨਾਲ ਹੋਣ ਦਾ ਖਤਰਾ ਹੁੰਦਾ ਹੈ, ਜੋ ਵਾਇਰਸ ਨਾਲ ਫੈਲਣ ਵਾਲਾ ਇਕ ਬੇਹੱਦ ਗੰਭੀਰ ਰੋਗ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਦੇਸ਼ ਵਿੱਚ ਲਗਭਗ ਹਜ਼ਾਰਾਂ ਲੋਕਾਂ ਦੀ ਰੇਬੀਜ਼ ਦੀ ਲਾਗ ਕਾਰਨ ਮੌਤ ਹੋ ਜਾਂਦੀ ਹੈ ਅਤੇ ਰੇਬੀਜ਼ ਤੋਂ ਬਚਾਅ ਲਈ ਟੀਕਾਕਰਨ ਹੀ ਇੱਕਮਾਤਰ ਉਪਾਅ ਹੈ।
ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਰੇਬੀਜ਼ ਇਕ ਅਜਿਹਾ ਵਾਇਰਸ ਲਾਗ ਹੈ, ਜੋ ਆਮ ਤੌਰ ‘ਤੇ ਸੰਕ੍ਰਮਤ ਜਾਨਵਰਾਂ ਦੇ ਕੱਟਣ ਨਾਲ ਫੈਲਦਾ ਹੈ। ਰੇਬੀਜ਼ ਦਾ ਵਾਇਰਸ ਕਈ ਵਾਰ ਪਾਲਤੂ ਜਾਨਵਰ ਦੇ ਚੱਟਣ ਜਾਂ ਜਾਨਵਰ ਦੇ ਲਾਰ ਨਾਲ ਸਿੱਧਾ ਸੰਪਰਕ ਵਿਚ ਹੋਣ ਨਾਲ ਵੀ ਫੈਲ ਜਾਂਦਾ ਹੈ। ਰੇਬੀਜ਼ ਇਕ ਜਾਨਲੇਵਾ ਰੋਗ ਹੈ, ਜਿਸ ਦੇ ਲੱਛਣ ਬੇਹੱਦ ਦੇਰ ਨਾਲ ਨਜ਼ਰ ਆਉਂਦੇ ਹਨ। ਜੇਕਰ ਸਮਾਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗ ਜਾਨਲੇਵਾ ਸਾਬਤ ਹੋ ਜਾਂਦਾ ਹੈ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਘਰਾਂ ਵਿਚ ਪਾਲਤੂ ਕੁੱਤੇ ਰੱਖੇ ਹੋਏ ਹਨ, ਉਹ ਉਨ੍ਹਾਂ ਦਾ ਟੀਕਾਕਰਨ ਜ਼ਰੂਰ ਕਰਵਾਉਣ ਤਾਂ ਜੋ ਕੁੱਤੇ ਦੇ ਕੱਟਣ ‘ਤੇ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ।
ਉਹਨਾਂ ਨੇ ਕਿਹਾ ਕਿ ਰੇਬੀਜ਼ ਦੇ 99 ਫੀਸਦੀ ਮਾਮਲੇ ਕੇਵਲ ਕੁੱਤਿਆਂ ਦੇ ਕੱਟਣ ਨਾਲ ਸਬੰਧਤ ਹੁੰਦੇ ਹਨ, ਜਿਸ ਦੇ ਇਲਾਜ ਲਈ ਐਂਟੀ ਰੇਬੀਜ਼ ਵੈਕਸੀਨ ਮੁਫਤ ਲਗਾਈ ਜਾਂਦੀ ਹੈ। ਮੁੱਢਲੀ ਸਹਾਇਤਾ ਦੇ ਤੌਰ ਉੱਤੇ ਜ਼ਖਮ ਨੂੰ ਵਗਦੇ ਪਾਣੀ ਵਿਚ ਸਾਬਣ ਨਾਲ 15 ਮਿੰਟ ਤੱਕ ਧੋਣ ਨਾਲ ਇਸ ਬਿਮਾਰੀ ਦੇ ਜ਼ੋਖਮ ਨੂੰ ਘਟਾਇਆ ਜਾ ਸਕਦਾ ਹੈ। ਕੁੱਤੇ ਦੇ ਕੱਟਣ ਉੱਤੇ ਤੁਰੰਤ ਨੇੜਲੀ ਸਿਹਤ ਸੰਸਥਾ ਵਿਚ ਜਾ ਕੇ ਡਾਕਟਰੀ ਸਲਾਹ ਅਨੁਸਾਰ ਬਿਮਾਰੀ ਤੋਂ ਬਚਾਅ ਲਈ ਐਂਟੀ ਰੇਬੀਜ਼ ਦੇ ਟੀਕੇ ਲਗਵਾਉਣੇ ਬੇਹੱਦ ਜ਼ਰੂਰੀ ਹਨ।
ਇਸ ਮੌਕੇ ਡਾ ਪੂਨਮ ਜਿੰਦਲ ,ਡਾ ਰਵਨੀਤ ਕੌਰ , ਕਰਮਜੀਤ ਕੌਰ ਐੱਲ ਅੱਚ ਵੀ ,ਅਮਰਜੀਤ ਅਤੇ ਦਰਸ਼ਨ ਬਹੁ ਮੰਤਵੀ ਕਰਮਚਾਰੀ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।