ਨਵੀਂ ਦਿੱਲੀ 21 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) ਦੇਸ਼ ਦੇ ਡਿਜੀਟਲ ਭੁਗਤਾਨ (Digital Payment) ਨੂੰ ਹੋਰ ਆਸਾਨ ਬਣਾਉਣ ਦੀ ਦਿਸ਼ਾ ਵਿਚ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਜਲਦ ਹੀ ਨਵਾਂ ‘Tap to Pay’ ਆਫ਼ਲਾਈਨ UPI ਫੀਚਰ ਲਿਆਉਣ ਦੀ ਤਿਆਰੀ ‘ਚ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਬਿਨਾਂ ਇੰਟਰਨੈੱਟ ਕੁਨੈਕਸ਼ਨ ਦੇ ਵੀ ਸਿਰਫ਼ ਆਪਣੇ ਸਮਾਰਟਫ਼ੋਨ ਨੂੰ POS ਮਸ਼ੀਨ ‘ਤੇ ਟੈਪ ਕਰ ਕੇ ਭੁਗਤਾਨ ਕਰ ਸਕਣਗੇ।

ਕੀ ਹੈ ਨਵੀਂ ਤਕਨਾਲੋਜੀ?

ਇਹ ਨਵੀਂ ਤਕਨਾਲੋਜੀ NFC (Near Field Communication) ‘ਤੇ ਅਧਾਰਿਤ ਹੋਵੇਗੀ। ਇਸ ਵਿਚ ਯੂਜ਼ਰ ਨੂੰ QR ਕੋਡ ਸਕੈਨ ਕਰਨ ਜਾਂ ਇੰਟਰਨੈੱਟ ਚਾਲੂ ਰੱਖਣ ਦੀ ਲੋੜ ਨਹੀਂ ਹੋਵੇਗੀ। ਜੇਕਰ ਸਮਾਰਟਫ਼ੋਨ ‘ਚ NFC ਸਪੋਰਟ ਹੈ ਅਤੇ ਉਸ ਵਿਚ UPI Lite ਬੈਲੇਂਸ ਉਪਲਬਧ ਹੈ ਤਾਂ ਸਿਰਫ਼ ਫ਼ੋਨ ਨੂੰ ਪ੍ਰਮਾਣਿਤ POS ਮਸ਼ੀਨ ਨਾਲ ਟੈਪ ਕਰਨ ‘ਤੇ ਭੁਗਤਾਨ ਪੂਰਾ ਹੋ ਜਾਵੇਗਾ। ਇਸ ਨਾਲ ਪੇਮੈਂਟ ਪਹਿਲਾਂ ਨਾਲੋਂ ਕਿਤੇ ਵੱਧ ਤੇਜ਼ ਅਤੇ ਸੁਵਿਧਾਜਨਕ ਹੋ ਜਾਵੇਗੀ।

ਕਿਵੇਂ ਕੰਮ ਕਰੇਗਾ ਇਹ ਫੀਚਰ?

ਪੈਸੇ ਲੋਡ ਕਰਨਾ: ਬਿਨਾਂ ਇੰਟਰਨੈੱਟ ਭੁਗਤਾਨ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ UPI Lite ਵਾਲੇਟ ‘ਚ ਪੈਸੇ ਲੋਡ ਕਰਨੇ ਪੈਣਗੇ (ਇਸ ਲਈ ਇੰਟਰਨੈੱਟ ਦੀ ਲੋੜ ਹੋਵੇਗੀ)।

ਸਿਰਫ਼ ‘ਟੱਚ’ ਕਰੋ: ਇਸ ਤੋਂ ਬਾਅਦ, ਜਦੋਂ ਤੁਸੀਂ ਕਿਸੇ ਦੁਕਾਨ ਜਾਂ ਸਟੋਰ ‘ਤੇ ਪੇਮੈਂਟ ਕਰਨ ਜਾਓਗੇ ਤਾਂ ਤੁਹਾਨੂੰ ਬੱਸ ਆਪਣਾ NFC ਸਪੋਰਟ ਕਰਨ ਵਾਲਾ ਫ਼ੋਨ ਸਵਾਈਪ ਮਸ਼ੀਨ (PoS) ਨਾਲ ਟੱਚ ਕਰਨਾ ਹੋਵੇਗਾ।

ਪਿਨ ਦੀ ਲੋੜ ਨਹੀਂ: ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਲਈ ਨਾ ਤਾਂ ਤੁਹਾਨੂੰ UPI ਪਿਨ ਪਾਉਣ ਦੀ ਲੋੜ ਹੋਵੇਗੀ ਅਤੇ ਨਾ ਹੀ ਇੰਟਰਨੈੱਟ ਕੁਨੈਕਸ਼ਨ ਦੀ।

ਪੇਮੈਂਟ ਕਿਵੇਂ ਪੂਰੀ ਹੋਵੇਗੀ: ਜਿਵੇਂ ਹੀ ਤੁਸੀਂ ਫ਼ੋਨ ਟੱਚ ਕਰੋਗੇ, ਸਵਾਈਪ ਮਸ਼ੀਨ ਤੁਹਾਡੇ ਵਾਲੇਟ ਤੋਂ ਪੇਮੈਂਟ ਆਥੋਰਾਇਜ਼ੇਸ਼ਨ ਨੂੰ ਸਟੋਰ ਕਰ ਲਵੇਗੀ। ਇਸ ਤੋਂ ਬਾਅਦ, ਜਦੋਂ ਵੀ ਫ਼ੋਨ ਜਾਂ ਮਸ਼ੀਨ ਨੂੰ ਦੁਬਾਰਾ ਇੰਟਰਨੈੱਟ ਕਨੈਕਸ਼ਨ ਮਿਲੇਗਾ, ਪੇਮੈਂਟ ਦੀ ਜਾਣਕਾਰੀ ਬੈਂਕ ਨੂੰ ਚਲੀ ਜਾਵੇਗੀ ਅਤੇ ਟ੍ਰਾਂਜ਼ੈਕਸ਼ਨ ਪੂਰੀ ਹੋ ਜਾਵੇਗੀ।

ਕਿੰਨੀ ਹੋਵੇਗੀ ਲਿਮਟ?

ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਸ ਨਵੇਂ ਆਫ਼ਲਾਈਨ ਸਿਸਟਮ ਤਹਿਤ ਵੱਧ ਤੋਂ ਵੱਧ 2,000 ਰੁਪਏ (Payment Limit) ਤਕ ਦੀ ਪੇਮੈਂਟ ਕੀਤੀ ਜਾ ਸਕੇਗੀ। ਫ਼ਿਲਹਾਲ, ਆਫ਼ਲਾਈਨ ਪੇਮੈਂਟ ਦੀ ਹੱਦ ਸਿਰਫ਼ 500 ਰੁਪਏ ਤਕ ਦੀ ਹੈ ਜਿਸ ਨੂੰ ਵਧਾ ਕੇ 2,000 ਰੁਪਏ ਕੀਤਾ ਜਾ ਰਿਹਾ ਹੈ।

ਇਨ੍ਹਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ

ਇਹ ਫੀਚਰ ਉਨ੍ਹਾਂ ਲੋਕਾਂ ਲਈ ਬਹੁਤ ਮਦਦਗਾਰ ਸਾਬਤ ਹੋਵੇਗਾ ਜੋ ਖ਼ਰਾਬ ਨੈੱਟਵਰਕ ਵਾਲੇ ਇਲਾਕਿਆਂ ‘ਚ ਰਹਿੰਦੇ ਹਨ। ਇਸ ਤੋਂ ਇਲਾਵਾ, ਫਲਾਈਟ ਦੇ ਸਫ਼ਰ ਦੌਰਾਨ ਜਾਂ ਅੰਡਰਗ੍ਰਾਊਂਡ ਮੈਟਰੋ ਸਟੇਸ਼ਨਾਂ ਵਰਗੀਆਂ ਥਾਵਾਂ ‘ਤੇ ਜਿੱਥੇ ਇੰਟਰਨੈੱਟ ਨਹੀਂ ਚੱਲਦਾ, ਉੱਥੇ ਵੀ ਇਸ ਫੀਚਰ ਦੀ ਮਦਦ ਨਾਲ ਆਸਾਨੀ ਨਾਲ ਖ਼ਰੀਦਦਾਰੀ ਕੀਤੀ ਜਾ ਸਕੇਗੀ। ਰਿਪੋਰਟਾਂ ਮੁਤਾਬਕ, ਕਈ ਕ੍ਰੈਡਿਟ/ਡੈਬਿਟ ਕਾਰਡ ਕੰਪਨੀਆਂ ਫਲਾਈਟ ਦੌਰਾਨ ਕਾਰਡ ਵਰਤੋਂ ‘ਤੇ ਪਾਬੰਦੀ ਲਗਾਉਂਦੀਆਂ ਹਨ, ਅਜਿਹੇ ਵਿਚ ਇਹ ਛੋਟਾ ਆਫ਼ਲਾਈਨ UPI ਭੁਗਤਾਨ ਇਕ ਬਿਹਤਰੀਨ ਵਿਕਲਪ ਬਣ ਸਕਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।