ਗੁਰਦਾਸਪੁਰ, 20 ਮਾਰਚ (  ਪੰਜਾਬੀ ਖ਼ਬਰਨਾਮਾ) – ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰ ਜਾਗਰੂਕਤਾ ਅਭਿਆਨ ਤਹਿਤ ਲੋਕਾਂ ਨੂੰ ਪੋਲਿੰਗ ਪ੍ਰਕਿਰਿਆ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਵੱਖ-ਵੱਖ ਵਿੱਦਿਅਕ ਅਦਾਰਿਆਂ, ਪਬਲਿਕ ਥਾਵਾਂ ਵਿਖੇ ਪ੍ਰਦਰਸ਼ਨੀ ਲਗਾ ਕੇ ਲੋਕਾਂ ਨੂੰ ਈ.ਵੀ.ਐਮ (ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ) ਅਤੇ ਵੀ.ਵੀ.ਪੈਟ (ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ) ਬਾਰੇ ਵਿਸਥਾਰ ਵਿੱਚ ਦੱਸਿਆ ਜਾ ਰਿਹਾ ਹੈ। ਇਸ ਜਾਗਰੂਕਤਾ ਅਭਿਆਨ ਵਿੱਚ 18-19 ਸਾਲ ਦੇ ਪਹਿਲੀ ਵਾਰ ਬਣੇ ਵੋਟਰਾਂ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਜਾ ਰਿਹਾ ਹੈ। ਨੌਜਵਾਨ ਵੱਲੋਂ ਈ.ਵੀ.ਐਮ ਅਤੇ ਵੀ.ਵੀ.ਪੀ.ਏ.ਟੀ (ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ) ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

ਵਧੀਕ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਇਸ ਵਾਰ ਵੀ ਵੋਟਰ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ ਰਾਹੀਂ ਆਪਣੀ ਵੋਟ ਪਾਉਣਗੇ। ਉਨ੍ਹਾਂ ਦੱਸਿਆ ਕਿ ਵੋਟਾਂ ਵਾਲੇ ਦਿਨ ਪੋਲਿੰਗ ਬੂਥ ਵਿਚ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ ਵਿਚ ਉਮੀਦਵਾਰਾਂ ਦੇ ਨਾਮ ਅਤੇ ਉਨ੍ਹਾਂ ਦੇ ਚੋਣ ਨਿਸ਼ਾਨ ਦੇ ਅੱਗੇ ਇਕ ਬਟਨ ਹੁੰਦਾ ਹੈ ਅਤੇ ਕਿਸੇ ਇਕ ਉਮੀਦਵਾਰ ਦੇ ਸਾਹਮਣੇ ਵਾਲਾ ਬਟਨ ਦਬਾ ਕੇ ਵੋਟ ਪਾਈ ਜਾ ਸਕਦੀ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੀ.ਵੀ.ਪੈਟ ਮਸ਼ੀਨ ਵਰਗਾ ਇਕ ਛੋਟਾ ਪ੍ਰਿੰਟਰ ਹੈ, ਜੋ ਈ.ਵੀ.ਐਮ (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਵੀ.ਵੀ.ਪੈਟ ਰਾਹੀਂ ਵੋਟਰ ਨੂੰ ਪਤਾ ਲੱਗ ਸਕੇਗਾ ਕਿ ਉਸ ਦੀ ਵੋਟ ਸਹੀ ਉਮੀਦਵਾਰ ਨੂੰ ਪਈ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਰਾਹੀਂ ਵੋਟਰ 7 ਸੈਕਿੰਡ ਤੱਕ ਡਿਸਪਲੇ ਫਰੇਮ ਵਿਚ ਆਪਣੀ ਵੋਟ ਪਾਉਣ ਵਾਲੇ ਉਮੀਦਵਾਰ ਦਾ ਸੀਰੀਅਲ ਨੰਬਰ, ਨਾਮ ਅਤੇ ਚੋਣ ਨਿਸ਼ਾਨ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦਾ ਸੀਰੀਅਲ ਨੰਬਰ, ਨਾਮ ਅਤੇ ਚੋਣ ਨਿਸ਼ਾਨ ਦਰਸਾਉਣ ਵਾਲੀ ਪਰਚੀ ਮਸ਼ੀਨ ਨਾਲ ਜੁੜੇ ਬਕਸੇ ਵਿਚ ਡਿੱਗੇਗੀ, ਜੋ ਬਕਸੇ ਵਿਚ ਸੀਲ ਰਹੇਗੀ ਅਤੇ ਕੋਈ ਹੋਰ ਇਸ ਨੂੰ ਨਹੀਂ ਦੇਖ ਸਕੇਗਾ।

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨੌਜਵਾਨ ਵੋਟਰਾਂ ਨੂੰ ਈ.ਵੀ.ਐਮ (ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ) ਅਤੇ ਵੀ.ਵੀ.ਪੈਟ (ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ) ਬਾਰੇ ਵਿਸਥਾਰ ਵਿੱਚ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨ ਵੋਟਰਾਂ ਨੇ ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਹੈ ਉਨ੍ਹਾਂ ਵੱਲੋਂ ਇਹ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਅਤੇ ਨੌਜਵਾਨ 1 ਜੂਨ ਨੂੰ ਆਪਣੀ ਵੋਟ ਪਾਉਣ ਲਈ ਉਤਸ਼ਾਹਿਤ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।