21 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਵਿਰੁੱਧ ਚੱਲ ਰਹੀ ਜੰਗ ਦੇ ਭਵਿੱਖ ਬਾਰੇ ਮਿਲੇ-ਜੁਲੇ ਸੰਕੇਤ ਦਿੱਤੇ ਹਨ। ਇੱਕ ਪਾਸੇ ਉਨ੍ਹਾਂ ਜੰਗ ਖ਼ਤਮ ਕਰਨ ਲਈ ਕਿਸੇ ਕਾਹਲੀ ਵਿੱਚ ਨਾ ਹੋਣ ਦੀ ਗੱਲ ਕਹੀ ਹੈ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਭਰੋਸਾ ਜਤਾਇਆ ਕਿ ਜਲਦੀ ਹੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਤਹਿਰਾਨ ਨਾਲ ਮੁੜ ਗੱਲਬਾਤ ਸ਼ੁਰੂ ਹੋ ਸਕਦੀ ਹੈ। 14 ਦਿਨਾਂ ਦੀ ਅਸਥਾਈ ਜੰਗਬੰਦੀ ਦੀ ਮਿਆਦ ਬੁੱਧਵਾਰ ਨੂੰ ਖ਼ਤਮ ਹੋ ਰਹੀ ਹੈ, ਜਿਸ ਕਾਰਨ ਪੂਰੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਸੋਸ਼ਲ ਮੀਡੀਆ ਪੋਸਟਾਂ ਅਤੇ ਟੈਲੀਫੋਨ ਇੰਟਰਵਿਊਆਂ ਰਾਹੀਂ ਰਾਸ਼ਟਰਪਤੀ ਟਰੰਪ ਨੇ ਚਿਤਾਵਨੀ ਦਿੱਤੀ ਕਿ ਜੇਕਰ ਜੰਗਬੰਦੀ ਦੀ ਸਮਾਂ-ਸੀਮਾ ਖ਼ਤਮ ਹੋਣ ਤੋਂ ਪਹਿਲਾਂ ਕੋਈ ਸਮਝੌਤਾ ਨਾ ਹੋਇਆ, ਤਾਂ ‘ਬਹੁਤ ਸਾਰੇ ਬੰਬ’ ਚੱਲਣੇ ਸ਼ੁਰੂ ਹੋ ਜਾਣਗੇ। ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਦੀ ਅਗਵਾਈ ਹੇਠ ਆਪਣੀ ਗੱਲਬਾਤ ਟੀਮ ਨੂੰ ਇਸਲਾਮਾਬਾਦ ਭੇਜਣ ਦੀ ਯੋਜਨਾ ਬਣਾ ਰਹੇ ਹਨ। ਦੂਜੇ ਪਾਸੇ, ਪਾਕਿਸਤਾਨੀ ਅਧਿਕਾਰੀਆਂ ਨੇ ਵੀ ਦੂਜੇ ਦੌਰ ਦੀ ਗੱਲਬਾਤ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਹਾਲਾਂਕਿ ‘ਹੋਰਮੁਜ਼ ਜਲਡਮਰੂ’ (Strait of Hormuz) ਦੇ ਆਲੇ-ਦੁਆਲੇ ਤਾਜ਼ਾ ਟਕਰਾਅ ਨੇ ਇਸ ਜੰਗਬੰਦੀ ਨੂੰ ਹੋਰ ਕਮਜ਼ੋਰ ਕਰ ਦਿੱਤਾ ਹੈ।

ਇਸ ਦੌਰਾਨ ਇਰਾਨ ਨੇ ਅਮਰੀਕਾ ਨਾਲ ਗੱਲਬਾਤ ਕਰਨ ਬਾਰੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਇਰਾਨ ਦੇ ਮੁੱਖ ਗੱਲਬਾਤਕਾਰ ਅਤੇ ਸੰਸਦ ਦੇ ਸਪੀਕਰ ਮੁਹੰਮਦ ਬਘੇਰ ਕਾਲੀਬਾਫ ਨੇ ਅਮਰੀਕਾ ’ਤੇ ਇਰਾਨ ਨੂੰ ਆਤਮ-ਸਮਰਪਣ ਲਈ ਮਜਬੂਰ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਇਰਾਨ ਧਮਕੀਆਂ ਦੇ ਪਰਛਾਵੇਂ ਹੇਠ ਕੋਈ ਗੱਲਬਾਤ ਪ੍ਰਵਾਨ ਨਹੀਂ ਕਰੇਗਾ। ਕਾਲੀਬਾਫ ਨੇ ਦਾਅਵਾ ਕੀਤਾ ਕਿ ਇਰਾਨ ਨੇ ਜੰਗਬੰਦੀ ਦੌਰਾਨ ਜੰਗ ਦੇ ਮੈਦਾਨ ਵਿੱਚ ‘ਨਵੇਂ ਪੱਤੇ’ ਖੇਡਣ ਦੀ ਪੂਰੀ ਤਿਆਰੀ ਕਰ ਲਈ ਹੈ। ਕੌਮਾਂਤਰੀ ਭਾਈਚਾਰਾ ਹੁਣ ਬੁੱਧਵਾਰ ਦੀ ਸਮਾਂ-ਸੀਮਾ ਵੱਲ ਦੇਖ ਰਿਹਾ ਹੈ, ਕਿਉਂਕਿ ਕਿਸੇ ਸਮਝੌਤੇ ਦੀ ਗੈਰ-ਮੌਜੂਦਗੀ ਵਿੱਚ ਖੇਤਰ ਵਿੱਚ ਮੁੜ ਭਿਆਨਕ ਜੰਗ ਛਿੜਨ ਦਾ ਖ਼ਤਰਾ ਬਣਿਆ ਹੋਇਆ ਹੈ।- ਏਪੀ

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।