ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
“ਯੁੱਧ ਨਸ਼ਿਆਂ ਵਿਰੁੱਧ”
ਨਸ਼ਾ ਪੀੜਤਾਂ ਨੂੰ ਹੁਨਰ ਸਿਖਲਾਈ ਮੁਹੱਈਆ ਕਰਵਾ ਕੇ ਰੋਜ਼ਗਾਰ ਦੇ ਕਾਬਲ ਬਣਾਇਆ ਜਾ ਰਿਹਾ
ਰੂਪਨਗਰ, 08 ਜੁਲਾਈ: ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਤਹਿਤ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਦੀਆਂ ਹਦਾਇਤਾਂ ਅਨੁਸਾਰ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਰੂਪਨਗਰ ਵਿਖੇ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਟਰੇਨਿੰਗ ਵਿਭਾਗ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਰੂਪਨਗਰ ਵੱਲੋਂ ਟ੍ਰੇਨਿੰਗ ਪੂਰੀ ਕਰਨ ਵਾਲੇ ਦਾਖਲ ਨਸ਼ਾ ਪੀੜਤਾਂ ਨੂੰ ਟਰੇਨਿੰਗ ਸਰਟੀਫਿਕੇਟ ਵੰਡੇ ਗਏ।
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਓਪਿੰਦਰ ਸਿੰਘ ਨੇ ਇਨ੍ਹਾਂ ਦਾਖਲ ਨਸ਼ਾ ਪੀੜਤਾਂ ਨੂੰ ਸਰਟੀਫਿਕੇਟ ਵੰਡਦਿਆਂ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਰੂਪਨਗਰ ਦੇ ਸਹਿਯੋਗ ਨਾਲ ਮਧੂ ਮੱਖੀ ਪਾਲਣ ਅਤੇ ਖੁੰਭਾਂ ਦੀ ਖੇਤੀ ਦੀ ਹੁਨਰ ਸਿਖਲਾਈ ਦਿੱਤੀ ਗਈ ਸੀ ਤਾਂ ਜੋ ਇਹ ਨਸ਼ਾ ਛੱਡਣ ਤੋ ਬਾਅਦ ਆਪਣਾ ਸਵੈ-ਰੋਜ਼ਗਾਰ ਸਥਾਪਿਤ ਕਰ ਸਕਣ।
ਡਿਪਟੀ ਮੈਡੀਕਲ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਏ “ਯੁੱਧ ਨਸ਼ਿਆਂ ਵਿਰੁੱਧ” ਦਾ ਮਕਸਦ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ। ਇਸ ਮੁਹਿੰਮ ਦੇ ਤਹਿਤ ਸਰਕਾਰ ਦੁਆਰਾ ਵੱਖ-ਵੱਖ ਗਤੀਵਿਧੀਆਂ ਕੀਤੀਆ ਜਾ ਰਹੀਆਂ ਹਨ, ਜਿਸ ਵਿਚ ਨਸ਼ਾ ਪੀੜਤਾਂ ਨੂੰ ਹੁਨਰ ਸਿਖਲਾਈ ਮੁਹੱਈਆ ਕਰਵਾ ਕੇ ਰੋਜ਼ਗਾਰ ਦੇ ਕਾਬਲ ਬਣਾਇਆ ਜਾਣਾ ਵੀ ਸਰਕਾਰ ਦਾ ਉਦੇਸ਼ ਹੈ ਤਾਂ ਜੋ ਨਸ਼ੇ ਨਾਲ ਪੀੜਤ ਨੌਜਵਾਨ ਰੋਜ਼ਗਾਰ ਸ਼ੁਰੂ ਕਰਕੇ ਨਸ਼ੇ ਦੀ ਲਤ ਤੋਂ ਛੁਟਕਾਰਾ ਪਾ ਸਕਣ।
ਡਾ. ਓਪਿੰਦਰ ਸਿੰਘ ਵੱਲੋਂ ਸਰਟੀਫੀਕੇਟ ਲੈਣ ਵਾਲਿਆ ਨੂੰ ਅਪੀਲ ਕੀਤੀ ਗਈ ਕਿ ਪ੍ਰਾਪਤ ਕੀਤੀ ਗਈ ਟਰੇਨਿੰਗ ਨੂੰ ਭਵਿੱਖ ਵਿਚ ਆਪਣੀ ਰੋਜੀ ਰੋਟੀ ਦਾ ਸਾਧਨ ਬਣਾਉਣ ਅਤੇ ਨਸ਼ਿਆਂ ਵਰਗੀ ਬਿਮਾਰੀ ਤੋਂ ਦੂਰ ਰਹਿਣ।
ਇਸ ਮੌਕੇ ਤੇ ਕਾਉਂਸਲਰ ਪ੍ਰਭਜੋਤ ਕੌਰ, ਬਲਾਕ ਮਿਸ਼ਨ ਮੇਨੈਜਰ ਗੁਰਪ੍ਰੀਤ ਸਿੰਘ, ਨਿਕੀਤਾ ਸਿੰਘ, ਡਾ. ਸੰਜੀਵ ਕੁਮਾਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
ਸੰਖੇਪ: “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਰੂਪਨਗਰ ਵਿੱਚ ਨਸ਼ਾ ਪੀੜਤਾਂ ਨੂੰ ਮੱਧੂ ਮੱਖੀ ਪਾਲਣ ਤੇ ਖੁੰਭਾਂ ਦੀ ਖੇਤੀ ਦੀ ਟਰੇਨਿੰਗ ਦੇ ਕੇ ਸਰਟੀਫਿਕੇਟ ਵੰਡੇ ਗਏ, ਤਾਕਿ ਉਹ ਸਵੈ-ਰੋਜ਼ਗਾਰ ਰਾਹੀਂ ਨਸ਼ੇ ਤੋਂ ਦੂਰ ਰਹਿ ਸਕਣ।