ਰੂਪਨਗਰ, 29 ਅਗਸਤ : ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸੰਬੰਧੀ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਪ੍ਰਦੂਸ਼ਣ ਦੀ ਰੋਕਥਾਮ ਅਤੇ ਵਾਤਾਵਰਨ ਸੰਭਾਲ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਮੀਟਿੰਗ ਵਿਚ ਸਮੂਹ ਐਸ.ਡੀ.ਐਮ, ਸਥਾਨਕ ਸਰਕਾਰਾਂ ਵਿਭਾਗ ਦੇ ਕਾਰਜਸਾਧਕ ਅਫਸਰਾਂ ਅਤੇ ਪੇਂਡੂ ਵਿਕਾਸ ਵਿਭਾਗ ਦੇ ਬੀ.ਡੀ.ਓਜ਼ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਜ਼ਿਲ੍ਹੇ ਵਿਚ ਸੜਕਾਂ, ਰਸਤਿਆਂ ਅਤੇ ਖੁੱਲੀਆਂ ਥਾਵਾਂ ਉਤੇ ਘਰਾਂ ਦਾ ਜਾਂ ਹੋਰ ਕਿਸੇ ਵੀ ਕਿਸਮ ਦਾ ਕੂੜਾ ਸੁੱਟਣ ਵਾਲਿਆਂ ਨੂੰ ਜੁਰਮਾਨੇ ਕੀਤੇ ਜਾਣ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵਿਭਾਗੀ ਅਧਿਕਾਰੀਆਂ ਤੋਂ ਵਾਤਾਵਰਣ ਦੀ ਸੰਭਾਲ ਵਿੱਚ ਕੀਤੀਆਂ ਗਈਆਂ ਅਤੇ ਭਵਿੱਖ ਵਿਚ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਦਾ ਲੇਖਾ-ਜੋਖਾ ਹਾਸਲ ਕੀਤਾ ਤੇ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਕਿ ਵਾਤਾਵਰਣ ਨੂੰ ਨਾ ਠੀਕ ਹੋਣ ਵਾਲੇ ਨੁਕਸਾਨ ਕਰਨ ਵਾਲੇ ਦੋਸ਼ੀਆਂ ਨੂੰ ਕਿਸੇ ਵੀ ਪੱਧਰ ਉਤੇ ਨਾ ਬਖਸ਼ਿਆ ਜਾਵੇ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਹਦਾਇਤਾਂ ਜਾਰੀ ਹੋਈਆਂ ਹਨ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿਭਾਗ ਇਕ ਵਾਰ ਵਰਤੋਂ ਵਾਲੇ ਪਲਾਸਟਿਕ ਦਾ ਭੰਡਾਰ, ਸਪਲਾਈ ਅਤੇ ਨਿਰਮਾਣ ਕਰਨ ਵਾਲਿਆਂ ਵਿਰੁੱਧ ਨਿਤੀਗਤ ਤਰੀਕੇ ਨਾਲ ਕਾਰਵਾਈ ਕਰੇ। ਜੋ ਵੀ ਉਤਪਾਦਕ ਜਾਂ ਵਿਕਰੇਤਾ ਵਾਰ-ਵਾਰ ਇਕ ਵਾਰ ਵਰਤੋਂ ਵਾਲੇ ਪਲਾਸਟਿਕ ਦਾ ਭੰਡਾਰ ਸਪਲਾਈ ਜਾ ਨਿਰਮਾਣ ਕਰਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਨੂੰ ਨਿਯਮਾਂ ਤਹਿਤ ਵੱਧ ਤੋਂ ਵੱਧ ਜੁਰਮਾਨਾ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਚੱਲ ਰਹੇ ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਸੋਲਿਡ ਵੇਸਟ ਮੈਨੇਜਮੈਂਟ ਸਬੰਧੀ ਜਾਣਕਾਰੀ ਲੈਂਦੇ ਹੋਏ ਕਿਹਾ ਕਿ ਗੰਦੇ ਪਾਣੀ ਅਤੇ ਸੋਲਿਡ ਵੇਸਟ ਮੈਨੇਜਮੈਂਟ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਖਿਲਾਫ ਜਮੀਨੀ ਪੱਧਰ ਉਤੇ ਕਾਰਵਾਈ ਕਰਨ ਲਈ ਛਾਪੇਮਾਰ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ਟੀਮਾਂ ਨੂੰ ਖਾਸ ਤੌਰ ਉਤੇ ਚਾਈਨਾ ਡੋਰ ਖਰੀਦਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਮੈਡੀਕਲ ਵੇਸਟ ਦੇ ਪ੍ਰਬੰਧਨ ਅਤੇ ਐਨ.ਜੀ.ਟੀ ਦੀਆਂ ਹਦਾਇਤਾਂ ਨੂੰ ਲਾਗੂ ਕਰਵਾਉਣ ਲਈ ਪੂਰਨ ਤੌਰ ਉਤੇ ਸਿਹਤ ਵਿਭਾਗ ਜ਼ਿੰਮੇਵਾਰ ਹੈ ਜੇਕਰ ਕੋਈ ਪ੍ਰਾਈਵੇਟ ਹਸਪਤਾਲ ਮੈਡੀਕਲ ਵੇਸਟ ਦਾ ਪ੍ਰਬੰਧਨ ਨਹੀਂ ਕਰਦਾ ਤਾਂ ਸਿਹਤ ਵਿਭਾਗ ਵਲੋਂ ਸਬੰਧਿਤ ਹਸਪਤਾਲ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਈ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈਡੀਕਲ ਵੇਸਟ ਦਾ ਨਿਯਮਤ ਢੰਗ ਨਾਲ ਪ੍ਰਬੰਧਨ ਹੋਣਾ ਅਤੀ ਲਾਜ਼ਮੀ ਹੁੰਦਾ ਹੈ ਕਿਉਂਕਿ ਇਸ ਦੇ ਪ੍ਰਬੰਧਨ ਠੀਕ ਨਾ ਹੋਣ ਕਾਰਨ ਅਕਸਰ ਮਹਾਂਮਾਰੀ ਫੈਲਣ ਅਤੇ ਹੋਰ ਮਾਰੂ ਬਿਮਾਰੀਆਂ ਹੋਣ ਤਾ ਖਤਰਾ ਬਣਿਆ ਰਹਿੰਦਾ ਹੈ। ਜਿਸ ਲਈ ਇਹ ਜ਼ਰੂਰੀ ਹੈ ਕਿ ਸਿਹਤ ਵਿਭਾਗ ਇਮਾਨਦਾਰੀ ਨਾਲ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿਖੇ ਮੈਡੀਕਲ ਵੇਸਟ ਦਾ ਤਕਨੀਕੀ ਢੰਗ ਨਾਲ ਨਿਪਟਾਰਾ ਕਰਵਾਏ।
ਉਨ੍ਹਾਂ ਨੇ ਸਾਫ ਸਫਾਈ, ਗੰਦੇ ਪਾਣੀ ਦੇ ਪ੍ਰਬੰਧ, ਪਿੰਡਾਂ ਵਿੱਚੋਂ ਨਿਕਲਣ ਵਾਲੇ ਸੀਵਰੇਜ ਸਬੰਧੀ ਕੀਤੇ ਗਏ ਪ੍ਰਬੰਧ, ਪਲਾਸਟਿਕ ਵੇਸਟ ਮੈਨੇਜਮੈਂਟ, ਹਵਾ ਅਤੇ ਪਾਣੀ ਦੀ ਸ਼ੁੱਧਤਾ, ਖੇਤੀਬਾੜੀ ਦੌਰਾਨ ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਆਦਿ ਸਬੰਧੀ ਅਧਿਕਾਰੀਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪ੍ਰਦੂਸ਼ਣ ਰੋਕਥਾਮ ਸਬੰਧੀ ਐਨ.ਜੀ.ਟੀ. ਵੱਲੋਂ ਜੋ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਇਨ੍ਹਾਂ ਨੂੰ ਅਮਲ ਵਿੱਚ ਲਿਆਣਾ ਯਕੀਨੀ ਬਣਾਇਆ ਜਾਵੇ ਅਤੇ ਪ੍ਰਦੂਸ਼ਣ ਰੋਕਥਾਮ ਲਈ ਹਰ ਤਰ੍ਹਾਂ ਦੇ ਪ੍ਰਬੰਧ ਯਕੀਨੀ ਬਣਾਏ ਜਾਣ।
ਉਨ੍ਹਾਂ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫਸਰਾਂ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਘਰ-ਘਰ ਠੋਸ ਰਹਿੰਦ-ਖੂੰਹਦ ਇਕੱਠਾ ਕਰਨਾ ਯਕੀਨੀ ਕਰਨ, ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਇਕੱਠਾ ਕਰਨ, ਗਿੱਲੇ ਕੂੜੇ ਦੇ ਉਤਪਾਦਨ ਤੋਂ ਖਾਦ ਤਿਆਰ ਕਰਨ ਤੇ ਵੇਚਣ, ਚਾਈਨਾ ਡੋਰ ਤੇ ਲੱਗੀ ਪਾਬੰਦੀ ਨੂੰ ਯਕੀਨੀ ਬਣਾਉਣ, ਗਲੀਆਂ ਨਾਲੀਆਂ ਦੀ ਸਫਾਈ ਯਕੀਨੀ ਬਣਾਉਣ, ਕੰਪੋਸਟ ਨੂੰ ਅੱਗ ਨਾ ਲਗਾਉਣ, ਸਾਫ਼ ਪਾਣੀ ਦੇਣਾ ਯਕੀਨੀ ਬਣਾਉਣ, ਖਾਲੀ ਪਲਾਂਟਾਂ ਜਿੱਥੇ ਕੂੜਾ ਸੁੱਟਿਆਂ ਜਾਂਦਾ ਹੈ ਮਾਲਕਾਂ ਨੂੰ ਜੁਰਮਾਨੇ ਲਗਾਉਣ, ਜਾਣਕਾਰੀ ਸਿੱਖਿਆ ਅਤੇ ਸੰਚਾਰ (ਆਈ.ਈ.ਸੀ.) ਨੂੰ ਵਧਾਉਣ ਦੀ ਹਦਾਇਤ ਜਾਰੀ ਕੀਤੀ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ. ਨੰਗਲ ਅਨਮਜੋਤ ਕੌਰ, ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਬੀਰਦਵਿੰਦਰ ਸਿੰਘ, ਜ਼ਿਲ੍ਹਾ ਵਣ ਅਫ਼ਸਰ ਹਰਜਿੰਦਰ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਅਨੰਦਪੁਰ ਸਾਹਿਬ ਇਸ਼ਾਨ ਚੌਧਰੀ, ਡੀ.ਐਸ.ਪੀ. ਰਮਨਦੀਪ ਸਿੰਘ, ਕਾਰਜਕਾਰੀ ਇੰਜੀਨੀਅਰ ਮਾਈਨਿੰਗ ਵਿਭਾਗ ਤੁਸ਼ਾਰ ਗੋਇਲ, ਕਾਰਜ ਸਾਧਕ ਅਫਸਰ ਰੂਪਨਗਰ ਅਸ਼ੋਕ ਕੁਮਾਰ, ਕਾਰਜ ਸਾਧਕ ਅਫਸਰ ਨੰਗਲ ਰਵਨੀਤ ਸਿੰਘ, ਕਾਰਜ ਸਾਧਕ ਅਫਸਰ ਸ੍ਰੀ ਚਮਕੌਰ ਸਾਹਿਬ ਗੁਰਦੀਪ ਸਿੰਘ, ਕਾਰਜ ਸਾਧਕ ਅਫਸਰ ਸ੍ਰੀ ਅਨੰਦਪੁਰ ਸਾਹਿਬ ਹਰਬਖਸ਼ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਬਲਦੇਵ ਸਿੰਘ ਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।