09 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਫੈੱਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਅੱਜ ਆੜ੍ਹਤੀਆਂ ਨੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਮੀਟਿੰਗ ਕੀਤੀ। ਇਸ ਬਾਰੇ ਐਸੋਸੀਏਸ਼ਨ ਦੇ ਸੀਨੀਅਰ ਆਗੂ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸਾ ਮਿਲਣ ਅਤੇ ਮੀਂਹ ਕਾਰਨ ਕਿਸਾਨਾਂ ’ਤੇ ਪਈ ਬਿਪਤਾ ਦੇ ਮੱਦੇਨਜ਼ਰ ਰਸਮੀ ਤੌਰ ’ਤੇ ਉਹ ਭਲਕ ਤੋਂ ਮੰਡੀਆਂ ’ਚ ਕੰਮ ’ਤੇ ਪਰਤਣਗੇ। ਮੁੱਖ ਮੰਤਰੀ ਨੇ ਢਾਈ ਫ਼ੀਸਦੀ ਆੜ੍ਹਤ ਦਾ ਮੁੱਦਾ ਕੇਂਦਰ ਕੋਲ ਰੱਖਣ ਦਾ ਭਰੋਸਾ ਦਿੱਤਾ ਹੈ।
ਭਾਵੇਂ ਆੜ੍ਹਤੀਆਂ ਦੇ ਕੰਮ ’ਤੇ ਪਰਤਣ ਨਾਲ ਖ਼ਰੀਦ ਵਿਚਲਾ ਅੜਿੱਕਾ ਦੂਰ ਹੋ ਗਿਆ ਹੈ ਪਰ ਪੰਜਾਬ ’ਚ ਬੇਮੌਸਮੇ ਮੀਂਹ ਕਾਰਨ ਵਾਢੀ ਦਾ ਕੰਮ ਵਿਸਾਖੀ ਮਗਰੋਂ ਜ਼ੋਰ ਫੜੇਗਾ। ਸੂਬੇ ਦੀਆਂ ਮੰਡੀਆਂ ’ਚ ਆ ਰਹੀ ਫ਼ਸਲ ’ਚ ਨਮੀ ਦੀ ਮਾਤਰਾ ਜ਼ਿਆਦਾ ਹੈ। ਕਣਕ ਦੀ ਸਰਕਾਰੀ ਖ਼ਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਹਾਲੇ ਫ਼ਸਲ ਦੀ ਆਮਦ ਨੇ ਤੇਜ਼ੀ ਨਹੀਂ ਫੜੀ ਹੈ। ਹੁਣ ਤੱਕ ਖ਼ਰੀਦ ਕੇਂਦਰਾਂ ’ਚ 11984.99 ਮੀਟ੍ਰਿਕ ਟਨ ਫ਼ਸਲ ਹੀ ਪੁੱਜੀ ਹੈ। ਇਸ ਵਿੱਚੋਂ 7693.20 ਮੀਟ੍ਰਿਕ ਟਨ ਖ਼ਰੀਦੀ ਗਈ ਹੈ। ਪ੍ਰਾਈਵੇਟ ਤੌਰ ’ਤੇ ਸਿਰਫ਼ 20 ਮੀਟ੍ਰਿਕ ਟਨ ਫ਼ਸਲ ਖ਼ਰੀਦ ਕੀਤੀ ਹੈ।
ਖੰਨਾ ਮੰਡੀ ਦੇ ਆੜ੍ਹਤੀਏ ਰਾਜ ਸੂਦ ਨੇ ਦੱਸਿਆ ਕਿ ਮੰਡੀਆਂ ’ਚ ਆ ਰਹੀ ਫ਼ਸਲ ’ਚ ਹਾਲੇ ਨਮੀ ਦੀ ਮਾਤਰਾ 14-16 ਫ਼ੀਸਦੀ ਹੈ। ਉਹ ਨਮੀ ਦੀ ਮਾਤਰਾ 12 ਫ਼ੀਸਦੀ ਤੱਕ ਆਉਣ ’ਤੇ ਹੀ ਫ਼ਸਲ ਖ਼ਰੀਦ ਕਰਨਗੇ। ਕਿਸਾਨ ਮੀਂਹ ਕਾਰਨ ਪ੍ਰਤੀ ਏਕੜ 10 ਹਜ਼ਾਰ ਤੋਂ ਜ਼ਿਆਦਾ ਦਾ ਨੁਕਸਾਨ ਦੱਸ ਰਹੇ ਹਨ।
ਮੁਕਤਸਰ ਦੇ ਪਿੰਡ ਕੋਟਲੀ ਦੇਵਨ ਦੇ ਕਿਸਾਨ ਟੇਕ ਸਿੰਘ ਨੇ ਦੱਸਿਆ ਕਿ ਮੀਂਹ ਤੇ ਹਨੇਰੀ ਕਾਰਨ ਫ਼ਸਲਾਂ ਡਿੱਗ ਗਈਆਂ ਹਨ, ਇਸ ਨਾਲ ਕਿਸਾਨਾਂ ਦੇ ਕਟਾਈ ਖ਼ਰਚੇ ਵਧਣਗੇ। ਝਾੜ ਚਾਰ ਤੋਂ ਪੰਜ ਕੁਇੰਟਲ ਪ੍ਰਤੀ ਏਕੜ ਤੱਕ ਘੱਟ ਨਿਕਲਣ ਦੀ ਸੰਭਾਵਨਾ ਹੈ।
ਦੂਜੇ ਪਾਸੇ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਆਪਣੇ ਪਿੰਡ ਮਲੂਕਾ ਦੇ ਖ਼ਰੀਦ ਕੇਂਦਰ ਦੀ ਵੀਡੀਓ ਸਾਂਝੀ ਕੀਤੀ ਜਿੱਥੇ ਮੰਡੀ ’ਚ ਹਾਲੇ ਕੋਈ ਸਫ਼ਾਈ ਵਗ਼ੈਰਾ ਵੀ ਨਹੀਂ ਕੀਤੀ ਹੋਈ।
