ਚੰਡੀਗੜ੍ਹ 07 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ’ਚ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੇ ਇਲਾਜ ਦਾ ਦਾਇਰਾ ਹੁਣ ਹੋਰ ਵਧਾਇਆ ਜਾ ਰਿਹਾ ਹੈ। ਸਰਕਾਰੀ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰਾਂ ’ਚ ਨਸ਼ੇ ਦੀ ਲਤ ਦਾ ਇਲਾਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੀ ਐੱਚਆਈਵੀ, ਹੈਪੇਟਾਈਟਿਸ-ਬੀ ਤੇ ਸੀ ਦੀ ਜਾਂਚ ਵੀ ਕੀਤੀ ਜਾਵੇਗੀ। ਇਸ ਲਈ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ਨਸ਼ਾ ਮੁਕਤੀ ਸੇਵਾਵਾਂ ਨਾਲ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦਾ ਮਤਲਬ ਹੈ ਕਿ ਨਸ਼ਾ ਛੁਡਾਉਣ ਦੇ ਨਾਲ-ਨਾਲ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਕੀ ਕੋਈ ਵਿਅਕਤੀ ਕਿਸੇ ਗੰਭੀਰ ਇਨਫੈਕਸ਼ਨ ਦੀ ਲਪੇਟ ਵਿਚ ਤਾਂ ਨਹੀਂ ਹੈ।

ਸਿਹਤ ਵਿਭਾਗ ਦੀ ਇਸ ਪਹਿਲ ਪਿੱਛੇ ਸਭ ਤੋਂ ਵੱਡੀ ਵਜ੍ਹਾ ਇੰਜੈਕਸ਼ਨ ਰਾਹੀਂ ਨਸ਼ੇ ਦਾ ਸੇਵਨ ਕਰਨ ਵਾਲਿਆਂ ’ਚ ਲਾਗ ਦਾ ਖ਼ਤਰਾ ਹੈ। ਇਕ ਹੀ ਸੂਈ ਜਾਂ ਸਿਰਿੰਜ ਦੀ ਮੁੜ ਵਰਤੋਂ ਹੋਣ ਨਾਲ ਐੱਚਆਈਵੀ ਤੇ ਹੈਪੇਟਾਈਟਿਸ-ਬੀ ਤੇ ਸੀ ਵਰਗਾ ਲਾਗ ਫੈਲ ਸਕਦਾ ਹੈ। ਇਸ ਸੰਦਰਭ ’ਚ ਨਸ਼ਾ ਮੁਕਤੀ ਕੇਂਦਰਾਂ ‘ਤੇ ਪਹੁੰਚਣ ਵਾਲੇ ਲੋਕਾਂ ਦੀ ਰੈਗੂਲਰ ਸਕ੍ਰੀਨਿੰਗ ਨਾਲ ਬਿਮਾਰੀ ਦੀ ਸ਼ੁਰੂਆਤੀ ਅਵਸਥਾ ’ਚ ਹੀ ਪਛਾਣ ਕੀਤੀ ਜਾ ਸਕੇਗੀ।

2 ਮਹੀਨੇ ਦੇ ਕੈਂਪ ਤੋਂ ਰੈਗੂਲਰ ਸਕ੍ਰੀਨਿੰਗ ਤੱਕ

ਹੁਣ ਤੱਕ ਸਰਕਾਰੀ ਕੇਂਦਰਾਂ ’ਚ ਐੱਚਆਈਵੀ ਤੇ ਹੈਪੇਟਾਈਟਿਸ ਦੀ ਜਾਂਚ ਲਈ ਲਗਪਗ ਦੋ ਮਹੀਨੇ ਦੇ ਅੰਤਰਾਲ ‘ਤੇ ਕੈਂਪ ਲਗਾਏ ਜਾਂਦੇ ਸਨ। ਇਸ ਪ੍ਰਣਾਲੀ ’ਚ ਜਾਂਚ ਦੀ ਸਹੂਲਤ ਉਪਲਬਧ ਤਾਂ ਸੀ, ਪਰ ਜੇ ਕੋਈ ਵਿਅਕਤੀ ਕੈਂਪ ਦੇ ਦਿਨ ਨਹੀਂ ਪਹੁੰਚਿਆ ਤਾਂ ਉਸ ਨੂੰ ਅਗਲੀ ਜਾਂਚ ਲਈ ਕਈ ਹਫ਼ਤੇ ਜਾਂ ਮਹੀਨੇ ਇੰਤਜ਼ਾਰ ਕਰਨਾ ਪੈ ਸਕਦਾ ਸੀ। ਇਸ ਦੇ ਨਾਲ ਹੀ ਇਹ ਨਿਗਰਾਨੀ ਕਰਨਾ ਵੀ ਚੁਣੌਤੀ ਸੀ ਕਿ ਕਿੰਨੇ ਲੋਕਾਂ ਦੀ ਜਾਂਚ ਹੋਈ, ਕੌਣ ਜਾਂਚ ਤੋਂ ਰਹਿ ਗਿਆ ਤੇ ਕਿਸ ਨੂੰ ਅੱਗੇ ਇਲਾਜ ਦੀ ਲੋੜ ਹੈ। ਹੁਣ ਸਕ੍ਰੀਨਿੰਗ ਨੂੰ ਵੱਖ-ਵੱਖ ਕੈਂਪਾਂ ਤੱਕ ਸੀਮਤ ਰੱਖਣ ਦੀ ਬਜਾਏ ਨਸ਼ਾ ਮੁਕਤੀ ਤੇ ਪੁਨਰਵਾਸ ਦੀ ਰੈਗੂਲਰ ਪ੍ਰਕਿਰਿਆ ’ਚ ਸ਼ਾਮਲ ਕੀਤਾ ਜਾਵੇਗਾ। ਇਸ ਨਾਲ ਕੇਂਦਰਾਂ ’ਚ ਆਉਣ ਵਾਲੇ ਲੋਕਾਂ ਦੀ ਜਾਂਚ ਦਾ ਰਿਕਾਰਡ ਰੱਖਣ ਤੇ ਲੋੜ ਮੁਤਾਬਕ ਉਨ੍ਹਾਂ ਨੂੰ ਅੱਗੇ ਦੀ ਮੈਡੀਕਲ ਸਹਾਇਤਾ ਨਾਲ ਜੋੜਨ ’ਚ ਮਦਦ ਮਿਲੇਗੀ।

ਇਨਫੈਕਸ਼ਨ ਮਿਲਿਆ ਤਾਂ ਇਲਾਜ ਤੱਕ ਪਹੁੰਚਾਵਾਂਗੇ : ਸਿਹਤ ਮੰਤਰੀ

ਜਾਂਚ ਚ ਐੱਚਆਈਵੀ ਜਾਂ ਹੈਪੇਟਾਈਟਿਸ ਦੀ ਪੁਸ਼ਟੀ ਹੋਣ ‘ਤੇ ਮਰੀਜ਼ ਨੂੰ ਸਬੰਧਤ ਸਿਹਤ ਸੰਸਥਾਨ ’ਚ ਅੱਗੇ ਦੀ ਜਾਂਚ ਤੇ ਇਲਾਜ ਲਈ ਰੈਫਰ ਕੀਤਾ ਜਾਵੇਗਾ। ਸਿਹਤ ਵਿਭਾਗ ਦਾ ਮੰਨਣਾ ਹੈ ਕਿ ਇਸ ਨਾਲ ਨਾ ਸਿਰਫ ਲਾਗ ਦੀ ਪਛਾਣ ਹੋਵੇਗੀ, ਸਗੋਂ ਮਰੀਜ਼ਾਂ ਨੂੰ ਨਿਰੰਤਰ ਮੈਡੀਕਲ ਦੇਖਭਾਲ ਨਾਲ ਜੋੜਨਾ ਵੀ ਆਸਾਨ ਹੋਵੇਗਾ। ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ੇ ਦੀ ਲਤ ਨਾਲ ਜੂਝ ਰਹੇ ਲੋਕਾਂ ਨੂੰ ਸਿਰਫ ਨਸ਼ੇ ਤੋਂ ਬਾਹਰ ਕੱਢਣਾ ਕਾਫੀ ਨਹੀਂ ਹੈ। ਉਨ੍ਹਾਂ ਨੂੰ ਸਿਹਤਮੰਦ ਜੀਵਨ ਵੱਲ ਵਾਪਸ ਲਿਆਉਣਾ ਵੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਅਗਵਾਈ ’ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਇਸੇ ਵਿਆਪਕ ਟੀਚੇ ਨਾਲ ਅੱਗੇ ਵਧ ਰਹੀ ਹੈ।

ਆਮ ਆਦਮੀ ਕਲੀਨਿਕਾਂ ’ਚ ਪਹਿਲਾਂ ਤੋਂ ਮੁਫਤ ਜਾਂਚ

ਸੂਬੇ ਦੇ ਸਾਰੇ ਆਮ ਆਦਮੀ ਕਲੀਨਿਕਾਂ ’ਚ ਐੱਚਆਈਵੀ, ਹੈਪੇਟਾਈਟਿਸ-ਬੀ ਤੇ ਸੀ ਦੀ ਜਾਂਚ ਮੁਫਤ ਉਪਲਬਧ ਹੈ। ਇਹ ਲਾਗ ਕਈ ਵਾਰ ਲੰਬੇ ਸਮੇਂ ਤੱਕ ਬਿਨਾਂ ਸਪਸ਼ਟ ਲੱਛਣਾਂ ਦੇ ਰਹਿ ਸਕਦੇ ਹਨ। ਸਮੇਂ ‘ਤੇ ਜਾਂਚ ਹੋਣ ਨਾਲ ਬਿਮਾਰੀ ਦੀ ਪਛਾਣ ਤੇ ਇਲਾਜ ਸ਼ੁਰੂ ਕਰਨ ’ਚ ਦੇਰੀ ਨੂੰ ਰੋਕਿਆ ਜਾ ਸਕਦਾ ਹੈ। ਪੰਜਾਬ ਸਰਕਾਰ ਨੇ ਖ਼ੂਨ ਰਾਹੀਂ ਫੈਲਣ ਵਾਲੇ ਲਾਗਾਂ ਦੀ ਜਲਦੀ ਪਛਾਣ ਲਈ ਨਿਊਕਲਿਕ ਐਸਿਡ ਟੈਸਟਿੰਗ (ਐੱਨਏਟੀ) ਤੇ ਕੈਮਿਲੂਮਿਨੇਸੈਂਸ ਇਮਿਊਨੋਐਸੇ (ਸੀਐੱਲਆਈਏ) ਵਰਗੀਆਂ ਆਧੁਨਿਕ ਜਾਂਚ ਤਕਨੀਕਾਂ ਨੂੰ ਅਪਣਾਉਣ ਦੀ ਦਿਸ਼ਾ ’ਚ ਵੀ ਕਦਮ ਚੁੱਕੇ ਹਨ। ਸਰਕਾਰ ਦੀ ਯੋਜਨਾ ਸਿਰਫ ਮੈਡੀਕਲ ਇਲਾਜ ਤੱਕ ਸੀਮਤ ਨਹੀਂ ਹੈ। ਕਾਉਂਸਲਿੰਗ, ਮਨੋਵਿਗਿਆਨਕ ਸਹਾਇਤਾ, ਮੈ਼ਡੀਕਲ ਤੇ ਸਮਾਜਿਕ ਮੁੜ ਵਸੇਬੇ ਨੂੰ ਵੀ ਇਲਾਜ ਪ੍ਰਕਿਰਿਆ ਦਾ ਹਿੱਸਾ ਬਣਾਇਆ ਜਾ ਰਿਹਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।