ਸ੍ਰੀ ਅਨੰਦਪੁਰ ਸਾਹਿਬ ਸਾਹਿਬ 07 ਮਾਰਚ ( ਪੰਜਾਬੀ ਖਬਰਨਾਮਾ):ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿੱਢੀ ਵਿਆਪਕ ਸਫਾਈ ਮੁਹਿੰਮ ਸੜਕਾਂ ਤੇ ਰੋਸ਼ਨੀ, ਗਲੀਆਂ, ਨਾਲੀਆਂ ਦੀ ਸਫਾਈ, ਡਰੇਨਾਂ, ਪਾਰਕਾਂ, ਫੁੱਟਪਾਥ ਲਗਾਤਾਰ ਚਮਕਣ ਲੱਗ ਪਏ ਹਨ। ਮੇਲਾ ਖੇਤਰ ਦੀ ਸਫਾਈ ਮੁਹਿੰਮ ਦੀ ਸੁਰੂਆਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਭੂਰੀ ਵਾਲਿਆ ਦੇ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ (ਬਾਬਾ ਸੁੱਖਾ ਜੀ) ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਉਪਰੰਤ ਕੀਤੀ ਗਈ ਸੀ, ਇਹ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਹੁਣ ਮੇਲਾ ਖੇਤਰ ਵਿੱਚ ਸਫਾਈ ਮੁਹਿੰਮ ਨਾਲ ਬਦਲਾਓ ਨਜ਼ਰ ਆ ਰਿਹਾ ਹੈ। ਸੜਕਾਂ ਤੇ ਰੋਸ਼ਨੀ ਦੇ ਪ੍ਰਬੰਧ ਹੋ ਗਏ ਹਨ, ਪੁੱਟਪਾਥ, ਗਰਿੱਲਾਂ ਦਾ ਰੰਗ ਰੋਗਨ ਚੱਲ ਰਿਹਾ ਹੈ, ਪਾਰਕਾਂ ਦੀ ਸਫਾਈ, ਰੁੱਖਾਂ, ਬੂਟਿਆਂ ਦੀ ਕਟਾਈ ਦੀ ਸੇਵਾ ਸੁਰੂ ਹੋ ਗਈ ਹੈ। ਭੂਰੀ ਵਾਲਿਆਂ ਦੇ ਸੇਵਾਦਾਰ ਜਿੱਥੇ ਪੂਰੀ ਮਿਹਨਤ ਅਤੇ ਲਗਨ ਨਾਲ ਲੱਗੇ ਹੋਏ ਹਨ, ਉਥੇ ਨਗਰ ਕੋਂਸਲ ਦੇ ਕਰਮਚਾਰੀ ਅਤੇ ਮਗਨਰੇਗਾ ਕਾਮੇ ਵੀ ਇਸ ਸੇਵਾ ਵਿੱਚ ਜੁਟੇ ਹੋਏ ਹਨ। ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਅਤੇ ਹੋਰ ਅਧਿਕਾਰੀਆਂ ਵੱਲੋਂ ਆਪਣੇ ਵਿਭਾਗਾਂ ਦੀ ਕਾਰਗੁਜਾਰੀ ਦੀ ਲਗਾਤਾਰ ਮੋਨੀਟਰਿੰਗ ਕੀਤੀ ਜਾ ਰਹੀ ਹੈ।
ਬਾਬਾ ਸੁਖਵਿੰਦਰ ਸਿੰਘ (ਬਾਬਾ ਸੁੱਖਾ) ਭੂਰੀ ਵਾਲਿਆਂ ਨੇ ਕਿਹਾ ਕਿ ਸਾਡੀ ਟੀਮ ਦੇ ਮੁਖੀਆਂ ਭਾਈ ਅਮਰਜੀਤ ਸਿੰਘ, ਬਾਬਾ ਕਾਲਾ ਜੀ, ਹਰਦੀਪ ਸਿੰਘ, ਮੁਖਤਾਰ ਸਿੰਘ ਦੀ ਅਗਵਾਈ ਵਿਚ ਸੈਕੜੇ ਸੇਵਾਦਾਰ ਦਿਨ ਰਾਤ ਸੇਵਾ ਕਰ ਰਹੇ ਹਨ। ਮੇਲਾ ਖੇਤਰ ਵਿਚ ਲੱਖਾਂ ਸੰਗਤਾਂ ਦੀ ਆਮਦ ਤੇ ਸੈਕੜੇ ਲੰਗਰਾਂ ਦੀ ਸਾਭ ਸੰਭਾਲ ਲਈ ਬਾਬਾ ਜੀ ਦੀ ਵਿਸੇਸ ਮੁਹਿੰਮ ਬਹੁਤ ਹੀ ਕਾਰਗਰ ਸਿੱਧ ਹੋਵੇਗੀ। ਬਾਬਾ ਜੀ ਵਲੋ ਹਰ ਸਥਾਨ ਤੇ ਜਿੱਥੇ ਸੰਗਤਾਂ ਵੱਡੀ ਗਿਣਤੀ ਵਿਚ ਪੁੱਜਦੀਆਂ ਹਨ, ਉਥੇ ਇਹ ਮੁਹਿੰਮ ਅਰੰਭ ਕੀਤੀ ਜਾਵੇਗੀ। ਪ੍ਰਸਾਸ਼ਨ ਤੇ ਸਫਾਈ ਸੇਵਕਾ ਦੇ ਨਾਲ ਨਾਲ ਭੂਰੀ ਵਾਲਿਆਂ ਦੇ ਕਾਰ ਸੇਵਕਾਂ ਨੇ ਆਧੁਨਿਕ ਮਸ਼ੀਨਰੀ ਨਾਲ ਪਿਛਲੇ ਕਈ ਦਿਨਾਂ ਤੋ ਸਮੁੱਚੇ ਮੇਲਾ ਖੇਤਰ ਦੀ ਸਫਾਈ ਲਈ ਵਿਆਪਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਵਲੋਂ ਨਗਰ ਨੂੰ ਕੋਨੇ ਕੋਨੇ ਤੱਕ ਗੰਦਗੀ ਮੁਫਤ ਕਰਨ ਲਈ ਦਿਨ ਰਾਤ ਸੇਵਾ ਕੀਤੀ ਜਾ ਰਹੀ ਹੈ। ਬਾਬਾ ਭੂਰੀ ਵਾਲਿਆਂ ਨੇ ਕਿਹਾ ਹੈ ਕਿ ਹੋਲੇ ਮਹੱਲੇ ਦਾ ਤਿਉਹਾਰ ਜਦੋ ਸਮਾਪਤ ਹੋ ਜਾਵੇਗਾ ਉਸ ਉਪਰੰਤ ਵੀ ਸ਼ਹਿਰ ਦੀ ਸਾਰੀ ਸਫਾਈ ਕੀਤੀ ਜਾਵੇਗੀ। ਉਨ੍ਹਾਂ ਵਲੋ ਵਾਤਾਵਰਣ ਤੇ ਪੋਣ ਪਾਣੀ ਦੀ ਸਾਂਭ ਸੰਭਾਲ ਲਈ ਪਹਿਲਾ ਹੀ ਜਿਕਰਯੋਗ ਉਪਰਾਲੇ ਕੀਤੇ ਜਾ ਰਹੇ ਹਨ। ਰੁੱਖਾ, ਪੌਦਿਆ ਦੀ ਧੁਲਾਈ ਦੇ ਨਾਲ-ਨਾਲ ਕੂੜਾ ਪ੍ਰਬੰਧਨ ਅਤੇ ਸਵੀਪਿੰਗ ਮਸ਼ੀਨਾ ਰਾਹੀ ਮੇਲਾ ਖੇਤਰ ਨੂੰ ਸਾਫ ਸੁਥਰਾ ਕੀਤਾ ਜਾ ਰਿਹਾ ਹੈ।