ਡਿਪਟੀ ਕਮਿਸ਼ਨਰ ਵੱਲੋਂ ਆਬਕਾਰੀ ਵਿਭਾਗ ਨੂੰ ਸਖਤ ਹਦਾਇਤਾਂ ਜਾਰੀ
ਫਾਜ਼ਿਲਕਾ 26 ਮਾਰਚ ( ਪੰਜਾਬੀ ਕਬਰਨਾਮਾ ) : ਲੋਕ ਸਭਾ ਚੋਣਾਂ 2024 ਨੂੰ ਧਨ ਬਲ ਅਤੇ ਨਸ਼ਿਆਂ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਲਈ ਚੋਣ ਕਮਿਸ਼ਨ ਵੱਲੋਂ ਸਖਤ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਵਿੱਚ ਅੱਜ ਜ਼ਿਲ੍ਹਾ ਚੋਣ ਅਫਸਰ ਕੰਮ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਆਬਕਾਰੀ ਵਿਭਾਗ ਨੂੰ ਸਖਤ ਹਦਾਇਤ ਕੀਤੀ ਕਿ ਉਹ ਚੋਣਾਂ ਦੌਰਾਨ ਸ਼ਰਾਬ ਦੇ ਪਰਵਾਹ ਨੂੰ ਰੋਕਣ ਲਈ ਸਖਤੀ ਨਾਲ ਕਾਰਵਾਈ ਕਰੇ । ਉਹਨਾਂ ਨੇ ਕਿਹਾ ਕਿ ਜੇਕਰ ਕਿਤੇ ਵੀ ਨਜਾਇਜ਼ ਸ਼ਰਾਬ ਬਰਾਮਦ ਹੁੰਦੀ ਹੈ ਅਤੇ ਉਸਦੇ ਬੈਕਵਰਡ ਲਿੰਕ ਜ਼ਿਲ੍ਹੇ ਨਾਲ ਜੁੜਦੇ ਹਨ ਤਾਂ ਸਬੰਧਤ ਜਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਸੇ ਤਰਾਂ ਉਹਨਾਂ ਨੇ ਕਿਹਾ ਕਿ ਗੁਆਂਢੀ ਜਿਲਿਆਂ ਅਤੇ ਗੁਆਂਢੀ ਸੂਬੇ ਦੀਆਂ ਹੱਦਾਂ ਤੇ ਵੀ ਪੂਰੀ ਚੌਕਸੀ ਰੱਖੀ ਜਾਵੇ । ਅੰਤਰ ਜਿਲ਼੍ਹਾ ਅਤੇ ਅੰਤਰ ਰਾਜੀ ਸਰਹੱਦਾਂ ਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਵੱਲੋਂ ਵੀ ਨਾਕਾਬੰਦੀ ਕੀਤੀ ਜਾਵੇ।ਜ਼ਿਲੇ ਵਿੱਚ ਸ਼ਰਾਬ ਦੇ ਜੋ ਗੋਦਾਮ ਹਨ ਅਤੇ ਸ਼ਰਾਬ ਦੀ ਜੋ ਅਧਿਕਾਰਿਕ ਤੌਰ ਤੇ ਵਿਕਰੀ ਹੋ ਰਹੀ ਹੈ ਉਸ ਤੇ ਵੀ ਨੇੜਿਓਂ ਨਜ਼ਰ ਰੱਖੀ ਜਾਵੇ। ਉਹਨਾਂ ਨੇ ਕਿਹਾ ਕਿ ਨਜਾਇਜ਼ ਸ਼ਰਾਬ ਤਿਆਰ ਕਰਨ ਵਾਲੇ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਤੁਰੰਤ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ । ਉਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਉਹਨਾਂ ਕੋਲ ਕਿਤੇ ਵੀ ਨਜਾਇਜ਼ ਸ਼ਰਾਬ ਸਬੰਧੀ ਕੋਈ ਸੂਚਨਾ ਹੋਵੇ ਤਾਂ ਉਹ ਪੁਲਿਸ ਵਿਭਾਗ ਜਾਂ ਆਬਕਾਰੀ ਵਿਭਾਗ ਨੂੰ ਸੂਚਨਾ ਦੇਣ । ਉਹਨਾਂ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਹਿਚਾਨ ਗੁਪਤ ਰੱਖੀ ਜਾਵੇਗੀ। ਇਸੇ ਤਰਾਂ ਜੇਕਰ ਕਿਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਰਾਬ ਜਾਂ ਕੋਈ ਹੋਰ ਨਸ਼ਾ ਵੰਡਿਆਂ ਜਾ ਰਿਹਾ ਹੋਵੇ ਤਾਂ ਇਸਦੀ ਸੂਚਨਾ ਵੀ ਤੁਰੰਤ ਦਿੱਤੀ ਜਾਵੇ। ਲੋਕ ਸੀ ਵਿਜਲ ਐਪ ਰਾਹੀਂ ਵੀ ਇਸਦੀ ਸੂਚਨਾ ਦੇ ਸਕਦੇ ਹਨ। ਸੀ ਵਿਜਲ ਐਪ ਰਾਹੀਂ ਪ੍ਰਾਪਤ ਸ਼ਿਕਾਇਤ ਤੇ 100 ਮਿੰਟ ਵਿਚ ਕਾਰਵਾਈ ਕੀਤੀ ਜਾਣੀ ਯਕੀਨੀ ਬਣਾਈ ਜਾਂਦੀ ਹੈ।