ਤਰਨ ਤਾਰਨ, 29 ਅਪ੍ਰੈਲ (ਪੰਜਾਬੀ ਖ਼ਬਰਨਾਮਾ):ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਸੰਦੀਪ ਕੁਮਾਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜ਼ਿਲ੍ਹੇ ਦੀ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੇ ਨਾਲ ਕਣਕ ਦੀ ਖਰੀਦ ਪ੍ਰਕਿਰਿਆ, ਲਿਫਟਿੰਗ ਅਤੇ ਮੰਡੀਆਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਇੰਤਜ਼ਾਮਾਂ ਸਬੰਧੀ ਵਿਸ਼ੇਸ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਸਬ ਡਵੀਜ਼ਨਾਂ ਅਤੇ ਬਲਾਕਾਂ ਤੋਂ ਆੜ੍ਹਤੀਆ ਭਾਈਚਾਰੇ ਵੱਲੋਂ ਸ਼ਮੂਲੀਅਤ ਕੀਤੀ ਗਈ।ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ਼੍ਰੀਮਤੀ ਜਸਜੀਤ ਕੌਰ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਹਰਜੋਤ ਸਿੰਘ ਵੀ ਮੌਜੂਦ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਵਾਰ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੇ ਕਾਰਨ ਲਿਫਟਿੰਗ ਪ੍ਰਕਿਰਿਆਂ ਦੇ ਵਿੱਚ ਪਹਿਲੇ ਦਿਨ ਤੋਂ ਹੀ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ ਅਤੇ ਉਨਾਂ ਨੂੰ ਉਮੀਦ ਹੈ ਕਿ ਜ਼ਿਲੇ੍ਹ ਦੇ ਵਿੱਚ ਲਿਫਟਿੰਗ ਦੇ ਟੀਚੇ ਨੂੰ ਮਿਥੇ ਹੋਏ ਸਮੇਂ ਦੌਰਾਨ ਪ੍ਰਾਪਤ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਅਤੇ ਲਿਫਟਿੰਗ ਨੂੰ ਲੈ ਕੇ ਜ਼ਿਲਾ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਉਨਾਂ ਵੱਲੋਂ ਜ਼ਿਲੇ੍ਹ ਦੇ ਇੱਕ-ਇੱਕ ਮੰਡੀ ‘ਤੇ ਚੱਲ ਰਹੀ ਲਿਫਟਿੰਗ ਪ੍ਰਕਿਰਿਆਂ ‘ਤੇ ਨਜ਼ਰ ਬਣਾਈ ਹੋਈ ਹੈ।
ਸ਼੍ਰੀ ਸੰਦੀਪ ਕੁਮਾਰ ਨੇ ਆੜ੍ਹਤੀਆਂ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲਿਫਟਿੰਗ ਪ੍ਰਤੀ ਖਰੀਦ ਏਜੰਸੀਆਂ ਦੇ ਕਾਰਜ ਨੂੰ ਵੀ ਵਾਚਿਆ ਜਾ ਰਿਹਾ ਹੈ ਤਾਂ ਜੋ ਕਿਸਾਨ ਵੱਲੋਂ ਲਿਆਂਦੀ ਗਈ ਫਸਲ ਨੂੰ ਸਮੇਂ ਸਿਰ ਸਾਂਭਿਆ ਜਾ ਸਕੇ। ਉਨਾਂ ਕਿਹਾ ਕਿ ਜ਼ਿਲਾ੍ਹ ਪ੍ਰਸ਼ਾਸਨ ਆੜ੍ਹਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਨਿਵਾਰਣ ਲਈ ਹਰ ਵੇਲੇ ਤੱਤਪਰ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਜੇਕਰ ਆੜ੍ਹਤੀ ਭਾਈਚਾਰੇ ਨੂੰ ਕਿਸੇ ਤਰਾਂ੍ਹ ਦੀ ਸਮੱਸਿਆ ਪੇਸ਼ ਆ ਰਹੀ ਹੈ ਤਾਂ ਉਹ ਉਨਾਂ ਨਾਲ ਰਾਬਤਾ ਕਾਇਮ ਕਰਨ ਤਾਂ ਜੋ ਸਮੇਂ ਮੁਸ਼ਕਲ ਦਾ ਹੱਲ ਤੁਰੰਤ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆੜ੍ਹਤੀਆ ਨੂੰ ਕਣਕ ਦੇ ਸੀਜ਼ਨ ਦੌਰਾਨ ਬਾਰਦਾਨੇ ਦੀ ਘਾਟ ਵੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਵੀ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ।ਉਹਨਾਂ ਕਿਹਾ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਜਾਰੀ ਹੈ ਅਤੇ  ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾ ਰਿਹਾ ਹੈ ।ਉਨ੍ਹਾਂ ਆੜ੍ਹਤੀਆਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਲਿਫਟਿੰਗ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਤਾਂ ਜੋ ਮੰਡੀਆਂ ਵਿੱਚ ਕਣਕ ਸੁੱਟਣ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।