ਜਲੰਧਰ, 10 ਅਪ੍ਰੈਲ (ਪੰਜਾਬੀ ਖਬਰਨਾਮਾ):ਰਾਮ ਨੌਮੀ ਵਾਲੇ ਦਿਨ 17 ਅਪ੍ਰੈਲ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਦੀ ਵੰਡ ਕੀਤੀ।

ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਆਮਦ ਅਤੇ ਸਹੂਲਤ ਦੇ ਮੱਦੇਨਜ਼ਰ ਸਮੁੱਚੇ ਬੰਦੋਬਸਤ ਸਮੇਂ ਸਿਰ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।

ਸ਼ੋਭਾ ਯਾਤਰਾ ਸ਼੍ਰੀ ਰਾਮ ਚੌਕ ਤੋਂ ਭਗਵਾਨ ਵਾਲਮੀਕਿ ਚੌਕ, ਬਸਤੀ ਅੱਡਾ, ਪਟੇਲ ਚੌਕ, ਮਾਈ ਹੀਰਾ ਗੇਟ, ਟਾਂਡਾ ਚੌਕ, ਹੁਸ਼ਿਆਰਪੁਰ ਅੱਡਾ ਚੌਕ, ਸ਼ਹੀਦ ਭਗਤ ਸਿੰਘ ਚੌਕ, ਮਿਲਾਪ ਚੌਕ ਤੋਂ ਹੁੰਦੇ ਹੋਏ ਹਿੰਦ ਸਮਾਚਾਰ ਗਰਾਊਂਡ ਵਿਖੇ ਪੁੱਜੇਗੀ।

ਡਾ. ਅਗਰਵਾਲ ਨੇ ਸਬੰਧਤ ਅਧਿਕਾਰੀਆਂ ਨੂੰ ਸ਼ੋਭਾ ਯਾਤਰਾ ਦੇ ਸਮੁੱਚੇ ਰੂਟ ’ਤੇ ਸਾਫ਼-ਸਫਾਈ, ਸਜਾਵਟ, ਐਂਬੂਲੈਂਸਾਂ, ਮੈਡੀਕਲ ਟੀਮਾਂ ਤੇ ਮਹਿਲਾ ਡਾਕਟਰਾਂ ਦੀ ਤਾਇਨਾਤੀ, ਦਵਾਈਆਂ, ਸੜਕਾਂ ’ਤੇ ਪਾਣੀ ਦਾ ਛਿੜਕਾਅ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਮੋਬਾਇਲ ਟਾਇਲਟ, ਫਾਇਰ ਬ੍ਰਿਗੇਡ, ਨਿਰਵਿਘਨ ਬਿਜਲੀ ਸਪਲਾਈ, ਲਾਈਟਾਂ ਸਮੇਤ ਹੋਰ ਸਮੁੱਚੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਇਹ ਵੀ ਕਿਹਾ ਕਿ ਸ਼ੋਭਾ ਯਾਤਰਾ ਦੇ ਰੂਟ ’ਤੇ ਜੇਕਰ ਕਿਤੇ ਕੋਈ ਖੁੱਲ੍ਹਾ ਹੋਲ, ਡੰਪ ਜਾਂ ਬਿਜਲੀ ਦੀ ਤਾਰ ਨੀਵੀਂ ਹੈ ਤਾਂ ਉਸ ਨੂੰ ਚੈੱਕ ਕਰਵਾ ਕੇ ਤੁਰੰਤ ਠੀਕ ਕਰਵਾਇਆ ਜਾਵੇ।

ਉਨ੍ਹਾਂ ਪੁਲਿਸ ਵਿਭਾਗ ਨੂੰ ਸ਼ੋਭਾ ਯਾਤਰਾ ਦੌਰਾਨ ਸੁਰੱਖਿਆ, ਸੁਚਾਰੂ ਟ੍ਰੈਫਿਕ ਵਿਵਸਥਾ, ਮਹਿਲਾ ਪੁਲਿਸ ਦੀ ਤਾਇਨਾਤੀ, ਬੈਰੀਕੇਡਿੰਗ ਅਤੇ ਢੁੱਕਵੀਂ ਪਾਰਕਿੰਗ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਮੁੱਚੇ ਪ੍ਰਬੰਧਾਂ ਦੀ ਵਿਅਕਤੀਗਤ ਤੌਰ ’ਤੇ ਨਿਗਰਾਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੋਭਾ ਯਾਤਰਾ ਸਬੰਧੀ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣਗੇ, ਜਿਸ ਸਬੰਧੀ ਵੱਖ-ਵੱਖ ਵਿਭਾਗਾਂ ਨੂੰ ਡਿਊਟੀਆਂ ਸੌਂਪ ਦਿੱਤੀਆਂ ਗਈਆਂ ਹਨ।

ਇਸ ਮੌਕੇ ਜੁਆਇੰਟ ਕਮਿਸ਼ਨਰ ਪੁਲਿਸ ਸੰਦੀਪ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ, ਐਸ.ਡੀ.ਐਮ. ਜੈ ਇੰਦਰ ਸਿੰਘ ਤੇ ਬਲਬੀਰ ਰਾਜ ਸਿੰਘ, ਜੁਆਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ ਪੁਨੀਤ ਸ਼ਰਮਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।