ਜਲੰਧਰ, 11 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਕਾਉਂਟਰ ਇੰਟੈਲੀਜੈਂਸ (CI) ਵੱਲੋਂ ਵੀਰਵਾਰ ਨੂੰ 2.5 ਕਿੱਲੋ ਆਰਡੀਐਕਸ, ਆਈਈਡੀ ਤੇ ਰਿਮੋਟ ਕੰਟਰੋਲਰ ਨਾਲ ਫੜੇ ਗਏ ਦੋ ਅੱਤਵਾਦੀਆਂ ਨੇ ਪੁੱਛਗਿੱਛ ’ਚ ਅਹਿਮ ਖੁਲਾਸੇ ਕੀਤੇ ਹਨ। ਦੋਹਾਂ ਨੇ ਦੱਸਿਆ ਕਿ ਇਸ ਆਰਡੀਐਕਸ ਦੀ ਵਰਤੋਂ ਪੰਜਾਬ ’ਚ ਦੋ ਥਾਵਾਂ ‘ਤੇ ਵੱਡੇ ਅੱਤਵਾਦੀ ਹਮਲੇ ਲਈ ਕੀਤਾ ਜਾਣਾ ਸੀ। ਇਹ ਹਮਲਾ ਕਿਸੇ ਧਾਰਮਿਕ ਜਾਂ ਸਿਆਸੀ ਸਮਾਗਮ ਦੌਰਾਨ ਕੀਤਾ ਜਾਣਾ ਸੀ ਤਾਂ ਜੋ ਵੱਡੇ ਪੈਮਾਨੇ ‘ਤੇ ਦਹਿਸ਼ਤ ਫੈਲਾਈ ਜਾ ਸਕੇ। ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਧਾ ਆਰਡੀਐਕਸ ਜਲੰਧਰ ਤੇ ਬਾਕੀ ਫਿਰੋਜ਼ਪੁਰ ਪਹੁੰਚਾਉਣ ਲਈ ਕਿਹਾ ਗਿਆ ਸੀ। ਜਲੰਧਰ ’ਚ ਇਹ ਆਰਡੀਐਕਸ ਦੋ ਲੋਕਾਂ ਨੂੰ ਸਪਲਾਈ ਕੀਤਾ ਜਾਣਾ ਸੀ। ਪੁਲਿਸ ਹੁਣ ਉਨ੍ਹਾਂ ਦੋ ਲੋਕਾਂ ਦੀ ਤਲਾਸ਼ ਕਰ ਰਹੀ ਹੈ, ਜਿਨ੍ਹਾਂ ਇਹ ਆਰਡੀਐਕਸ ਜਲੰਧਰ ’ਚ ਲੈਣਾ ਸੀ। ਇਸ ਤੋਂ ਇਲਾਵਾ ਫਿਰੋਜ਼ਪੁਰ ’ਚ ਦੋਹਾਂ ਨੇ ਕਿਸ ਨੂੰ ਇਹ ਆਰਡੀਐਕਸ ਪਹੁੰਚਾਉਣਾ ਸੀ, ਉਸ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

ਨਸ਼ੇ ਦੇ ਆਦੀ ਦੋਵੇਂ ਮੁਲਜ਼ਮਾਂ ਨੇ ਖ਼ੁਦ ਸੰਪਰਕ ਕੀਤਾ ਸੀ ਬੀਕੇਆਈ ਦੇ ਅੱਤਵਾਦੀਆਂ

ਗ੍ਰਿਫ਼ਤਾਰ ਕੀਤੇ ਗਏ ਗੁਰਦਾਸਪੁਰ ਦੇ ਪਿੰਡ ਅਠਵਾਲ ਵਾਸੀ ਗੁਰਜਿੰਦਰ ਸਿੰਘ ਤੇ ਪਿੰਡ ਨਿੱਕੋ ਸਰਾਂ ਕਲਾ ਵਾਸੀ ਦੀਵਾਨ ਸਿੰਘ ਨਸ਼ੇ ਦੇ ਆਦੀ ਹਨ ਅਤੇ ਪਹਿਲਾਂ ਚੋਰੀ, ਲੁੱਟ-ਖੋਹ ਤੇ ਨਸ਼ਾ ਤਸਕਰੀ ਕਰਦੇ ਸਨ। ਦੋਹਾਂ ਨੇ ਖ਼ੁਦ ਹੀ ਇੰਟਰਨੈਟ ਰਾਹੀਂ ਬੀਕੇਆਈ ਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਮਾਡਿਊਲ ਨਾਲ ਯੂਕੇ ਤੋਂ ਚਲ ਰਹੇ ਅੱਤਵਾਦੀ ਨਿਸ਼ਾਨ ਸਿੰਘ ਜੋੜੀਆਂ ਤੇ ਆਦੇਸ਼ ਜਮਰਾਏ ਨਾਲ ਸੰਪਰਕ ਕੀਤਾ। ਬਾਅਦ ’ਚ ਦੋਹਾਂ ਨੂੰ ਪੰਜਾਬ ’ਚ ਵਿਸਫੋਟਕ ਪਹੁੰਚਾਉਣ ਦਾ ਕੰਮ ਸੌਂਪਿਆ ਗਿਆ। ਇਸ ਬਦਲੇ ਉਨ੍ਹਾਂ ਨੂੰ ਦੋ-ਦੋ ਲੱਖ ਰੁਪਏ ਦਿੱਤੇ ਜਾਣੇ ਸਨ। ਉਹ ਅੰਮ੍ਰਿਤਸਰ ਤੋਂ ਆਰਡੀਐਕਸ ਲੈ ਕੇ ਬਾਈਕ ‘ਤੇ ਜਲੰਧਰ ਪਹੁੰਚੇ ਸਨ। ਇੱਥੇ ਦੋ ਲੋਕਾਂ ਨੂੰ ਅੱਧਾ ਆਰਡੀਐਕਸ ਸੌਂਪਣ ਤੋਂ ਪਹਿਲਾਂ ਹੀ ਉਹ ਪੁਲਿਸ ਦੇ ਹੱਥੇ ਚੜ੍ਹ ਗਏ। ਦੋਹਾਂ ਨੇ ਦੱਸਿਆ ਕਿ ਉਨ੍ਹਾਂ ਅੱਤਵਾਦੀ ਬਣਨ ਲਈ ਮੱਧ ਪ੍ਰਦੇਸ਼ ਤੋਂ ਇਕ ਪਿਸਤੋਲ ਵੀ ਖ਼ਰੀਦੀ ਸੀ।

ਸਾਜ਼ਿਸ਼ ਨਾਕਾਮ ਪਰ ਚੌਕਸੀ ਜਰੂਰੀ : ਨਵਜੋਤ ਸਿੰਘ ਮਾਹਲ

ਏਆਈਜੀ ਕਾਊਂਟਰ ਇੰਟੈਲੀਜੈਂਸ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਇਸ ਕਾਰਵਾਈ ਨਾਲ ਇਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕੀਤਾ ਗਿਆ ਹੈ। ਉਨ੍ਹਾਂ ਜਨਤਾ ਤੋਂ ਅਪੀਲ ਕੀਤੀ ਹੈ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿਓ ਤਾਂ ਜੋ ਸੂਬੇ ਨੂੰ ਅੱਤਵਾਦ-ਮੁਕਤ ਬਣਾਇਆ ਜਾ ਸਕੇ।

ਸੰਖੇਪ:

ਜਲੰਧਰ ’ਚ ਆਰਡੀਐਕਸ ਸਮੇਤ ਗ੍ਰਿਫ਼ਤਾਰ ਮੁਲਜ਼ਮਾਂ ਵੱਲੋਂ ਪੰਜਾਬ ’ਚ 2 ਵੱਡੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਗਈ ਸੀ, ਜਿਸ ਲਈ ਉਨ੍ਹਾਂ ਨੂੰ ਬੀਕੇਆਈ ਅੱਤਵਾਦੀਆਂ ਵੱਲੋਂ 2-2 ਲੱਖ ਰੁਪਏ ਮਿਲਣੇ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।