4 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ ):- ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਮਨਦੀਪ ਕੌਰ ਉਤੇ ਗੰਭੀਰ ਦੋਸ਼ ਲਾਉਣ ਵਾਲੀ ਗੁਰਮੀਤ ਉਰਫ਼ ਗਗਨ ਵਿਰੋਧ ਕਰਨ ਲਈ ਪੁੱਜੀ।
ਗਗਨ ਦੀ ਆਪਣੇ ਪਤੀ ਬਲਜਿੰਦਰ ਸੋਨੂੰ ਨਾਲ ਤਕਰਾਰ ਹੋ ਗਈ। ਇਸ ਮੌਕੇ ਕਾਫੀ ਹੰਗਾਮਾ ਹੋਇਆ। ਪਤੀ ਨੇ ਪਤਨੀ ਗਗਨ ਦੇ ਥੱਪੜ ਜੜੇ। ਦੋਸ਼ ਹਨ ਕਿ ਸੋਨੂੰ ਲੇਡੀ ਕਾਂਸਟੇਬਲ ਨਾਲ ਰਹਿੰਦਾ ਸੀ।
ਦੱਸ ਦਈਏ ਕਿ ਪੁਲਿਸ ਨੇ ਬਾਦਲ ਰੋਡ ’ਤੇ ਹਵਾਈ ਪੁਲ ਨੇੜਿਓਂ ਮਹਿਲਾ ਹੈੱਡ ਕਾਂਸਟੇਬਲ ਨੂੰ ਕਥਿਤ 17.71 ਗ੍ਰਾਮ ਹੈਰੋਇਨ ਸਣੇ ਹਿਰਾਸਤ ’ਚ ਲਿਆ ਸੀ। ਡੀਐੱਸਪੀ ਹਰਬੰਸ ਸਿੰਘ ਮੁਤਾਬਕ ਪੁਲੀਸ ਵੱਲੋਂ ਬਠਿੰਡਾ-ਬਾਦਲ ਮਾਰਗ ਉਤੇ ਨਾਕਾ ਲਾ ਕੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸ ਦੌਰਾਨ ਜਦੋਂ ਥਾਰ ਨੂੰ ਰੋਕ ਕੇ ਚੈਕਿੰਗ ਕੀਤੀ, ਤਾਂ ਉਸ ਵਿੱਚੋਂ ਹੈਰੋਇਨ ਬਰਾਮਦ ਹੋਈ। ਡੀਐੱਸਪੀ ਨੇ ਦੱਸਿਆ ਕਿ ਥਾਰ ਨੂੰ ਔਰਤ ਚਲਾ ਰਹੀ ਸੀ ਅਤੇ ਪੁੱਛ-ਪੜਤਾਲ ਕਰਨ ’ਤੇ ਔਰਤ ਨੇ ਆਪਣਾ ਨਾਂ ਅਮਨਦੀਪ ਕੌਰ ਦੱਸਿਆ। ਇਹ ਔਰਤ ਜ਼ਿਲ੍ਹੇ ਦੇ ਹੀ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਦੀ ਰਹਿਣ ਵਾਲੀ ਹੈ ਅਤੇ ਪੰਜਾਬ ਪੁਲਿਸ ’ਚ ਹੈੱਡ ਕਾਂਸਟੇਬਲ ਵਜੋਂ ਮਾਨਸਾ ਜ਼ਿਲ੍ਹੇ ਵਿੱਚ ਤਾਇਨਾਤੀ ਸੀ ਪਰ ਵਰਤਮਾਨ ਸਮੇਂ ਉਹ ਪੁਲਿਸ ਲਾਈਨ ਬਠਿੰਡਾ ਵਿੱਚ ਡਿਊਟੀ ਕਰ ਰਹੀ ਹੈ। ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਅੱਜ ਉਸ ਦੀ ਅਦਾਲਤ ਵਿਚ ਪੇਸ਼ੀ ਸੀ ਤੇ ਇਸੇ ਦੌਰਾਨ ਹੰਗਾਮਾ ਹੋ ਗਿਆ।
ਸੰਖੇਪ:-ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਅਦਾਲਤ ਪੇਸ਼ੀ ਦੌਰਾਨ ਹੰਗਾਮਾ ਹੋਇਆ, ਜਦੋਂ ਉਸ ਦੇ ਖਿਲਾਫ ਗੰਭੀਰ ਦੋਸ਼ ਲੱਗੇ।
