Sunil Jakhar

09 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਕ ਵਾਰ ਫਿਰ ਪੰਜਾਬ ਵਿਚ ਪੰਥਕ ਪਾਰਟੀ ਦੇ ਮਜ਼ਬੂਤ ਹੋਣ ਦੀ ਵਕਾਲਤ ਕੀਤੀ ਹੈ। ਜਾਖੜ ਨੇ ਆਪਣੇ ਐਕਸ ਅਕਾਉਂਟ ’ਤੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾਂਜਲੀ ਦਿੰਦਿਆਂ ਲਿਖਿਆ, ‘ਇਕ ਮਜ਼ਬੂਤ ਪੰਥਕ ਪਾਰਟੀ ਨਾ ਸਿਰਫ਼ ਪੰਥ, ਕੌਮ ਤੇ ਪੰਜਾਬ ਦੀ ਲੋੜ ਹੈ। ਸਗੋਂ ਇਹ ਦੇਸ਼ ਦੀ ਵੀ ਲੋੜ ਹੈ। ਸਾਰੇ ਅਕਾਲੀ ਧੜਿਆਂ ਨੂੰ ਆਪਸੀ ਗਲਤਫਹਿਮੀਆਂ ਤਿਆਗ ਕੇ ਕੌਮ ਲਈ ਇਕਜੁਟ ਹੋ ਕੇ ਪੰਜਾਬ ਤੇ ਪੰਥ ਲਈ ਅੱਗੇ ਆਉਣਾ ਚਾਹੀਦਾ।’ ਉਨ੍ਹਾਂ ਲਿਖਿਆ ਕਿ ‘ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਪਸੀ ਮਤਭੇਦ ਦੇ ਕਾਰਨ ਪੰਜਾਬ ਦੇ ਮਹਾਨ ਇਤਿਹਾਸ ਦਾ ਇੰਤਕਾਲ ਕੋਈ ਹੋਰ ਹੀ ਆਪਣੇ ਨਾਂ ’ਤੇ ਨਾ ਕਰਵਾ ਲਵੇ•, ਜਿਸਦਾ ਖਾਮਿਆਜਾ ਪੰਥ, ਕੌਮ ਤੇ ਪੰਜਾਬ ਨੂੰ ਭੁਗਤਣਾ ਪਵੇ।’

ਜਾਖੜ ਨੇ ਪੰਥਕ ਏਕਤਾ ਦਾ ਮੁੱਦਾ ਉਸ ਵੇਲੇ ਚੁੱਕਿਆ ਜਦੋਂ ਸ਼ਿਰੋਮਣੀ ਅਕਾਲੀ ਦਲ ਲਗਾਤਾਰ ਭਾਰਤੀ ਜਨਤਾ ਪਾਰਟੀ ’ਤੇ ਇਹ ਦੋਸ਼ ਲਗਾਉਂਦਾ ਆ ਰਿਹਾ ਹੈ ਕਿ ਉਹ ਉਨ੍ਹਾਂ ਦੀ ਪਾਰਟੀ ਨੂੰ ਤੋੜਨ ਦੇ ਯਤਨਾਂ ’ਚ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਨੇ ਪੰਥਕ ਪਾਰਟੀਆਂ ਨੂੰ ਮਜ਼ਬੂਤ ਕਰਨ ਦੀ ਵਕਾਲਤ ਕੀਤੀ ਹੋਵੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਉਨ੍ਹਾਂ ਨੇ ਅਕਾਲੀ ਦਲ ਦੇ ਮਜ਼ਬੂਤ ਹੋਣ ਦਾ ਮੁੱਦਾ ਉਠਾਇਆ ਸੀ। ਜਾਖੜ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਗਠਜੋੜ ਦਾ ਵੀ ਸਮਰਥਨ ਦਿੰਦੇ ਰਹੇ ਹਨ। ਹਾਲਾਂਕਿ ਸੀਟਾਂ ਦੇ ਵੰਡੇ ਜਾਣ ਦੇ ਨਾਲ ਲੋਕ ਸਭਾ ’ਚ ਦੋਨੋਂ ਪਾਰਟੀਆਂ ਵਿਚਾਲੇ ਭਾਈਵਾਲੀ ਨਹੀਂ ਹੋ ਸਕੀ ਹੈ, ਜਿਸ ਦਾ ਖਾਮਿਆਜ਼ਾ ਦੋਨੋਂ ਹੀ ਪਾਰਟੀਆਂ ਨੂੰ ਭੁਗਤਣਾ ਪਿਆ ਸੀ। ਅਕਾਲੀ ਦਲ ਦੋ ਤੋਂ ਸਿਰਫ ਇਕ ਸੀਟ ’ਤੇ ਸਿਮਟ ਗਈ ਸੀ ਅਤੇ ਭਾਜਪਾ ਨੂੰ ਪੰਜਾਬ ’ਚ ਕੋਈ ਵੀ ਸੀਟ ਨਹੀਂ ਮਿਲੀ ਸੀ। ਜਦਕਿ ਅਕਾਲੀ ਦਲ ਦੇ ਇਕੱਲੇ ਹੋਣ ਕਾਰਨ ਫਰੀਦਕੋਟ ਅਤੇ ਖਡੂਰ ਸਾਹਿਬ ਦੀ ਸੀਟ ਪੰਥਕ ਜਥੇਬੰਦੀ ਦੇ ਹੱਥਾਂ ’ਚ ਚਲੀ ਗਈ ਸੀ। ਖਡੂਰ ਸਾਹਿਬ ਤੋਂ ਕੱਟੜਪੰਥੀ ਅਮ੍ਰਿਤਪਾਲ ਅਤੇ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਸੰਸਦ ਬਣੇ ਸਨ। ਮੰਨਿਆ ਜਾ ਰਿਹਾ ਸੀ ਕਿ ਕੱਟੜਪੰਥੀ ਪਾਰਟੀਆਂ ਦੀਆਂ ਆਪਸੀ ਖਿੱਚੋਤਾਣਾਂ ਦੇ ਕਾਰਨ ਹੀ ਇਹ ਉਭਾਰ ਮਿਲਿਆ ਹੈ। ਇਹੀ ਕਾਰਨ ਹੈ ਕਿ ਜਾਖੜ ਪੰਜਾਬ ਦੇ ਹਿਤਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਮਜ਼ਬੂਤ ਹੋਣ ਦਾ ਸਮਰਥਨ ਕਰਦੇ ਆ ਰਹੇ ਹਨ।

ਸੰਖੇਪ: ਸਿਆਸੀ ਨੇਤਾ ਸੁਨੀਲ ਜਾਖੜ ਨੇ ਮੁੜ ਦੱਸਿਆ ਕਿ ਪੰਜਾਬ ਅਤੇ ਦੇਸ਼ ਲਈ ਮਜ਼ਬੂਤ ਪੰਥਕ ਪਾਰਟੀ ਦੀ ਬਹੁਤ ਜ਼ਰੂਰਤ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।