ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਸਕੂਲ ਉਸਾਰੀ ਦੇ ਚਲਦੇ ਵਿਦਿਆਰਥੀਆਂ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ – ਵਧੀਕ ਡਿਪਟੀ ਕਮਿਸ਼ਨਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਸਤੰਬਰ:
ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੜ ਮਾਜਰਾ ਦਾ ਦੌਰਾ ਕਰਕੇ ਉਥੇ ਚੱਲ ਰਹੇ ਸਕੂਲ ਆਫ ਹੈਪੀਨੈਸ ਦੇ ਬਕਾਇਆ ਕੰਮ ਦਾ ਜਾਇਜ਼ਾ ਲਿਆ।
ਉਨ੍ਹਾਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਦੇ ਵੱਖ ਵੱਖ ਸਕੂਲਾਂ ਨੂੰ ‘ਸਕੂਲ ਆਫ਼ ਹੈਪੀਨੈਸ’ ਸਕੀਮ ਅਧੀਨ ਕਵਰ ਕੀਤੇ ਜਾਣ ਤਹਿਤ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਸਰਕਾਰੀ ਪ੍ਰਾਇਮਰੀ ਸਕੂਲ ਬੜਮਾਜਰਾ ਵੀ ਚੁਣਿਆ ਗਿਆ ਹੈ, ਜਿੱਥੇ ਕਿ 21.89 ਲੱਖ ਰੁਪਏ ਦ ਗਰਾਂਟ ਨਾਲ ਇਮਾਰਤੀ ਢਾਂਚਾ ਤਿਆਰ ਹੋ ਚੁੱਕਿਆ ਹੈ ਅਤੇ ਬਾਕੀ ਰਹਿੰਦੀ 18.51 ਲੱਖ ਰੁਪਏ ਦੀ ਗਰਾਂਟ ਨਾਲ ਫਰਸ਼, ਦਰਵਾਜੇ, ਤਾਕੀਆਂ, ਬਿਜਲੀ ਤੇ ਪੇਂਟ ਆਦਿ ਦਾ ਕੰਮ ਮੁਕੰਮਲ ਕੀਤਾ ਜਾਣਾ ਹੈ
ਉਹਨਾਂ ਕਿਹਾ ਕਿ ਸਕੂਲ ਮੁਖੀ ਪਾਸੋਂ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਭਾਰੀ ਬਾਰਸ਼ ਹੋਣ ਕਾਰਨ ਪ੍ਰੀ ਪ੍ਰਾਇਮਰੀ ਜਮਾਤ ਦੇ ਕਮਰੇ ਨਾਲ, ਚਾਰਦੀਵਾਰੀ ਦੇ ਬਾਹਰ ਪਾਣੀ ਖੜ੍ਹਾ ਹੋਇਆ ਹੋਣ ਕਾਰਨ, ਸਲਾਭੀ ਗਈ ਕੰਧ ਕਰਕੇ, ਇਸ ਕਮਰੇ ਵਿੱਚ ਪੜ੍ਹਾਈ ਕਰਵਾਉਣਾ ਸੰਭਵ ਨਹੀਂ ਸੀ, ਜਿਸ ਕਰਕੇ ਬਦਲਵੇਂ ਪ੍ਰਬੰਧ ਵਜੋਂ ਉਸਾਰੀ ਇਸ ਇਮਾਰਤ ਵਿੱਚ ਅਸਥਾਈ ਤੌਰ ਤੇ ਪੜ੍ਹਾਈ ਕਰਵਾਉਣ ਲਈ ਕਲਾਸਾਂ ਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਾਰਸ਼ ਕਾਰਨ ਉਸਾਰੀ ਦੀ ਸਮੱਗਰੀ ਵੀ ਖਿਲਰੀ ਹੋਈ ਸੀ ਤੇ ਪਾਣੀ ਨਾਲ ਇੱਧਰ ਉੱਧਰ ਹੋ ਗਈ ਸੀ। ਲਿਹਾਜ਼ਾ ਹੁਣ ਸਾਰੀ ਇਮਾਰਤ ਦੀ ਸਾਫ਼ ਸਫ਼ਾਈ ਹੋ ਚੁੱਕੀ ਹੈ ਅਤੇ ਪੜ੍ਹਾਈ ਲਈ ਸੁਖਾਵਾਂ ਮਾਹੌਲ ਤਿਆਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਰਾਂਟ ਦੀ ਦੂਸਰੀ ਕਿਸ਼ਤ ਖਜ਼ਾਨਾ ਦਫ਼ਤਰ ਵਿਚੋਂ ਪਾਸ ਹੁੰਦਿਆਂ ਹੀ ਬਾਕੀ ਦਾ ਰਹਿੰਦਾ ਕੰਮ ਵੀ ਮੁਕੰਮਲ ਕਰ ਦਿੱਤਾ ਜਾਵੇਗਾ ਅਤੇ ਕਿਸੇ ਨੂੰ ਵੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।