ਸ਼ਿਮਲਾ 03 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ਹਿਮਾਚਲ ਪ੍ਰਦੇਸ਼ ‘ਚ ਲਾਹੌਲ-ਸਪੀਤੀ ਤੋਂ ਕਾਂਗਰਸ ਵਿਧਾਇਕ ਅਨੁਰਾਧਾ ਰਾਣਾ ਸਵਾਈਨ ਫਲੂ ਦੀ ਲਪੇਟ ‘ਚ ਆ ਗਈ ਹਨ। ਵਾਇਰਲ ਨਾਲ ਸਬੰਧਤ ਸ਼ਿਕਾਇਤਾਂ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਇੰਦਿਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (IGMC), ਸ਼ਿਮਲਾ ‘ਚ ਇਲਾਜ ਅਧੀਨ ਸਨ। ਬੁੱਧਵਾਰ ਨੂੰ ਡਾਕਟਰਾਂ ਨੇ ਉਨ੍ਹਾਂ ਦਾ ਸਵਾਈਨ ਫਲੂ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ। ਹਾਲਾਂਕਿ, ਉਨ੍ਹਾਂ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਹੈ।
ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਵਿਧਾਇਕ ਨੂੰ ਅਗਲੇ 10 ਦਿਨਾਂ ਤੱਕ ਹੋਮ ਆਈਸੋਲੇਸ਼ਨ ‘ਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਇਸ ਦੌਰਾਨ ਲੋਕਾਂ ਤੋਂ ਦੂਰੀ ਬਣਾਈ ਰੱਖਣ ਅਤੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਲਈ ਕਿਹਾ ਹੈ। ਵਿਧਾਇਕ ਅਨੁਰਾਧਾ ਰਾਣਾ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਸਵਾਈਨ ਫਲੂ ਨਾਲ ਸੰਕਰਮਿਤ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਈਸੋਲੇਸ਼ਨ ਦੀ ਮਿਆਦ ਦੌਰਾਨ ਉਹ ਕਿਸੇ ਨਾਲ ਮੁਲਾਕਾਤ ਨਹੀਂ ਕਰ ਸਕਣਗੇ।
CM ਸੁੱਖੂ ਨੇ ਕੀਤੀ ਸੀ ਮੁਲਾਕਾਤ
ਪਿਛਲੇ ਦਿਨੀਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੀ IGMC ਸ਼ਿਮਲਾ ਪਹੁੰਚੇ ਸਨ ਅਤੇ ਉਨ੍ਹਾਂ ਨੇ ਵਿਧਾਇਕ ਅਨੁਰਾਧਾ ਰਾਣਾ ਨਾਲ ਮੁਲਾਕਾਤ ਕੀਤੀ ਸੀ। ਹੁਣ ਵਿਧਾਇਕ ਦੀ ਸਵਾਈਨ ਫਲੂ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ‘ਚ ਰਹੇ ਲੋਕਾਂ ‘ਚ ਵੀ ਸਿਹਤ ਨੂੰ ਲੈ ਕੇ ਸਾਵਧਾਨੀ ਵਧ ਗਈ ਹੈ।
ਸੂਬੇ ‘ਚ 12 ਮਾਮਲੇ, ਦੋ ਦੀ ਮੌਤ
ਸਿਹਤ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ‘ਚ ਸਵਾਈਨ ਫਲੂ ਦੇ ਮਾਮਲੇ ਵੱਧ ਕੇ 12 ਹੋ ਗਏ ਹਨ। ਇਨਫੈਕਸ਼ਨ ਕਾਰਨ ਸੂਬੇ ‘ਚ ਹੁਣ ਤੱਕ ਦੋ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਫਲੂ ਦੇ ਲੱਛਣ ਸਾਹਮਣੇ ਆਉਣ ‘ਤੇ ਲਾਪਰਵਾਹੀ ਨਾ ਵਰਤਣ ਅਤੇ ਸਮੇਂ ਸਿਰ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ ਹੈ।
ਖੰਘਣ-ਛਿੱਕਣ ਨਾਲ ਫੈਲਦਾ ਹੈ ਇਨਫੈਕਸ਼ਨ
ਸਵਾਈਨ ਫਲੂ ਆਮ ਤੌਰ ‘ਤੇ ਇਨਫਲੂਐਂਜ਼ਾ-ਏ ਵਾਇਰਸ ਕਾਰਨ ਹੋਣ ਵਾਲਾ ਸਾਹ ਪ੍ਰਣਾਲੀ ਦਾ ਇਨਫੈਕਸ਼ਨ ਹੈ। H1N1 ਇਨਫੈਕਸ਼ਨ ਨੂੰ ਵੀ ਆਮ ਬੋਲਚਾਲ ‘ਚ ਸਵਾਈਨ ਫਲੂ ਕਿਹਾ ਜਾਂਦਾ ਹੈ।
