20 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਹੁਸ਼ਿਆਰਪੁਰ ’ਚ ਇਕ ਬੱਚੇ ਦੀ ਹੱਤਿਆ ਮਾਮਲੇ ਤੋਂ ਬਾਅਦ ਦੂਜੇ ਸੂਬਿਆਂ ਤੋਂ ਆਏ ਮਜ਼ਦੂਰਾਂ ਨੂੰ ਉਨ੍ਹਾਂ ਦੇ ਮੂਲ ਸੂਬੇ ’ਚ ਭੇਜਣ ਦੀਆਂ ਖ਼ਬਰਾਂ ਵਿਚਾਲੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਕਿਸਾਨ ਆਗੂ ਮਜ਼ਦੂਰਾਂ ਦੇ ਹੱਕ ’ਚ ਖੜ੍ਹੇ ਹੋ ਗਏ ਹਨ। ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਲੋਕਤੰਤਰ ’ਚ ਕੋਈ ਵੀ ਮਜ਼ਦੂਰ ਕਿਸੇ ਵੀ ਥਾਂ ਜਾ ਕੇ ਆਪਣਾ ਰੋਜ਼ਗਾਰ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਵਾਸੀ ਵੀ ਦੂਜੇ ਸੂਬਿਆਂ ’ਚ ਨੌਕਰੀਆਂ ਕਰਦੇ ਹਨ ਤੇ ਉੱਥੇ ਵਪਾਰ ਕਰਦੇ ਹਨ।

ਉਥੇ, ਸੂਬੇ ਦੇ ਸਭ ਤੋਂ ਵੱਡੇ ਕਿਸਾਨ ਸੰਗਠਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ, “ਮਜ਼ਦੂਰਾਂ ਦਾ ਪੰਜਾਬ ਦੇ ਖੇਤੀਬਾੜੀ ਤੇ ਉਦਯੋਗ ਨਾਲ ਡੂੰਘਾ ਰਿਸ਼ਤਾ ਹੈ। ਜੇ ਪਰਵਾਸੀ ਮਜ਼ਦੂਰ ਪੰਜਾਬ ਨੂੰ ਛੱਡਦੇ ਹਨ ਤਾਂ ਖੇਤੀਬਾੜੀ ਤੇ ਉਦਯੋਗ ਸਾਹਮਣੇ ਮਜ਼ਦੂਰੀ ਦੀ ਗੰਭੀਰ ਸਮੱਸਿਆ ਖੜ੍ਹੀ ਹੋ ਜਾਵੇਗੀ।

ਵਿੱਤ ਮੰਤਰੀ ਨੇ ਕਿਹਾ ਕਿ ਕਿਸੇ ਇਕ ਘਟਨਾ ਨੂੰ ਪੂਰੇ ਖੇਤਰ ਜਾਂ ਸਮੁਦਾਇਕ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਇਸ ਦੌਰਾਨ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਕਿਹਾ, “ਇਸ ਤਰ੍ਹਾਂ ਦੀਆਂ ਜਾਣਕਾਰੀਆਂ ਆ ਰਹੀਆਂ ਹਨ ਕਿ ਦੂਜੇ ਸੂਬਿਆਂ ਤੋਂ ਆਏ ਮਜ਼ਦੂਰਾਂ ਨੂੰ ਜ਼ਬਰਦਸਤੀ ਵਾਪਸ ਭੇਜਿਆ ਜਾ ਰਿਹਾ ਹੈ। ਇਹ ਬਿਲਕੁਲ ਗ਼ਲਤ ਹੈ। ਇਕ ਘਟਨਾ ਕਾਰਨ ਸਾਰਿਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।”

ਇਹ ਗੱਲ ਮਹੱਤਵਪੂਰਨ ਹੈ ਕਿ ਸੂਬੇ ਦੇ ਕੁਝ ਸਥਾਨਕ ਆਗੂਆਂ ਵੱਲੋਂ ਮਜ਼ਦੂਰਾਂ ਨਾਲ ਹੋ ਰਹੇ ਮਾੜੇ ਵਿਵਹਾਰ ਤੇ ਉਨ੍ਹਾਂ ਨੂੰ ਜ਼ਬਰਦਸਤੀ ਵਾਪਸ ਭੇਜਣ ਦੀਆਂ ਘਟਨਾਵਾਂ ਦੇ ਬਾਅਦ ਪੰਜਾਬ ਸਰਕਾਰ ਵੀ ਖ਼ਾਸ ਤੌਰ ‘ਤੇ ਚਿੰਤਤ ਹੈ। ਸਰਕਾਰ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਖੇਤੀਬਾੜੀ ਤੇ ਉਦਯੋਗ ਖੇਤਰ ’ਚ ਇਨ੍ਹਾਂ ਮਜ਼ਦੂਰਾਂ ਦੀ ਗਿਣਤੀ ਸਭ ਤੋਂ ਵੱਧ ਹੈ। ਜੇ ਇਹ ਮਾਮਲਾ ਵਧਦਾ ਹੈ, ਤਾਂ ਇਸ ਨਾਲ ਪੰਜਾਬ ਦਾ ਅਕਸ ਖ਼ਰਾਬ ਹੋਵੇਗਾ। ਯਾਦ ਰਹੇ ਕਿ 2008-09 ਦੌਰਾਨ ਜਲੰਧਰ ਤੇ ਲੁਧਿਆਣਾ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਸਨ, ਜਿਸ ਤੋਂ ਬਾਅਦ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਖ਼ਲ ਅੰਦਾਜ਼ੀ ਕਰਨੀ ਪਈ ਸੀ। ਸਮੂਹ ਇੰਡਸਟਰੀ ਵੀ ਮਜ਼ਦੂਰਾਂ ਦੇ ਹੱਕ ’ਚ ਖੜ੍ਹੀ ਹੋ ਗਈ ਸੀ।

ਇਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਕਿਸਾਨ ਆਗੂ ਵੀ ਪਰਵਾਸੀ ਮਜ਼ਦੂਰਾਂ ਦੇ ਹੱਕ ’ਚ ਖੜ੍ਹੇ ਹੋ ਗਏ ਹਨ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਕਹਿੰਦੇ ਹਨ, “ਪੰਜਾਬ ’ਚ ਫ਼ਸਲ ਦੀ ਬਿਜਾਈ ਜਾਂ ਵਾਂਢੀ, ਮੰਡੀ ’ਚ ਅਨਾਜ ਦੀ ਢੁਆਈ ਜਾਂ ਸਫਾਈ, ਹਰ ਕੰਮ ਦੂਜੇ ਸੂਬੇ ਤੋਂ ਆਏ ਮਜ਼ਦੂਰ ਕਰਦੇ ਹਨ। ਖੇਤੀਬਾੜੀ ਖੇਤਰ ’ਚ ਇਨ੍ਹਾਂ ਮਜ਼ਦੂਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸਾਨੂੰ ਇਸਨੂੰ ਭੁੱਲਣਾ ਨਹੀਂ ਚਾਹੀਦਾ।” ਇਸ ਦੇ ਨਾਲ, ਸਰਕਾਰ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਕੁਝ ਸਥਾਨਾਂ ‘ਤੇ ਸਥਾਨਕ ਆਗੂ ਇਸ ਨੂੰ ਹਵਾ ਦੇ ਰਹੇ ਹਨ। ਸਮਾਂ ਰਹਿੰਦੇ ਇਸ ਨੂੰ ਕਾਬੂ ਕਰ ਲਿਆ ਜਾਵੇਗਾ।

ਸੰਖੇਪ: ਪਰਵਾਸੀ ਮਜ਼ਦੂਰਾਂ ਦੇ ਹੱਕ ’ਚ ਕਿਸਾਨ ਆਗੂ ਤੇ ਮੰਤਰੀ ਇਕਸੁਰ, ਖੇਤੀ ਤੇ ਉਦਯੋਗ ’ਚ ਮਜ਼ਦੂਰੀ ਸੰਕਟ ਦੀ ਚੇਤਾਵਨੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।