24 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਕੇਂਦਰ ਸਰਕਾਰ ਨੇ ਏਅਰਲਾਈਨ ਕੰਪਨੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਮੌਜੂਦਾ ਹਾਲਾਤ ਵਿਚ ਸ੍ਰੀਨਗਰ ਤੋਂ ਬਾਹਰ ਜਾਣ ਵਾਲੀਆਂ ਉਡਾਣਾਂ ਦੇ ਕਿਰਾਏ ’ਤੇ ਲਗਾਮ ਲਗਾ ਕੇ ਰੱਖਣ। ਹਾਲਾਂਕਿ, ਬੁੱਧਵਾਰ ਦੇਰ ਸ਼ਾਮ ਤੱਕ ਹਵਾਈ ਟਿਕਟ ਦੀ ਵਿਕਰੀ ਦੀਆਂ ਤਮਾਮ ਵੈੱਬਸਾਈਟਾਂ ’ਤੇ ਸ੍ਰੀਨਗਰ ਤੋਂ ਦਿੱਲੀ, ਮੁੰਬਈ ਜਾਂ ਦੂਜੇ ਸ਼ਹਿਰਾਂ ਦੀਆਂ ਟਿਕਟਾਂ ਦੀ ਸਥਿਤੀ ਦੱਸਦੀ ਹੈ ਕਿ ਚਿਤਾਵਨੀ ਕੰਮ ਨਹੀਂ ਕਰ ਰਹੀ ਹੈ। ਵੀਰਵਾਰ ਨੂੰ ਸ੍ਰੀਨਗਰ-ਨਵੀਂ ਦਿੱਲੀ ਦਾ ਕਿਰਾਇਆ 29 ਹਜ਼ਾਰ ਰੁਪੇ ਪਾਰ ਕਰ ਗਿਆ ਹੈ, ਜੋ ਆਮ ਤੌਰ ’ਤੇ ਵੱਧ ਤੋਂ ਵੱਧ 10-12 ਹਜ਼ਾਰ ਰੁਪਏ ਰਹਿੰਦਾ ਹੈ। ਸਾਰੀਆਂ ਏਅਰਲਾਈਨਾਂ ਨੇ ਕਸ਼ਮੀਰ ਤੋਂ ਬਾਹਰ ਜਾਣ ਵਾਲੇ ਸੈਲਾਨੀਆਂ ਨੂੰ ਬਗੈਰ ਕਿਸੇ ਵਾਧੂ ਫੀਸ ਦੇ ਹਵਾਈ ਯਾਤਰਾ ਫਿਰ ਤੋਂ ਨਿਰਧਾਰਤ ਕਰਨ ਜਾਂ ਟਿਕਟ ਰੱਦ ਕਰਨ ਦੀ ਸਹੂਲਤ ਦਿੱਤੀ ਹੈ। ਏਅਰਲਾਈਨਾਂ ਦਾ ਕਹਿਣਾ ਹੈ ਕਿ ਕਿਰਾਇਆ ਮੰਗ ਦੇ ਆਧਾਰ ’ਤੇ ਵਧਦਾ-ਘਟਦਾ ਰਹਿੰਦਾ ਹੈ।
ਜਾਗਰਣ ਨੇ ਬੁੱਧਵਾਰ ਸ਼ਾਮ ਸਾਢੇ ਸੱਤ ਵਜੇ ਜਦੋਂ ਹਵਾਈ ਟਿਕਟਾਂ ਦੀ ਵਿਕਰੀਆਂ ਦੀਆਂ ਸਾਈਟਾਂ ਨੂੰ ਚੈੱਕ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਵੀਰਵਾਰ 24 ਅਪ੍ਰੈਲ ਨੂੰ ਸ੍ਰੀਨਗਰ-ਨਵੀਂ ਦਿੱਲੀ ਦੀ ਟਿਕਟ ਸਪਾਈਸ ਜੈੱਟ ’ਤੇ ਘੱਟ-ਘੱਟ 16,416 ਰੁਪਏ, ਏਅਰ ਇੰਡੀਆ ਐਕਸਪ੍ਰੈੱਸ ’ਤੇ ਘੱਟੋ-ਘੱਟ 15,948 ਰੁਪਏ ਉਪਲਬਧ ਹੈ। ਸਪਾਈਸ ਜੈੱਟ ਦੀ ਦੇਰ ਸ਼ਾਮ ਦੀ ਫਲਾਈਟ 29,758 ਰੁਪਏ ਦੀ ਹੈ। ਵੱਖ-ਵੱਖ ਸਾਈਟਾਂ ’ਤੇ ਇਨ੍ਹਾਂ ਟਿਕਟਾਂ ਦੇ ਭਾਵ ਵਿਚ ਕੁਝ ਅੰਤਰ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਏਅਰਲਾਈਨ ਕੰਪਨੀਆਂ ਨੇ ਆਫ਼ਤ ਵਿਚ ਅਵਸਰ ਤਲਾਸ਼ਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਵੀ ਕਈ ਵਾਰ ਰਾਸ਼ਟਰੀ ਆਫ਼ਤ ਆਉਣ ਜਾਂ ਤਿਉਹਾਰਾਂ ਦੇ ਸਮੇਂ ਏਅਰਲਾਈਨ ਕੰਪਨੀਆਂ ਕੁਝ ਖ਼ਾਸ ਰੂਟਾਂ ’ਤੇ ਇਸੇ ਤਰ੍ਹਾਂ ਬੇਹਿਸਾਬ ਕਿਰਾਇਆ ਵਧਾ ਦਿੰਦੀਆਂ ਹਨ।
ਇਸ ਤੋਂ ਪਹਿਲਾਂ ਦੁਪਹਿਰ ਵਿਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਸੀ ਕਿ ਸ੍ਰੀਨਗਰ ਤੋਂ ਸੈਲਾਨੀਆਂ ਨੂੰ ਬਾਹਰ ਕੱਢਣ ਲਈ ਵਾਧੂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਏਅਰਲਾਈਨ ਕੰਪਨੀਆਂ ਨੂੰ ਕਿਹਾ ਗਿਆ ਕਿ ਉਹ ਕਿਰਾਏ ਨੂੰ ਕੰਟਰੋਲ ਵਿਚ ਰੱਖਣ ਤਾਂ ਕਿ ਲੋਕਾਂ ’ਤੇ ਵੱਧ ਆਰਥਿਕ ਬੋਝ ਨਾ ਪਵੇ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਜਮੋਹਨ ਨਾਇਡੂ ਨੇ ਦੱਸਿਆ ਕਿ ਏਅਰਲਾਈਨ ਕੰਪਨੀਆਂ ਨੂੰ ਸਖ਼ਤ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਜ਼ਿਆਦਾ ਕਿਰਾਇਆ ਨਾ ਲੈਣ। ਨਾਇਡੂ ਨੇ ਇਹ ਵੀ ਕਿਹਾ ਹੈ ਕਿ ਉਹ ਨਿੱਜੀ ਤੌਰ ’ਤੇ ਨਜ਼ਰ ਰੱਖ ਰਹੇ ਹਨ ਅਤੇ ਇਸ ਬਾਰੇ ਲਗਾਤਾਰ ਗ੍ਰਹਿ ਮੰਤਰਾਲੇ ਤੇ ਏਅਰਲਾਈਨਾਂ ਦੇ ਸੰਪਰਕ ਵਿਚ ਹਨ। ਹਵਾਈ ਕਿਰਾਏ ’ਤੇ ਨਜ਼ਰ ਰੱਖਣ ਦੀ ਗੱਲ ਵੀ ਉਨ੍ਹਾਂ ਕਹੀ ਹੈ ਤਾਂ ਕਿ ਇਸ ਵਿਚ ਬੇਲੋੜੀ ਤੇਜ਼ੀ ਨਾ ਹੋਵੇ ਪਰ ਜ਼ਮੀਨੀ ਤੌਰ ’ਤੇ ਅਜਿਹਾ ਹੁੰਦਾ ਦਿਸ ਨਹੀਂ ਰਿਹਾ ਹੈ। ਹਾਲਾਂਕਿ ਇੰਡੀਗੋ ਨੇ ਕਿਹਾ ਕਿ ਉਹ ਕਿਰਾਏ ਨੂੰ ਵਾਜਬ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਬੁੱਧਵਾਰ ਨੂੰ ਸਵੇਰੇ ਛੇ ਵਜੇ ਤੋਂ ਦੁਪਹਿਰ 12 ਵਜੇ ਤੱਕ 20 ਉਡਾਣਾਂ ਰਾਹੀਂ 3,337 ਯਾਤਰੀਆਂ ਨੇ ਕਸ਼ਮੀਰ ਤੋਂ ਬਾਹਰ ਲਈ ਉਡਾਣ ਭਰੀ ਹੈ। ਕਸ਼ਮੀਰ ਤੋਂ ਦੂਜੇ ਸ਼ਹਿਰਾਂ ਲਈ ਮੁੱਖ ਤੌਰ ’ਤੇ ਏਅਰ ਇੰਡੀਆ, ਇੰਡੀਗੋ ਅਤੇ ਸਪਾਈਸ ਜੈੱਟ ਆਪਣੀਆਂ ਸੇਵਾਵਾਂ ਦਿੰਦੀਆਂ ਹਨ।
ਸੈਲਾਨੀਆਂ ਨੂੰ ਹਰ ਸੰਭਵ ਸਹੂਲਤਾਂ ਮਿਲਣ : ਕੇਂਦਰ
ਜੰਮੂ-ਕਸ਼ਮੀਰ ਵਿਚ ਫਸੇ ਜਾਂ ਉੱਥੇ ਜਾਣ ਵਾਲੇ ਸੈਲਾਨੀਆਂ ਦੀ ਮਦਦ ਲਈ ਕੇਂਦਰੀ ਸੈਰ-ਸਪਾਟਾ ਮੰਤਰਾਲਾ ਅੱਗੇ ਆਇਆ ਹੈ। ਮੰਤਰਾਲੇ ਨੇ ਦੇਸ਼ ਭਰ ਦੇ ਟੂਰਿਸਟ ਸਰਵਿਸ ਪ੍ਰੋਵਾਈਡਰਾਂ ਤੇ ਹੋਟਲ ਸੰਚਾਲਕਾਂ ਲਈ ਬੁੱਧਵਾਰ ਨੂੰ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ਵਿਚ ਬੁਕਿੰਗ ਰੱਦ ਕਰਾਉਣ ’ਤੇ ਲਈ ਜਾਣ ਵਾਲੀ ਕੈਂਸਲੇਸ਼ਨ ਫੀਸ ਮਾਫ਼ ਕਰਨ ਸਣੇ ਸਹੂਲਤਾਂ ਲਈ ਸਾਰੇ ਜ਼ਰੂਰੀ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ। ਮੰਤਰਾਲੇ ਨੇ ਇਹ ਨਿਰਦੇਸ਼ ਅਜਿਹੇ ਸਮੇਂ ਦਿੱਤਾ ਹੈ, ਜਦੋਂ ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿਚ ਸੈਲਾਨੀ ਬੁਕਿੰਗ ਰੱਦ ਕਰਵਾ ਰਹੇ ਹਨ।
ਕੇਂਦਰੀ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਨੇ ਵੀ ਘਟਨਾ ਤੋਂ ਬਾਅਦ ਉੱਥੇ ਫਸੇ ਜਾਂ ਜਾਣ ਵਾਲੇ ਸੈਲਾਨੀਆਂ ਦੀ ਸੁਰੱਖਿਆ ਤੇ ਸਹੂਲਤ ਲਈ ਕੀਤੇ ਜਾ ਰਹੇ ਉਪਾਵਾਂ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਸਕੱਤਰ ਤੇ ਸੈਰ-ਸਪਾਟਾ ਸਕੱਤਰ ਦੇ ਨਾਲ ਉਹ ਖ਼ੁਦ ਤੇ ਮੰਤਰਾਲਾ ਲਗਾਤਾਰ ਸੰਪਰਕ ਵਿਚ ਹੈ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜੰਮੂ-ਕਸ਼ਮੀਰ ਦੇ ਸੈਰ-ਸਪਾਟੇ ਨੂੰ ਲੱਗੇ ਝਟਕੇ ਨੂੰ ਕਿਵੇਂ ਘੱਟ ਕੀਤਾ ਜਾਵੇ।
ਸੰਖੇਪ: ਸ੍ਰੀਨਗਰ ਤੋਂ ਵਾਪਸੀ ਦੀਆਂ ਮਹਿੰਗੀਆਂ ਟਿਕਟਾਂ ਨੂੰ ਲੈ ਕੇ ਸਰਕਾਰ ਨੇ ਟੂਰਿਸਟ ਸਰਵਿਸ ਪ੍ਰੋਵਾਈਡਰਾਂ ਅਤੇ ਹੋਟਲਾਂ ਲਈ ਐਡਵਾਇਜ਼ਰੀ ਜਾਰੀ ਕੀਤੀ।