ਜੰਮੂ 03 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਲੇਹ ’ਚ ‘ਡੇਜ਼ਰਟ ਫਲਾਵਰ ਸਕੂਲ’ ਨੂੰ ਲੈ ਕੇ ਲੱਦਾਖ ਪ੍ਰਸ਼ਾਸਨ ਨੇ ਵੱਡਾ ਕਦਮ ਚੁੱਕਿਆ ਹੈ। ਪ੍ਰਸ਼ਾਸਨ ਨੇ ਸੋਨਮ ਵਾਂਗਚੁਕ ਦੀ ਸੰਸਥਾ ‘ਹਿਮਾਲਯਨ ਇੰਸਟੀਚਿਊਟ ਆਫ਼ ਅਲਟਰਨੇਟਿਵਜ਼’ (HIAL) ਦੀ ਸੰਸਥਾਪਕ ਅਤੇ CEO ਡਾ. ਗੀਤਾਂਜਲੀ ਜੇ. ਆਂਗਮੋ ਨੂੰ ਨੋਟਿਸ ਜਾਰੀ ਕਰਕੇ ਸਕੂਲ ਵਿੱਚ ਜਮਾਤਾਂ ਸ਼ੁਰੂ ਕਰਨ ਅਤੇ ਕਿਸੇ ਵੀ ਤਰ੍ਹਾਂ ਦੀਆਂ ਹੋਰ ਗਤੀਵਿਧੀਆਂ ਕਰਨ ‘ਤੇ ਰੋਕ ਲਗਾ ਦਿੱਤੀ ਹੈ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ’ਚ ਪਹਿਲਾਂ ਤੋਂ ਚੱਲ ਰਹੀ ਕਾਨੂੰਨੀ ਕਾਰਵਾਈ ‘ਤੇ ਮਾੜਾ ਅਸਰ ਪੈ ਸਕਦਾ ਹੈ।

ਨੋਟਿਸ ’ਚ ਇਸ ਗੱਲ ‘ਤੇ ਸਖ਼ਤ ਇਤਰਾਜ਼ ਜਤਾਇਆ ਗਿਆ ਹੈ ਕਿ ਸਬੰਧਤ ਅਧਿਕਾਰੀਆਂ ਤੋਂ ਜ਼ਰੂਰੀ ਸਹਿਮਤੀ, ਮਨਜ਼ੂਰੀ ਜਾਂ ਕਲੀਅਰੈਂਸ ਲਏ ਬਿਨਾਂ ਹੀ ਸਕੂਲ ਦੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ HIAL ਨਾਲ ਜੁੜਿਆ ਮਾਮਲਾ ਪਹਿਲਾਂ ਤੋਂ ਹੀ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ।

ਬਿਨਾਂ ਮਨਜ਼ੂਰੀ ਸ਼ੁਰੂ ਕੀਤਾ ਸਕੂਲ ਦਾ ਕੰਮਕਾਜ

ਡਾ. ਗੀਤਾਂਜਲੀ ਆਂਗਮੋ ਨੇ 22 ਸਤੰਬਰ 2026 ਨੂੰ ਲੇਹ ਦੇ ਡਿਪਟੀ ਕਮਿਸ਼ਨਰ (DC) ਨੂੰ ਇੱਕ ਪੱਤਰ ਲਿਖ ਕੇ, HIAL ਈਕੋਸਿਸਟਮ ਤਹਿਤ ਆਉਣ ਵਾਲੇ ‘ਡੇਜ਼ਰਟ ਫਲਾਵਰ ਸਕੂਲ, ਫਿਆਂਗ (ਲੇਹ)’ ਦੀ ਮੈਨੇਜਿੰਗ ਕਮੇਟੀ ਦੇ ਪ੍ਰਸਤਾਵਿਤ ਮੈਂਬਰਾਂ ਲਈ NOC/ਕਲੀਅਰੈਂਸ ਜਾਰੀ ਕਰਨ ਦੀ ਬੇਨਤੀ ਕੀਤੀ ਸੀ।

ਹਾਲਾਂਕਿ, ਪ੍ਰਸ਼ਾਸਨ ਦੇ ਧਿਆਨ |ਚ ਆਇਆ ਹੈ ਕਿ ਸਬੰਧਤ ਅਧਿਕਾਰੀਆਂ ਤੋਂ ਕੋਈ ਮਨਜ਼ੂਰੀ ਜਾਂ ਕਲੀਅਰੈਂਸ ਲਏ ਬਿਨਾਂ ਹੀ ਡੇਜ਼ਰਟ ਫਲਾਵਰ ਸਕੂਲ ਨੇ ਆਪਣਾ ਕੰਮਕਾਜ ਸ਼ੁਰੂ ਕਰ ਦਿੱਤਾ ਹੈ।

ਡਾ. ਗੀਤਾਂਜਲੀ ਆਂਗਮੋ ਨੂੰ ਚਿਤਾਵਨੀ

ਇਸ ਨੋਟਿਸ ਜ਼ਰੀਏ ਡਾ. ਗੀਤਾਂਜਲੀ ਆਂਗਮੋ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਅਜਿਹਾ ਕੋਈ ਕਦਮ ਨਾ ਚੁੱਕਣ ਜਿਸ ਨਾਲ ਹਾਈ ਕੋਰਟ ’ਚ ਚੱਲ ਰਹੀ ਕਾਨੂੰਨੀ ਕਾਰਵਾਈ ‘ਤੇ ਪ੍ਰਤੀਕੂਲ ਅਸਰ ਪਵੇ।

ਪ੍ਰਸ਼ਾਸਨ ਦੇ ਫ਼ੈਸਲੇ ਖ਼ਿਲਾਫ਼ ਹਾਈ ਕੋਰਟ ਪੁੱਜੀ HIAL

ਜ਼ਿਕਰਯੋਗ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨੇ ਅਗਸਤ 2025 ਵਿੱਚ HIAL ਨੂੰ ਅਲਾਟ ਕੀਤੀ ਗਈ ਜ਼ਮੀਨ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ HIAL ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ’ਚ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ, ਜੋ ਅਜੇ ਵੀ ਵਿਚਾਰ ਅਧੀਨ ਹੈ।

ਇਸ ਦੇ ਮੱਦੇਨਜ਼ਰ, ਲੇਹ ਦੇ ਤਹਿਸੀਲਦਾਰ ਨੇ HIAL ਨੂੰ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਸਕੂਲ ਨੂੰ ਉਦੋਂ ਤੱਕ ਦੁਬਾਰਾ ਨਹੀਂ ਖੋਲ੍ਹਣਾ ਚਾਹੀਦਾ ਜਾਂ ਕੋਈ ਵੀ ਗਤੀਵਿਧੀ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਹਾਈ ਕੋਰਟ ਕੋਈ ਅੰਤਿਮ ਫੈਸਲਾ ਜਾਂ ਨਵਾਂ ਆਦੇਸ਼ ਜਾਰੀ ਨਹੀਂ ਕਰਦਾ।

ਲੇਹ ਦੇ ਤਹਿਸੀਲਦਾਰ ਨੇ ਇਹ ਨੋਟਿਸ 1 ਨਵੰਬਰ 2026 ਨੂੰ ਜਾਰੀ ਕੀਤਾ ਸੀ। ਇਸ ਤਹਿਤ ਕਾਨੂੰਨੀ ਮਾਮਲਾ ਚੱਲਣ ਤੱਕ ਡੇਜ਼ਰਟ ਫਲਾਵਰ ਸਕੂਲ ਦੀਆਂ ਗਤੀਵਿਧੀਆਂ ‘ਤੇ ਰੋਕ ਲਗਾ ਦਿੱਤੀ ਗਈ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।