ਸੰਗਤ ਮੰਡੀ, 16 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸੰਗਤ ਮੰਡੀ ਦੇ ਸਰਕਾਰੀ ਹਸਪਤਾਲ ਵੱਲੋਂ ਇਕ ਔਰਤ ਦੀ ਮੌਤ ਤੋਂ ਇਕ ਹਫ਼ਤਾ ਪਹਿਲਾਂ ਹੀ ਉਸ ਦੀ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸੰਗਤ ਕਲਾਂ ਵਾਸੀ ਗੁਰਲਾਲ ਸਿੰਘ ਪੁੱਤਰ ਬੰਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਗੁਰਮੀਤ ਕੌਰ ਦੀ ਮੌਤ ਬੀਤੀ 25 ਜਨਵਰੀ ਨੂੰ ਅਚਾਨਕ ਹੋ ਗਈ, ਜਿਸ ਦੇ ਨਾਮ ’ਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਘਰ ਬਨਾਉਣ ਲਈ ਲਾਭਪਾਤਰੀ ਫਾਰਮ ਭਰੇ ਸਨ, ਜਿਸ ਦੀ ਪਹਿਲੀ ਕਿਸ਼ਤ ਦੇ ਤੌਰ ’ਤੇ ਉਨ੍ਹਾਂ ਦੇ ਪਰਿਵਾਰ ਨੂੰ ਬੈਂਕ ਵੱਲੋਂ 25 ਹਜ਼ਾਰ ਰੁਪਏ ਦੀ ਰਕਮ ਮਿਲ ਚੁੱਕੀ ਹੈ ਪਰ ਗੁਰਮੀਤ ਕੌਰ ਦੀ ਮੌਤ ਹੋਣ ਕਾਰਨ ਬੈਂਕ ਵੱਲੋਂ ਉਸ ਦੀ ਮੌਤ ਦਾ ਸਰਟੀਫਿਕੇਟ ਮੰਗਿਆ ਜਾ ਰਿਹਾ ਸੀ, ਤਾਂ ਜੋ ਬਾਕੀ ਦੀ ਰਕਮ ਪਰਿਵਾਰ ਦੇ ਖਾਤੇ ’ਚ ਪਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਮੌਤ ਦਾ ਸਰਟੀਫਿਕੇਟ ਹਾਸਿਲ ਕਰਨ ਲਈ ਉਨ੍ਹਾਂ ਸਰਕਾਰੀ ਹਸਪਤਾਲ ਸੰਗਤ ਵਿਖੇ ਅਰਜੀ ਦਿੱਤੀ ਤਾਂ ਪਰਿਵਾਰ ਨੂੰ ਗੁਰਮੀਤ ਕੌਰ ਦੀ ਮੌਤ ਦਾ ਸਰਟੀਫਿਕੇਟ 17 ਜਨਵਰੀ ਦਾ ਜਾਰੀ ਕਰ ਦਿੱਤਾ ਦੱਸਿਆ ਗਿਆ। ਪਰਿਵਾਰ ਦਾ ਕੋਈ ਵੀ ਮੈਂਬਰ ਪੜ੍ਹਿਆ ਨਾ ਹੋਣ ਕਾਰਨ ਜਦੋਂ ਬੈਂਕ ’ਚ ਜਾ ਕੇ ਉਨ੍ਹਾਂ ਦਾ ਸਰਟੀਫਿਕੇਟ ਦਿਖਾਇਆ ਤਾਂ ਬੈਂਕ ਮੁਲਾਜ਼ਮਾਂ ਕੋਲ ਪਹਿਲਾਂ ਹੀ ਉਹ 25 ਜਨਵਰੀ ਨੂੰ ਮੌਤ ਹੋਣ ਬਾਰੇ ਦੱਸ ਕੇ ਗਏ ਸਨ। ਪਰਿਵਾਰਕ ਮੈਂਬਰ ਸਮਾਜਸੇਵੀ ਬਲਵੀਰ ਸਿੰਘ ਬੀਰਾ ਨੂੰ ਨਾਲ ਲੈ ਕੇ ਜਦੋਂ ਦੁਬਾਰਾ ਹਸਪਤਾਲ ਪੁੱਜੇ ਤਾਂ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਤੋਂ ਲਿਖਾ ਕੇ ਲਿਆਉਣ ਲਈ ਕਿਹਾ ਗਿਆ, ਤਾਂ ਜੋ ਦਰੁਸਤ ਕਰਕੇ ਸਰਟੀਫਿਕੇਟ ਬਣਾਇਆ ਜਾ ਸਕੇ। ਬੀਰਾ ਨੇ ਕਿਹਾ ਕਿ ਸਰਕਾਰੀ ਹਸਪਤਾਲ ਦੇ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਗੁਰਲਾਲ ਸਿੰਘ ਦੇ ਪਰਿਵਾਰ ਨੂੰ ਕਈ ਦਿਨ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਮਲੇ ਦੇ ਡਿਊਟੀ ਦੌਰਾਨ ਵੀ ਮੋਬਾਇਲ ਫੋਨਾਂ ’ਤੇ ਰੁੱਝੇ ਰਹਿੰਦੇ ਹੋਣ ਕਾਰਨ ਹੁੰਦੀਆਂ ਅਜਿਹੀਆਂ ਗ਼ਲਤੀਆਂ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ।
ਸੰਖੇਪ:
