ਚੰਡੀਗੜ੍ਹ, 26 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਗਾਇਆ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਫਰਜ਼ੀ ਵਿਧਾਨ ਸਭਾ ਸੈਸ਼ਨ ਕਰਵਾ ਕੇ ਕਰੋੜਾਂ ਰੁਪਏ ਬਰਬਾਦ ਕੀਤੇ। ਸਰਕਾਰ ਇਸ ਮੌਕੇ ਦੀ ਵਰਤੋਂ ਪਵਿੱਤਰ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਕਰ ਸਕਦੀ ਸੀ। ਅਕਾਲੀ ਦਲ ਦੀ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ‘ਆਪ’ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਦੀ ਵਰਤੋਂ ਕਰ ਸਕਦੀ ਸੀ ਪਰ ਇਸ ਦੀ ਬਜਾਏ ਅਜਿਹੇ ਪਵਿੱਤਰ ਮੌਕੇ ਘਟੀਆ ਰਾਜਨੀਤੀ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਇੱਕ ਦਿਨ ਦੇ ਫਰਜ਼ੀ ਸੈਸ਼ਨ ’ਤੇ ਕਰੋੜਾਂ ਰੁਪਏ ਬਰਬਾਦ ਕਰਨ ਦਾ ਫੈਸਲਾ ਕੀਤਾ ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਇਹ ਟੈਂਟ ਮਾਲਕ ਨੂੰ ਕਾਰੋਬਾਰ ਦੇਣ ਲਈ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੇ ਵਿਹਾਰ ਤੋਂ ਪੰਜਾਬੀ ਹੈਰਾਨ ਹਨ, ਜਿਨ੍ਹਾਂ ਨੇ ਇਸ ਮੌਕੇ ਧਾਰਮਿਕ ਸਮਾਗਮਾਂ ਦੇ ਆਯੋਜਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦਾ ਸਮਰਥਨ ਕਰਨ ਦੀ ਬਜਾਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ’ਤੇ ਹਮਲਾ ਕਰਨਾ ਚੁਣਿਆ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਜਿਹੇ ਇਤਿਹਾਸਕ ਮੌਕਿਆਂ ਦੀ ਵਰਤੋਂ ਸੂਬੇ ਵਿੱਚ ਵੱਡੇ ਪ੍ਰੋਜੈਕਟ ਲਿਆਉਣ ਲਈ ਕੀਤੀ ਸੀ।
