Green Planet

ਸ੍ਰੀ ਅਨੰਦਪੁਰ ਸਾਹਿਬ, 05 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਡਾ.ਸਵਪਨਦੀਪ ਕੌਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਡਾ.ਜੰਗਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਦੀ ਅਗਵਾਈ ਹੇਠ ਵੱਖ-ਵੱਖ ਆਯੁਸ਼ਮਾਨ ਅਰੋਗਿਆ ਕੇਂਦਰਾਂ ਵਲ੍ਹੋਂ ਅੱਜ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸੇ ਸਬੰਧ ਵਿੱਚ ਪਿੰਡ ਦਸਗਰਾਈਂ ਵਿਖੇ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਹੈਲਥ ਇੰਸਪੈਕਟਰ ਬਲਵੰਤ ਰਾਏ ਨੇ ਕਿਹਾ ਕਿ ਰੁੱਖ ਹਵਾ, ਮਿੱਟੀ ਅਤੇ ਪਾਣੀ ਨੂੰ ਸ਼ੁੱਧ ਕਰਨ ਵਿੱਚ ਵੱਡੀ ਭੂਮਿਕਾ ਅਦਾ ਕਰਦੇ ਹਨ। ਇਸ ਮਸ਼ੀਨੀ ਯੁੱਗ ਵਿੱਚ ਵਧਦੇ ਹੋਏ ਪ੍ਰਦੂਸ਼ਣ ਕਾਰਨ ਸਾਡੀ ਹਵਾ ਦੀ ਗੁਣਵੱਤਾ ਕਾਫੀ ਡਿੱਗਦੀ ਜਾ ਰਹੀ ਹੈ। ਕਿਉਂਕਿ ਜਿੱਥੇ ਲਗਾਤਾਰ ਆਵਾਜਾਈ ਦੇ ਸਾਧਨਾਂ ਦਾ ਵਿਸਤਾਰ ਹੋ ਰਿਹਾ ਹੈ ਉੱਥੇ ਹੀ ਪਹਾੜਾਂ ਦੀ ਕਟਾਈ ਅਤੇ ਰੁੱਖਾਂ ਦੀ ਕਟਾਈ ਹੋਣ ਕਾਰਨ ਹਵਾ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੋ ਰਹੀ ਹੈ ਅਤੇ ਕਾਰਬਨ ਡਾਈਆਕਸਾਈਡ ਤੇ ਕਾਰਬਨ ਮੋਨੋਆਕਸਾਈਡ ਵਰਗੀਆਂ ਜਹਿਰੀਲੀਆਂ ਗੈਸਾਂ ਦੀ ਮਾਤਰਾ ਵੱਧ ਰਹੀ ਹੈ ਜੋ ਕਿ ਅਜੋਕੇ ਸਮੇਂ ਵਿੱਚ ਮਾਰੂ ਸਾਬਿਤ ਹੋ ਰਹੀ ਹੈ।


ਉਹਨਾ ਨੇ ਕਿਹਾ ਕਿ ਜਿੱਥੇ ਹਰ ਸਾਲ ਸਰਕਾਰ ਵਲ੍ਹੋਂ ਪੋਦੇ ਲਗਾਉਣ ਦੀ ਵਿਸ਼ੇਸ਼ ਮੁਹਿੰਮ ਚਲਾ ਕੇ ਹਰਿਆਵਲ ਲਹਿਰ ਨੂੰ ਵਿਸ਼ੇਸ਼ ਤੌਰ ਤੇ ਵਧਾਇਆ ਜਾ ਰਿਹਾ ਹੈ ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਅਤੇ ਕਈ ਹੋਰ ਵਾਤਾਵਰਨ ਪ੍ਰੇਮੀਆਂ ਵਲ੍ਹੋਂ ਵੀ ਇਸ ਲਹਿਰ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਸੱਚੇ ਨਾਗਰਿਕ ਹੋਣ ਦਾ ਸਾਡਾ ਤਾਂ ਹੀ ਫਰਜ਼ ਪੂਰਾ ਹੁੰਦਾ ਹੈ, ਜੇਕਰ ਅਸੀਂ ਦੇਸ਼ ਨੂੰ ਸਮਰਪਿਤ ਹੋ ਕੇ ਦੇਸ਼ ਭਗਤੀ ਦੀ ਭਾਵਨਾ ਨੂੰ ਆਪਣੇ ਮਨ ਵਿੱਚ ਰੱਖ ਕੇ ਦੇਸ਼ ਦੀ ਸਵੱਛਤਾ ਅਤੇ ਸ਼ੁੱਧਤਾ ਪ੍ਰਤੀ ਆਪਣਾ ਫਰਜ਼ ਪਛਾਣੀਏ। ਸਾਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਜਨਮ ਦਿਨ ਉੱਤੇ ਇੱਕ-ਇੱਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ਅਤੇ ਪੌਦੇ ਦੇ ਜਵਾਨ ਹੋਣ ਤੱਕ ਉਸਦੀ ਦੇਖਭਾਲ਼ ਵੀ ਕਰਨੀ ਚਾਹੀਦੀ ਹੈ। ਜੇਕਰ ਅਸੀਂ ਇਹਨਾਂ ਜਿੰਮੇਵਾਰੀਆਂ ਤੋਂ ਭੱਜਾਂਗੇ, ਤਾਂ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਕੀ ਜਵਾਬ ਦੇਵਾਂਗੇ। ਇਸ ਤੋਂ ਇਲਾਵਾ ਉਹਨਾ ਇਹ ਵੀ ਸੰਦੇਸ਼ ਦਿੱਤਾ ਕਿ ਸਾਨੂੰ ਪਲਾਸਟਿਕ ਦੇ ਲਿਫਾਫੇ, ਪਲਾਸਟਿਕ ਦੀਆਂ ਬੋਤਲਾਂ, ਗਿਲਾਸ ਅਤੇ ਪਲਾਸਟਿਕ ਤੋਂ ਬਣੀਆਂ ਹੋਰ ਵਸਤਾਂ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਪਲਾਸਟਿਕ ਦੀ ਰਹਿੰਦ ਖੂੰਹਦ ਸਾਡੇ ਵਾਤਾਵਰਨ ਨੂੰ ਬਹੁਤ ਹੀ ਜਿਆਦਾ ਗੰਦ੍ਹਲਾ ਕਰ ਰਹੀ ਹੈ।
ਕਮਿਊਨਿਟੀ ਹੈਲਥ ਅਫਸਰ ਗਗਨਦੀਪ ਕੌਰ ਵਲ੍ਹੋਂ ਹੈਲਥ ਐਂਡ ਵੈਲਨੈਸ ਦਸਗਰਾਈਂ ਦੀ ਟੀਮ ਨਾਲ਼ ਪਿੰਡ ਦਸਗਰਾਈਂ ਵਿਖੇ ਵਿਸ਼ਵ ਵਾਤਾਵਰਨ ਦਿਵਸ ਦੀ ਮਹੱਤਤਾ ਵਾਰੇ ਚਾਨਣਾ ਪਾਇਆ ਗਿਆ। ਇਸ ਸਮੇਂ ਅਮਿਤ ਕੁਮਾਰ ਸ਼ਰਮਾ ਹੈਲਥ ਵਰਕਰ, ਕੁਲਵੰਤ ਕੌਰ, ਪ੍ਰਕਾਸ਼ ਦੇਵੀ  ਏ. ਐਨ. ਐਮਜ਼, ਨੀਲਮ ਰਾਣੀ ਆਸ਼ਾ ਵਰਕਰ ਹਾਜ਼ਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।