ਐੱਸਏਐੱਸ ਨਗਰ, 06 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸੈਸ਼ਨ 2026-27 ਲਈ ਸਕੂਲਾਂ ਦੀ ਮਾਨਤਾ ਅਤੇ ਨਵਿਆਉਣ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਬੋਰਡ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਾਰੇ ਸਰਕਾਰੀ, ਗ਼ੈਰ-ਸਰਕਾਰੀ ਅਤੇ ਆਦਰਸ਼ ਸਕੂਲਾਂ ਲਈ ਨਿਰਧਾਰਤ ਸਮੇਂ ਅੰਦਰ ਅਪਲਾਈ ਕਰਨਾ ਲਾਜ਼ਮੀ ਹੋਵੇਗਾ।
ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਬਿਨਾਂ ਕਿਸੇ ਦੇਰੀ ਫੀਸ ਦੇ ਅਪਲਾਈ ਕਰਨ ਦੀ ਆਖ਼ਰੀ ਮਿਤੀ 30 ਅਪ੍ਰੈਲ ਤੈਅ ਕੀਤੀ ਗਈ ਹੈ। ਇਸ ਮਿਤੀ ਤੱਕ ਸਕੂਲ ਬਿਨਾਂ ਕਿਸੇ ਵਾਧੂ ਖਰਚੇ ਦੇ ਮਾਨਤਾ ਜਾਂ ਨਵਿਆਉਣ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ। 30 ਅਪ੍ਰੈਲ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅਪਲਾਈ ਕਰਨ ਵਾਲੇ ਸਕੂਲਾਂ ਨੂੰ ਜੁਰਮਾਨਾ ਭਰਨਾ ਪਵੇਗਾ। 31 ਅਗਸਤ ਤੱਕ 6,700 ਰੁਪਏ ਜੁਰਮਾਨਾ ਫੀਸ ਦੇ ਨਾਲ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। 31 ਅਗਸਤ ਤੋਂ ਬਾਅਦ ਕਿਸੇ ਵੀ ਸਕੂਲ ਨੂੰ ਮਾਨਤਾ ਜਾਂ ਨਵਿਆਉਣ ਲਈ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ।
ਬੋਰਡ ਵੱਲੋਂ ਨਿਰਧਾਰਤ ਕੀਤੀਆਂ ਗਈਆਂ ਫੀਸਾਂ ਤਹਿਤ 10ਵੀਂ ਦੀ ਨਵੀਂ ਮਾਨਤਾ ਲਈ 3,650 ਰੁਪਏ ਅਤੇ ਨਵਿਆਉਣ ਲਈ 1,820 ਰੁਪਏ ਰੱਖੇ ਗਏ ਹਨ। ਸੀਨੀਅਰ ਸੈਕੰਡਰੀ (12ਵੀਂ) ਦੀ ਨਵੀਂ ਮਾਨਤਾ ਲਈ 4,850 ਰੁਪਏ (ਪ੍ਰਤੀ ਗਰੁੱਪ) ਅਤੇ ਨਵਿਆਉਣ ਲਈ 1,820 ਰੁਪਏ (ਪ੍ਰਤੀ ਗਰੁੱਪ) ਰੱਖੀ ਗਈ ਹੈ। ਸੂਬੇ ਦੇ ਸਾਰੇ ਸਰਕਾਰੀ ਅਤੇ ਆਦਰਸ਼ ਸਕੂਲਾਂ ਨੂੰ ਮਾਨਤਾ ਫੀਸ ਤੋਂ ਪੂਰਨ ਤੌਰ ’ਤੇ ਛੋਟ ਦਿੱਤੀ ਗਈ ਹੈ। ਮਾਨਤਾ ਸਬੰਧੀ ਸਾਰੇ ਫਾਰਮ ਸਕੂਲਾਂ ਦੀ ਲਾਗਇਨ ਆਈਡੀ ’ਤੇ ਉਪਲਬਧ ਕਰਵਾ ਦਿੱਤੇ ਗਏ ਹਨ। ਅਧਿਐਨ ਕੇਂਦਰਾਂ ਵੱਲੋਂ ਐਕਰੀਡੇਟੇਸ਼ਨ ਲਈ ਅਪਲਾਈ ਕਰਨ ਵਾਸਤੇ ਫਾਰਮ ਦੀ ਹਾਰਡ ਕਾਪੀ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ।
