ਲੁਧਿਆਣਾ, 08 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਸਤਲੁਜ ਕਿਨਾਰੇ ਲਗਾਤਾਰ ਖੁਰਨ ਕਾਰਨ ਹੁਣ ਚਾਰ ਥਾਵਾਂ ’ਤੇ ਸਥਿਤੀ ਨਾਜ਼ੁਕ ਬਣਨ ਲੱਗੀ ਹੈ। ਸਸਰਾਲੀ ਕਾਲੋਨੀ ਦੇ ਬਾਅਦ ਗੌਂਸਗੜ੍ਹ, ਗੜੀ ਫ਼ਜਲ ਤੇ ਚਾਹੜ ਵਿਚ ਅੱਜ ਸਤਲੁਜ ਕਿਨਾਰੇ ਨਾਜ਼ੁਕ ਹੋ ਗਏ ਅਤੇ ਇਨ੍ਹਾਂ ਦੇ ਟੁੱਟਣ ਦਾ ਖ਼ਤਰਾ ਬਣ ਗਿਆ। ਇਸ ‘ਤੇ ਪ੍ਰਸ਼ਾਸਨ ਅਲਰਟ ਹੋਇਆ ਤੇ ਇੱਥੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਨਾਜ਼ੁਕ ਹਾਲਾਤ ਦੇ ਬਾਵਜੂਦ ਹਾਲੇ ਵੀ ਸਥਿਤੀ ਅੰਡਰ ਕੰਟਰੋਲ ਹੈ। ਪਹਾੜਾਂ ‘ਚ ਬਾਰਿਸ਼ ਘੱਟ ਹੋਣ ਕਾਰਨ ਡੈਮਾਂ ਤੋਂ ਸਤਲੁਜ ’ਚ ਪਾਣੀ ਘੱਟ ਛੱਡਿਆ ਜਾ ਰਿਹਾ ਹੈ, ਸਿਰਫ਼ ਇਹੀ ਕਾਰਨ ਹੈ ਕਿ ਸਤਲੁਜ ’ਚ ਪਾਣੀ ਦਾ ਪੱਧਰ ਕਾਫ਼ੀ ਘੱਟ ਹੋ ਗਿਆ ਹੈ ਅਤੇ ਇਹੀ ਕਾਰਨ ਹੈ ਕਿ ਇਸ ਸਮੇਂ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਸਸਰਾਲੀ ਕਾਲੋਨੀ ’ਚ ਟੁੱਟੇ ਕਿਨਾਰੇ ਤੋਂ ਲਗਾਤਾਰ ਪਾਣੀ ਬਾਹਰ ਨਿਕਲ ਰਿਹਾ ਹੈ ਅਤੇ ਖੇਤਾਂ ’ਚ ਲਗਾਤਾਰ ਵਹਿ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਸਸਰਾਲੀ ਕਾਲੋਨੀ ’ਚ ਟੁੱਟੇ ਕਿਨਾਰੇ ਕਾਰਨ ਪਾਣੀ ਲਗਾਤਾਰ ਸਤਲੁਜ ਤੋਂ ਬਾਹਰ ਆ ਰਿਹਾ ਹੈ ਅਤੇ ਖੇਤਾਂ ਵਿਚ ਆਪਣੀ ਜਗ੍ਹਾ ਲੈ ਰਿਹਾ ਹੈ। ਸਤਲੁਜ ਨੇ ਆਪਣਾ ਦਾਇਰਾ ਦੋ ਕਿਲੋਮੀਟਰ ਹੋਰ ਵਧਾ ਲਿਆ ਹੈ। ਦੇਰ ਰਾਤ ਗੜੀ ਫ਼ਜ਼ਲ ਤੇ ਗੌਂਸਗੜ੍ਹ ’ਚ ਚੱਲ ਰਹੇ ਖੋਰੇ ਕਰ ਕੇ ਕਿਨਾਰੇ ਟੁੱਟਣ ਦਾ ਖਤਰਾ ਬਣਿਆ ਹੋਇਆ ਸੀ। ਜਿਸ ਕਾਰਨ ਇੱਥੇ ਲੋਕਾਂ ’ਚ ਬੈਚੇਨੀ ਦਿਖਾਈ ਦਿੱਤੀ।
ਜਾਣਕਾਰੀ ਮਿਲਣ ‘ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਮੌਕੇ ‘ਤੇ ਪਹੁੰਚੇ ਅਤੇ ਇੱਥੇ ਰਾਹਤ ਕਾਰਜ ਸ਼ੁਰੂ ਕਰਵਾਏ। ਦੂਜੇ ਪਾਸੇ ਖੇਹੜਾ ਬੇਟ ਵੱਲ ਪਿੰਡ ਚਾਡ ’ਚ ਵੀ ਕਿਨਾਰੇ ਖੁਰ ਰਹੇ ਸਨ। ਇੱਥੇ ਵੀ ਵੱਡੇ ਪੈਮਾਨੇ ‘ਤੇ ਪਹਿਲਾਂ ਤੋਂ ਹੀ ਕੰਮ ਜਾਰੀ ਹੈ। ਜਿਸ ਮਗਰੋਂ ਐੱਸਡੀਐੱਮ ਪੂਨਮਪ੍ਰੀਤ ਕੌਰ ਮੌਕੇ ‘ਤੇ ਪਹੁੰਚੀ ਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਵੱਲੋਂ ਇੱਥੇ ਚੱਲ ਰਹੇ ਰਾਹਤ ਕਾਰਜਾਂ ’ਚ ਜੁਟੇ ਲੋਕਾਂ ਨਾਲ ਗੱਲਬਾਤ ਕੀਤੀ ਗਈ।
ਕੈਬਨਿਟ ਮੰਤਰੀ ਅਰੋੜਾ ਨੇ ਕੀਤੀ ਬੰਨ੍ਹ ਦੇ ਪ੍ਰਬੰਧਾਂ ਦੀ ਸਮੀਖਿਆ
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਐਤਵਾਰ ਨੂੰ ਡਿਪਟੀ ਕਮਿਸ਼ਰ ਹਿਮਾਂਸ਼ੂ ਜੈਨ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਐੱਨਐੱਚਏਆਈ ਪ੍ਰੋਜੈਕਟ ਡਾਇਰੈਕਟਰ ਪ੍ਰਿਯੰਕਾ ਮੀਣਾ ਤੇ ਹੋਰ ਅਧਿਕਾਰੀਆਂ ਨਾਲ ਸਸਰਾਲੀ ਕਾਲੋਨੀ ’ਚ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਤੇ ਰਾਜ ਮਾਰਗ ਪ੍ਰੋਜੈਕਟਾਂ ਸਬੰਧੀ ਚੱਲ ਰਹੀਆਂ ਕੋਸ਼ਿਸ਼ਾਂ ਦਾ ਮੁਲਾਂਕਣ ਕਰਨ ਲਈ ਇਕ ਮੀਟਿੰਗ ਕੀਤੀ। ਉਨ੍ਹਾਂ ਵੱਲੋਂ ਸਤਲੁਜ ਦਰਿਆ ਦੇ ਕਿਨਾਰਿਆਂ ਦੇ ਖੋਰੇ ਨੂੰ ਰੋਕਣਾ, ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨਾ ਤੇ ਬੰਨ੍ਹ ਦੇ ਰਾਹਤ ਕਾਰਜਾਂ ਨੂੰ ਅੱਗੇ ਵਧਾਉਣਾ ਸ਼ਾਮਲ ਸੀ। ਉਨ੍ਹਾਂ ਭਾਰਤੀ ਰਾਸ਼ਟਰ ਮੁੱਖ ਸੜਕ ਅਥਾਰਿਟੀ (ਐੱਨਐੱਚਏਆਈ) ਦੀਆਂ ਯੋਜਨਾਵਾਂ ਦੀ ਪ੍ਰਗਤੀ ਸਬੰਧੀ ਵੀ ਸਮੀਖਿਆ ਕੀਤੀ ਅਤੇ ਸਾਈਕਲ ਟਰੈਕ ਬਣਾਉਣ ਤੇ ਪ੍ਰਭਾਵਸ਼ਾਲੀ ਟ੍ਰੈਫਿਕ ਪ੍ਰਬੰਧਨ ਵਰਗੀਆਂ ਯੋਜਨਾਵਾਂ ਨੂੰ ਸਮੇਂ ‘ਤੇ ਪੂਰਾ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਇਸ ਸੰਕਟ ਦੌਰਾਨ ਹਰ ਨਾਗਰੀਕ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵਿਆਪਕ ਸਹਾਇਤਾ ਪ੍ਰਦਾਨ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਥਿਤੀ ’ਤੇ ਕੜੀ ਨਜ਼ਰ ਰੱਖ ਰਹੀ ਹੈ ਅਤੇ ਲੋੜ ਮੁਤਾਬਕ ਵਾਧੂ ਸਰੋਤ ਤਾਇਨਾਤ ਕਰਨ ਲਈ ਤਿਆਰ ਹੈ।
ਸਤਲੁਜ ’ਚ ਵਹਿ ਰਿਹਾ 50 ਹਜ਼ਾਰ ਕਿਊਸਿਕ ਪਾਣੀ
ਪਹਾੜਾਂ ’ਚ ਬਾਰਿਸ਼ ਦੀ ਕਮੀ ਦੇ ਵਿਚਕਾਰ ਡੈਮਾਂ ’ਚ ਲਗਾਤਾਰ ਪਾਣੀ ਦਾ ਪੱਧਰ ਘੱਟ ਰਿਹਾ ਹੈ। ਐਤਵਾਰ ਨੂੰ ਸਤਲੁਜ ’ਚ 50 ਹਜ਼ਾਰ ਕਿਊਸਿਕ ਪਾਣੀ ਵਹਿ ਰਿਹਾ ਸੀ। ਫਿਲੌਰ ’ਚ ਰੇਲਵੇ ਦੇ ਪਿੱਲਰ ‘ਤੇ ਬਣੇ ਗੇਜ ‘ਤੇ ਅਲਰਟ ਲੈਵਲ ਤੋਂ ਪਾਣੀ ਲਗਪਗ ਦੋ ਫੁੱਟ ਹੇਠਾਂ ਵਹਿ ਰਿਹਾ ਸੀ। ਜਿਸ ਕਰ ਕੇ ਸਤਲੁਜ ਦੇ ਕਿਨਾਰਿਆਂ ਦਾ ਖੁਰਨਾ ਜਾਰੀ ਹੈ ਪਰ ਪਾਣੀ ਬਾਹਰ ਨਹੀਂ ਆ ਰਿਹਾ।