ਲੁਧਿਆਣਾ, 01 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ’ਚ ਜਾਰੀ ਭਾਰੀ ਬਾਰਿਸ਼ ਕਾਰਨ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਅੱਠ ਜ਼ਿਲ੍ਹਿਆਂ ’ਚ ਹੁਣ ਸੂਬੇ ’ਚ ਹੋ ਰਹੀ ਰਿਕਾਰਡ ਤੋੜ ਬਾਰਿਸ਼ ਨੇ ਹਾਲਾਤ ਖ਼ਤਰਨਾਕ ਬਣਾ ਦਿੱਤੇ ਹਨ। ਇਨ੍ਹਾਂ ਜ਼ਿਲ੍ਹਿਆਂ ’ਚ 1300 ਤੋਂ ਵੱਧ ਪਿੰਡ ਪਾਣੀ ’ਚ ਘਿਰੇ ਹਨ। ਲੋਕ ਘਰਾਂ ਦੀਆਂ ਛੱਤਾਂ ’ਤੇ ਰਹਿਣ ਲਈ ਮਜਬੂਰ ਹਨ ਜਾਂ ਫਿਰ ਘਰ ਛੱਡ ਕੇ ਸੁਰੱਖਿਅ ਥਾਂ ਵੱਲ ਹਿਜਰਤ ਕਰ ਰਹੇ ਰਹੇ ਹਨ। ਕਰੀਬ ਦੋ ਲੱਖ ਏਕੜ ਫ਼ਸਲ ਪਾਣੀ ’ਚ ਡੁੱਬ ਗਈ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਪੰਜਾਬ ’ਚ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਹ ਪਹਿਲੀ ਵਾਰ ਹੈ ਕਿ ਸੂਬੇ ’ਚ ਮੌਸਮ ਵਿਭਾਗ ਨੇ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੋਵੇ। ਇਸੇ ਕਾਰਨ ਸੂਬਾ ਸਰਕਾਰ ਨੇ ਅਗਲੇ ਤਿੰਨ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ।

ਮੌਸਮ ਵਿਭਾਗ ਦੀ ਮੰਨੀਏ ਤਾਂ ਸੂਬੇ ’ਚ ਅਗਸਤ ਮਹੀਨੇ ’ਚ ਹੋ ਰਹੀ ਬਾਰਿਸ਼ ਨੇ ਪਿਛਲੇ 25 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਆਮ ਤੌਰ ’ਤੇ ਅਗਸਤ ਮਹੀਨੇ ’ਚ 146.2 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਜਦਕਿ ਇਸ ਸਾਲ 253.7 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ ਜੋ ਆਮ ਨਾਲੋਂ 74 ਫ਼ੀਸਦੀ ਵੱਧ ਹੈ। ਸਭ ਤੋਂ ਵੱਧ ਬਾਰਿਸ਼ ਜਲੰਧਰ ’ਚ 178 ਮਿਲੀਮੀਟਰ, ਪਠਾਨਕੋਟ ’ਚ 152 ਤੇ ਤਰਨਤਾਰਨ ’ਚ 139 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਸਿਰਫ਼ ਚਾਰ ਜ਼ਿਲ੍ਹੇ ਹੀ ਹਨ ਜਿੱਥੇ ਇਸ ਮਹੀਨੇ ਆਮ ਨਾਲੋਂ ਘੱਟ ਬਾਰਿਸ਼ ਹੋਈ ਹੈ।

ਇਸੇ ਦੌਰਾਨ ਮੌਸਮ ਵਿਭਾਗ ਨੇ ਸੋਮਵਾਰ ਤੇ ਮੰਗਲਵਾਰ ਨੂੰ ਸੂਬੇ ’ਚ ਭਾਰੀ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਪਹਿਲੀ ਵਾਰ ਹੈ ਜਦੋਂ ਮੌਸਮ ਵਿਭਾਗ ਨੇ ਬਾਰੀ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕੀਤਾ ਹੋਵੇ। ਇਸ ਤੋਂ ਪਹਿਲਾਂ ਆਰੇਂਜ ਤੇ ਯੈਲੋ ਅਲਰਟ ਹੀ ਜਾਰੀ ਕੀਤਾ ਜਾਂਦਾ ਰਿਹਾ ਹੈ। ਇਸੇ ਅਲਰਟ ਕਾਰਨ ਸੂਬਾ ਸਰਕਾਰ ਨੇ ਸਾਰੇ ਸਕੂਲ ਤਿੰਨ ਸਤੰਬਰ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਨੇ 30 ਅਗਸਤ ਤੱਕ ਸਕੂਲ ਬੰਦ ਰੱਖਣ ਦਾ ਨਿਰਦੇਸ਼ ਦਿੱਤਾ ਸੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸੂਬਾ ਸਰਕਾਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਜ਼ਰੂਰੀ ਕਦਮ ਚੁੱਕ ਰਹੀ ਹੈ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲਕੀਤੀ ਕਿ ਉਹ ਇਸ ਮੁਸ਼ਕਲ ਸਮੇਂ ’ਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦੇਣ। ਇਸੇ ਵਿਚਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹੜ੍ਹਾਂ ਤੇ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਪਹਿਲੀ ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਅਗਲੇ ਹੁਕਮਾਂ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਬੋਰਡ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਮੌਸਮ ਦੀ ਸਥਿਤੀ ਆਮ ਹੋਣ ਤੋਂ ਬਾਅਦ ਜਾਰੀ ਕੀਤੀਆਂ ਜਾਣਗੀਆਂ। ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਬਰਾਉਣ ਨਾ ਤੇ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਸਕੂਲ ਪ੍ਰਸ਼ਾਸਨ ਤੋਂ ਸਮੇਂ-ਸਮੇਂ ’ਤੇ ਜਾਣਕਾਰੀ ਲੈਂਦੇ ਰਹਿਣ।

ਓਧਰ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਅੰਮ੍ਰਿਤਸਰ ਦੇ ਅਜਨਾਲਾ ’ਚ ਸ਼ਨਿਚਰਵਾਰ ਨੂੰ ਫ਼ੌਜ ਦੇ 25 ਟਰੱਕ ਵੋਟ ਲੈ ਕੇ ਪੁੱਜੇ। ਨਿੱਜੀ ਕੰਪਨੀ ਵੱਲੋਂ ਫ਼ੌਜ ਨੂੰ ਮੁਹਈਆ ਕਰਵਾਏ ਗਏ ਅਟੋਰ ਵਾਹਨ ਵੀ ਲੋਕਾਂ ਨੂੰ ਕੱਢਣ ਲਈ ਇਸਤੇਮਾਲ ਕੀਤੇ ਜਾ ਰਹੇ ਹਨ। ਫ਼ੌਜ ਤੋਂ ਇਲਾਵਾ ਹਵਾਈ ਫ਼ੌਜ, ਬੀਐੱਸਐੱਫ, ਐੱਨਡੀਆਰਐੱਫ ਤੇ ਐੱਸਡੀਆਰਐੱਫ ਦੀਆਂ ਟੀਮਾਂ ਦਿਨ ਰਾਤ ਰਾਹਤ ਤੇ ਬਚਾਅ ਕਾਰਜਾਂ ’ਚ ਜੁੱਟੀਆਂ ਹਨ।

ਸੂਬੇ ’ਚ ਭਾਰੀ ਬਾਰਿਸ਼ ਦਾ ਰੈੱਡ ਅਲਰਟ ਜਾਰੀ ਹੋਣ ਨਾਲ ਸੱਤ ਫੁੱਟ ਤੱਕ ਪਾਣੀ ’ਚ ਘਿਰੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਲੋਕਾਂ ਦੀਆਂ ਪਰੇਸ਼ਾਨੀਆਂ ਵਧਣ ਦਾ ਖ਼ਦਸ਼ਾ ਹੈ। ਇੱਥੇ ਲੋਕਾਂ ਘਰਾਂ ਦੀਆਂ ਛੱਤਾਂ ’ਤੇ ਪਨਾਲ ਲਈ ਬੈਠੇ ਹਨ। ਕੁਝ ਲੋਕ ਇਹੋ ਜਿਹੇ ਵੀ ਹਨ ਜਿਨ੍ਹਾਂ ਕੋਲ ਲੋੜ ਮੁਤਾਬਕ ਤਿਰਪਾਲਾਂ ਵੀ ਨਹੀਂ ਹਨ।

ਇਸੇ ਵਿਚਾਲੇ ਅੰਮ੍ਰਿਤਸਰ ਦੇ ਅਜਨਾਲਾ ’ਚ ਪੁੱਜੇ ਰਾਵੀ ਦਰਿਆ ਦੇ ਪਾਣੀ ਨੇ ਹੁਣ ਅਜਨਾਲਾ ਤੋਂ ਅੱਗੇ ਪਿੰਡਾਂ ਨੂੰ ਵੀ ਆਪਣੀ ਲਪੇਟ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਅਜਨਾਲਾ ਇਲਾਕਾ ਉੱਚ ਹੋਣ ਕਾਰਨ ਜ਼ਿਆਦਾਤਰ ਪਾਣੀ ਸ਼ਹਿਰ ’ਚ ਨਹੀਂ ਆਇਆ ਪਰ ਇਸ ਦੇ ਆਲੇ ਦੁਆਲੇ ਖੇਤਾਂ ’ਚ ਸੱਤ ਫੁੱਟ ਤੱਕ ਪਾਣੀ ਭਰ ਗਿਆ ਹੈ। ਇਹੀ ਹਾਲ ’ਚ ਤਰਨਤਾਰਨ ਜ਼ਿਲ੍ਹੇ ਦੇ ਹਨ। ਇੱਥੇ ਧੁੱਸੀ ਬੰਨ੍ਹ ਟੁੱਟਣ ਨਾਲ ਕੁਝ ਪਿੰਡਾਂ ’ਚ ਦੱਸ ਫੁੱਟ ਤੱਕ ਪਾਣੀ ਭਰਿਆ ਹੋਇਆ ਹੈ। ਕਪੂਰਥਲਾ ਦੇ ਸੁਲਤਾਨਪੁਰ ਲੋਧੀ ’ਚ ਵੀ ਹਾਲਾਤ ਪਹਿਲਾਂ ਵਰਗੇ ਹੀ ਹਨ। ਇੱਥੇ ਵੀ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਇਸ ਦੌਰਾਨ ਰਈਆ ਨੇੜੇ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਕਰੀਬ ਪੁੱਜ ਗਿਆ ਹੈ। ਬਿਆਸ ਦਰਿਆ ਦੇ ਵਿਚਕਾਰ ਲਗਾਏ ਗਏ ਪੈਮਾਨੇ ਮੁਤਾਬਕ ਐਤਵਾਰ ਸ਼ਾਮ 6 ਵਜੇ 743.30 ਪਾਣੀ ਦਾ ਪੱਧਰ ਮਾਪਿਆ ਗਿਆ ਸੀ।

ਫਾਜ਼ਿਲਕਾ ’ਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਪਿਛਲੇ 24 ਘੰਟਿਆਂ ’ਚ ਪਾਣੀ ਇੱਕ ਫੁੱਟ ਵੱਧ ਗਿਆ ਹੈ, ਜਿਸ ਕਾਰਨ ਲਗਭਗ 13 ਹਜ਼ਾਰ ਹੈਕਟੇਅਰ ਜ਼ਮੀਨ ਪਾਣੀ ’ਚ ਡੁੱਬ ਗਈ ਹੈ। ਸ਼ਨਿਚਰਵਾਰ ਨੂੰ ਹਰੀਕੇ ਹੈੱਡਵਰਕਸ ਤੋਂ ਛੱਡਿਆ ਜਾਣ ਵਾਲਾ ਪਾਣੀ 2,62,000 ਕਿਊਸਿਕ ਤੋਂ ਘਟਾ ਕੇ 2,42,000 ਕਿਊਸਿਕ ਕਰ ਦਿੱਤਾ ਗਿਆ ਸੀ, ਪਰ ਐਤਵਾਰ ਨੂੰ ਇਹ ਦੁਬਾਰਾ ਵਧਾ ਕੇ 2,55,000 ਕਿਊਸਿਕ ਕਰ ਦਿੱਤਾ ਗਿਆ। ਮੀਂਹ ਨੇ ਸਥਿਤੀ ਹੋਰ ਵਿਗਾੜ ਦਿੱਤੀ ਹੈ। ਫਾਜ਼ਿਲਕਾ ਦੇ ਸਰਹੱਦੀ ਖੇਤਰ ਦੇ 12 ਪਿੰਡਾਂ ਦੀਆਂ 20 ਪੰਚਾਇਤਾਂ ਬੀਤੇ 16 ਦਿਨਾਂ ਤੋਂ ਹੜ੍ਹ ਦੀ ਲਪੇਟ ’ਚ ਹਨ। ਜ਼ਿਆਦਾਤਰ ਸੜਕਾਂ ਪਾਣੀ ਨਾਲ ਭਰ ਗਈਆਂ ਹਨ ਅਤੇ ਕਈ ਥਾਵਾਂ ‘ਤੇ ਟੋਏ ਪੈਣ ਕਾਰਨ ਰਾਹਤ ਪਹੁੰਚਾਉਣਾ ਮੁਸ਼ਕਲ ਹੋ ਗਿਆ ਹੈ। ਇਸ ਕਾਰਨ ਐਨਡੀਆਰਐਫ ਅਤੇ ਭਾਰਤੀ ਫੌਜ ਵੱਲੋਂ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਕੱਢਣਾ ਪਿਆ ਹੈ। ਹੁਣ ਤੱਕ 1,200 ਤੋਂ ਵੱਧ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਤਬਦੀਲ ਕੀਤਾ ਗਿਆ ਹੈ।

ਇਸੇ ਤਰ੍ਹਾਂ ਫਿਰੋਜ਼ਪੁਰ ਜ਼ਿਲ੍ਹੇ ’ਚ ਵੀ 107 ਪਿੰਡ ਹੜ੍ਹਾਂ ਦੀ ਲਪੇਟ ਹਨ। ਇਸ ਨਾਲ ਕਰੀਬ 45 ਹਜ਼ਾਰ ਲੋਕ ਸਿੱਧੇ-ਅਸਿੱਧੇ ਤੌਰ ’ਤੇ ਪ੍ਰਭਾਵਿਤ ਹੋਏ ਹਨ। ਪ੍ਰਸ਼ਾਸਨ ਤੇ ਐਨਡੀਆਰਐਫ-ਬੀਐੱਸਐੱਫ ਨੇ ਮਿਲ ਕੇ ਇੱਥੇ ਹੁਣ ਤੱਕ 3300 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਹੈ। ਇੱਥੇ ਵੀ ਪਾਣੀ ਵਧਣ ਨਾਲ ਸਮੱਸਿਆਵਾਂ ਵਧ ਗਈਆਂ ਹਨ। ਰਾਹਤ ਤੇ ਬਚਾਅ ਕਾਰਜ ਪ੍ਰਭਾਵਿਤ ਹੋ ਰਹੇ ਹਨ। ਐਤਵਾਰ ਨੂੰ ਪੰਜਾਬ ਦੇ ਵਿੱਤ ਕਮਿਸ਼ਨਰ (ਮਾਲ) ਅਨੁਰਾਗ ਵਰਮਾ ਫਿਰੋਜ਼ਪੁਰ ਜ਼ਿਲ੍ਹੇ ’ਚ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਪੁੱਜੇ।

ਗੁਰਦਾਸਪੁਰ, ਪਠਾਨਕੋਟ ’ਚ ਪਾਣੀ ਭਾਵੇਂ ਘੱਟ ਰਿਹਾ ਹੈ ਪਰ ਅਜੇ ਲੋਕਾਂ ਨੂੰ ਰਾਹਤ ਨਹੀਂ ਮਿਲੀ। ਮਕੌੜਾ ਪੱਤਣ ’ਤੇ ਰਾਵੀ ਦਰਿਆ ਦੇ ਪਾਰਲੇ ਪਾਸੇ ਫਸੇ 11 ਲੋਕਾਂ ਨੂੰ ਫ਼ੌਜ ਨੇ ਬਚਾਇਆ ਹੈ। ਇਸ ਤੋਂ ਇਲਾਵਾ ਹਰ ਤਰ੍ਹਾਂ ਨਾਲ ਦੇਸ਼ ਦੇ ਬਾਕੀ ਹਿੱਸੇ ਨਾਲੋਂ ਕੱਟੇ ਗਏ ਇਨ੍ਹਾਂ ਪਿੰਡਾਂ ’ਚ ਰਾਹਤ ਸਮੱਗਰੀ ਵੀ ਪਹੁੰਚਾਈ ਜਾ ਰਹੀ ਹੈ। ਇਸੇ ਦੌਰਾਨ ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਡੈਮ ਦੇ ਸੱਤ ਰੇਡੀਅਲ ਗੇਟਾਂ ’ਚੋਂ ਸਿਰਫ਼ ਤਿੰਨ ਗੇਟ ਖੋਲ੍ਹ ਕੇ ਪਾਣੀ ਛੱਡਿਆ ਜਾ ਰਿਹਾ ਹੈ।

53 ਰੇਲ ਗੱਡੀਆਂ ਰੱਹੀਆਂ ਰੱਦ

ਐਤਵਾਰ ਨੂੰ ਜੰਮੂ ਤੋਂ ਆਉਣ ਜਾਣ ਵਾਲੀਆਂ ਰੇਲ ਗੱਡੀਆਂ ਮਾਧੋਪੁਰ ਰੇਲਵੇ ਪੁਲ ਨੂੰ ਹੋਏ ਨੁਕਸਾਨ ਕਾਰਨ ਰੱਦ ਕੀਤੀਆਂ ਗਈਆਂ। ਇਸੇ ਦੌਰਾਨ ਐਤਵਾਰ ਨੂੰ ਜੰਮੂੰ ਤੋਂ ਆਉਣ-ਜਾਣ ਵਾਲੀਾਂ 53 ਰੇਲ ਗੱਡੀਆਂ ਮਾਧੋਪੁਰ ਨੇੜੇ ਰੇਲਵੇ ਪੁਲ ਨੂੰ ਹੋਏ ਨੁਕਸਾਨ ਕਾਰਨ ਰੱਦ ਕਰ ਦਿੱਤੀਆਂ ਗਈਆਂ। ਇਹੀ ਨਹੀਂ, ਪਠਾਨਕੋਟ ਦੇ ਚੱਕੀ ਪੁਲ ਦੇ ਪਿੱਲਰਾਂ ਦੀ ਰਿਪਏਰ ਨਾ ਹੋਣ ਕਾਰਨ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ ਅੱਠਵੇਂ ਦਿਨ ਵੀ ਬੰਦ ਰਿਹਾ। ਇਸੇ ਦੌਰਾਨ ਮੁੱਖ ਸਕੱਤਰ ਕੇਅਪੀ ਸਿਨਹਾ ਨੇ ਐਤਵਾਰ ਨੂੰ ਪਠਾਨਕੋਟ, ਅੰਮ੍ਰਿਤਸਰ ਤੇ ਕਪੂਥਲਾ ਜ਼ਿਲਿਆਂ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ।

ਸੰਖੇਪ:
ਪੰਜਾਬ ਵਿੱਚ ਭਾਰੀ ਬਾਰਿਸ਼ ਨੇ 25 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ, ਜਿਸ ਨਾਲ 1300 ਤੋਂ ਵੱਧ ਪਿੰਡ ਹੜ੍ਹਾਂ ਦੀ ਲਪੇਟ ‘ਚ ਆ ਗਏ ਹਨ, ਰੈੱਡ ਅਲਰਟ ਜਾਰੀ ਹੈ ਅਤੇ ਸਕੂਲ ਤੇ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।