11 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਜਸਪ੍ਰੀਤ ਬੁਮਰਾਹ ਤੇ ਰਵਿੰਦਰ ਜਡੇਜਾ ਲੰਬੇ ਅੰਤਰਾਲ ਤੋਂ ਬਾਅਦ ਮੈਚ ਪ੍ਰੈਕਟਿਸ ਕਰਨ ਦੇ ਮੌਕੇ ਤੋਂ ਵਾਂਝੇ ਰਹਿ ਗਏ, ਕਿਉਂਕਿ ਭਾਰਤ ‘ਏ’ ਤੇ ਨਿਊਜ਼ੀਲੈਂਡ ‘ਏ’ ਵਿਚਕਾਰ ਤੀਜਾ ਗੈਰ-ਅਧਿਕਾਰਤ ਟੈਸਟ ਡਰਾਅ ’ਤੇ ਸਮਾਪਤ ਹੋਇਆ। ਮੰਗਲਵਾਰ ਨੂੰ ਚੌਥੇ ਤੇ ਆਖਰੀ ਦਿਨ ਦੀ ਖੇਡ ਮੀਂਹ ਕਾਰਨ ਨਹੀਂ ਹੋ ਸਕੀ।
ਮੈਚ ਦੇ ਤੀਜੇ ਦਿਨ, ਯਾਨੀ ਸੋਮਵਾਰ ਨੂੰ ਵੀ ਮੀਂਹ ਕਾਰਨ ਖੇਡ ਰੱਦ ਕਰ ਦਿੱਤੀ ਗਈ ਸੀ। ਨਤੀਜੇ ਵਜੋਂ, ਸੀਰੀਜ਼ ਦੇ ਤਿੰਨੋਂ ਮੈਚ ਡਰਾਅ ਰਹੇ। ਭਾਰਤ ‘ਏ’ ਨੇ ਆਪਣੀ ਪਾਰੀ 464 ਦੌੜਾਂ ’ਤੇ 5 ਵਿਕਟਾਂ ਦੇ ਨੁਕਸਾਨ ’ਤੇ ਸਮਾਪਤ (ਡਿਕਲੇਅਰ) ਕੀਤੀ। ਇਸ ’ਚ ਯਸ਼ਸਵੀ ਜੈਸਵਾਲ ਦਾ ਸੀਰੀਜ਼ ’ਚ ਲਗਾਤਾਰ ਦੂਜਾ ਸੈਂਕੜਾ ਸ਼ਾਮਲ ਸੀ, ਜਦ ਕਿ ਸਾਈ ਸੁਦਰਸ਼ਨ, ਧਰੁਵ ਜੁਰੇਲ, ਤਿਲਕ ਵਰਮਾ ਤੇ ਵਾਸ਼ਿੰਗਟਨ ਸੁੰਦਰ ਨੇ ਅਰਧ-ਸੈਂਕੜੇ ਲਗਾਏ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ, ਨਿਊਜ਼ੀਲੈਂਡ ‘ਏ’ ਨੇ 2 ਵਿਕਟਾਂ ਦੇ ਨੁਕਸਾਨ ’ਤੇ 36 ਦੌੜਾਂ ਬਣਾ ਲਈਆਂ ਸਨ। ਭਾਰਤੀ ਟੀਮ ਦੇ ਨਜ਼ਰੀਏ ਤੋਂ ਇਹ ਮੈਚ ਕਾਫ਼ੀ ਅਹਿਮ ਸੀ, ਕਿਉਂਕਿ ਉਮੀਦ ਸੀ ਕਿ ਇਸ ਨਾਲ ਬੁਮਰਾਹ ਤੇ ਜਡੇਜਾ ਜੋ ਦੋਵੇਂ ਲੰਬੇ ਬ੍ਰੇਕ ਤੋਂ ਬਾਅਦ ਵਾਪਸੀ ਕਰ ਰਹੇ ਸਨ, ਨੂੰ ਮਹੱਤਵਪੂਰਨ ਮੈਚ ਪ੍ਰੈਕਟਿਸ ਮਿਲ ਸਕੇਗੀ।
ਬੁਮਰਾਹ ਆਖਰੀ ਵਾਰ 3 ਅਕਤੂਬਰ ਨੂੰ ਜਾਪਾਨ ਦੇ ਆਈਚੀ-ਨਾਗੋਯਾ ’ਚ ਪਾਕਿਸਤਾਨ ਵਿਰੁੱਧ ਏਸ਼ੀਆਈ ਖੇਡਾਂ ਦੇ ਫਾਈਨਲ ’ਚ ਖੇਡੇ ਸਨ। ਨਿਊਜ਼ੀਲੈਂਡ ਦੌਰੇ ਦੇ ਸੀਮਤ ਓਵਰਾਂ ਵਾਲੇ ਹਿੱਸੇ ਦੌਰਾਨ ਉਨ੍ਹਾਂ ਨੂੰ ਆਰਾਮ ਦਿੱਤਾ ਗਿਆ ਸੀ ਤਾਂ ਜੋ ਉਹ 19 ਨਵੰਬਰ ਤੋਂ ਵੈਲਿੰਗਟਨ ’ਚ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਲਈ ਤਾਜ਼ਾਦਮ ਰਹਿ ਸਕਣ। ਇਸ ਮੈਚ ’ਚ ਬੁਮਰਾਹ ਸਿਰਫ਼ ਛੇ ਓਵਰ ਹੀ ਗੇਂਦਬਾਜ਼ੀ ਕਰ ਸਕੇ, ਜਿਸ ’ਚ ਉਨ੍ਹਾਂ ਨੇ 11 ਦੌੜਾਂ ਦਿੱਤੀਆਂ। ਉਨ੍ਹਾਂ ਨੂੰ ਉਮੀਦ ਸੀ ਕਿ ਟੈਸਟ ਲੜੀ ਤੋਂ ਪਹਿਲਾਂ ਕੁਝ ਸਪੈੱਲ ਗੇਂਦਬਾਜ਼ੀ ਕਰਕੇ ਉਹ ਆਪਣੀ ਲੈਅ ਹਾਸਲ ਕਰ ਲੈਣਗੇ, ਪਰ ਖਰਾਬ ਮੌਸਮ ਨੇ ਉਨ੍ਹਾਂ ਦੀਆਂ ਤਿਆਰੀਆਂ ’ਤੇ ਪਾਣੀ ਫੇਰ ਦਿੱਤਾ। ਜਡੇਜਾ ਜੋ ਅਕਸਰ ਵਿਦੇਸ਼ੀ ਹਾਲਾਤਾਂ ’ਚ ਇੱਕ ਅਹਿਮ ਬੱਲੇਬਾਜ਼ ਦੀ ਭੂਮਿਕਾ ਨਿਭਾਉਂਦੇ ਹਨ, ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਜ਼ਰੂਰ ਮਿਲਿਆ। ਉਨ੍ਹਾਂ ਨੇ 71 ਗੇਂਦਾਂ ’ਤੇ 25 ਦੌੜਾਂ ਬਣਾਈਆਂ ਤੇ ਕ੍ਰੀਜ਼ ’ਤੇ ਇੱਕ ਘੰਟਾ 20 ਮਿੰਟ ਬਿਤਾਏ। ਹਾਲਾਂਕਿ ਉਨ੍ਹਾਂ ਨੂੰ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਭਾਰਤ ‘ਏ’ ਟੀਮ ਕੁੱਲ ਬੁਮਰਾਹ ਤੇ ਜਡੇਜਾ ਦੇ ਨਾਲ-ਨਾਲ, ਜੈਸਵਾਲ, ਦੇਵਦੱਤ ਪਡੀਕਲ, ਸਾਈ ਸੁਦਰਸ਼ਨ, ਵਾਸ਼ਿੰਗਟਨ ਸੁੰਦਰ ਤੇ ਆਕਾਸ਼ ਦੀਪ ਹੁਣ ਵੈਲਿੰਗਟਨ ਜਾਣਗੇ, ਜਿੱਥੇ ਭਾਰਤੀ ਸੀਨੀਅਰ ਟੀਮ ਛੇ ਅਭਿਆਸ ਸੈਸ਼ਨ ਪੂਰੇ ਕਰਨ ਦੀ ਯੋਜਨਾ ਬਣਾ ਰਹੀ ਹੈ, ਬਸ਼ਰਤੇ ਮੌਸਮ ਸਾਫ਼ ਰਹੇ। ਜਿੱਥੋਂ ਤੱਕ ‘ਇੰਡੀਆ ਏ’ ਲੜੀ ਦੀ ਗੱਲ ਹੈ, ਜੈਸਵਾਲ ਦੇ ਲਗਾਤਾਰ ਦੋ ਸੈਂਕੜੇ ਤੇ ਪੱਡੀਕਲ ਦਾ ਸ਼ਾਨਦਾਰ ਪ੍ਰਦਰਸ਼ਨ ਟੀਮ ਲਈ ਬਹੁਤ ਸਕਾਰਾਤਮਕ ਪਹਿਲੂ ਰਹੇ। ਪਹਿਲੇ ਗੈਰ-ਅਧਿਕਾਰਤ ਟੈਸਟ ’ਚ ਪੱਡੀਕਲ ਵੱਲੋਂ ਖੇਡੀ ਗਈ 199 ਦੌੜਾਂ ਦੀ ਪਾਰੀ ਨੇ ਤੀਜੇ ਨੰਬਰ ’ਤੇ ਉਨ੍ਹਾਂ ਦੀ ਜਗ੍ਹਾ ਲਗਭਗ ਪੱਕੀ ਕਰ ਦਿੱਤੀ ਹੈ।
