ਸ੍ਰੀ ਅਨੰਦਪੁਰ ਸਾਹਿਬ 13 ਮਾਰਚ (ਪੰਜਾਬੀ ਖ਼ਬਰਨਾਮਾ) :ਸੈਰ-ਸਪਾਟਾ ਸਿਰਫ਼ ਇੱਕ ਉਦਯੋਗ ਨਹੀਂ ਹੈ, ਬਲਕਿ ਇਹ ਸਾਡੀ ਵਿਰਾਸਤ ਦਾ ਇੱਕ ਝਰੋਖਾ ਵੀ ਹੈ ਅਤੇ ਸਾਡੀ ਪ੍ਰਾਹੁਣਚਾਰੀ ਦਾ ਪ੍ਰਮਾਣ ਵੀ ਹੈ। ਧਾਰਮਿਕ ਸੈਰ ਸਪਾਟਾ ਦੇ ਮਾਨਚਿੱਤਰ ਉੱਤੇ ਪੰਜਾਬ ਰਾਜ ਦੁਨੀਆਂ ਭਰ ਵਿਚ ਪਹਿਲਾਂ ਹੀ ਇਕ ਖਾਸ ਸਥਾਨ ਰੱਖਦਾ ਹੈ ਪਰ ਪੰਜਾਬ ਰਾਜ ਨੂੰ ਕੁਦਰਤ ਵਲੋਂ ਬਖਸ਼ੀ ਖੂਬਸੂਰਤੀ ਤੋਂ ਦੇਸ਼ ਦੁਨੀਆਂ ਦੇ ਲੋਕ ਬੇਖ਼ਬਰ ਹਨ, ਵਿਸ਼ਵ ਅੱਗੇ ਪੰਜਾਬ ਦੀਆਂ ਹੁਣ ਤੱਕ ਅਣਛੋਹੀਆਂ ਰਹੀਆਂ ਸੰਭਾਵਨਾਵਾਂ ਨੂੰ ਵੀ ਉਜਾਗਰ ਕਰਾਂਗੇ ਜੋ ਕਿ ਸਾਡੇ ਅਮੀਰ ਵਿਰਸੇ ਅਤੇ ਪ੍ਰਾਹੁਣਚਾਰੀ ਦੀ ਭਾਵਨਾ ਨੂੰ ਵੀ ਦਰਸਾਉਂਦੀਆਂ ਹਨ।

    ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ. ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਵਦੇਸ਼ ਦਰਸ਼ਨ ਸਕੀਮ ਤੇ ਏ.ਸੀ 16 ਸਕੀਮ ਅਧੀਨ ਲਗਭਗ 36 ਕਰੋੜ ਰੁਪਏ ਦੇ ਪ੍ਰੋਜੈਕਟ ਲੋਕ ਅਰਪਣ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋ ਵਿਧਾਇਕ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੋਜੂਦ ਸਨ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦੱਸਿਆ ਕਿ 16 ਕਰੋੜ ਰੁਪਏ ਦੀ ਲਾਗਤ ਨਾਲ ਭਾਈ ਜੈਤਾ ਜੀ ਯਾਦਗਾਰ ਵਿਚ ਉਸਾਰੀ ਕੀਤੀ ਗਈ ਹੈ ਜਿਸ ਭਾਈ ਜੈਤਾ ਜੀ ਦੇ ਜੀਵਨ ਦੇ ਸਫ਼ਰ ਬਾਰੇ ਵਿਸਥਾਰ ਪੂਰਵਕ ਸਮੁੱਚੀ ਲੋਕਾਈ ਨੂੰ ਦਰਸਾਇਆ ਜਾਵੇਗਾ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਉਜਾਗਰ ਕੀਤਾ ਜਾਵੇਗਾ, ਇਸਦੇ ਵਿੱਚ ਸਟੇਨਲੈੱਸ ਸਟੀਲ ਦਾ ਖੰਡਾ ਸਥਾਪਿਤ ਕੀਤਾ ਗਿਆ ਹੈ, ਜਿਸਦੀ ਉਚਾਈ 57 ਫੁੱਟ ਹੈ ਅਤੇ ਇਹ ਜ਼ਮੀਨੀ ਪੱਧਰ ਤੋਂ 81 ਫੁੱਟ ਉੱਚਾ ਹੈ। ਇਸ ਖੰਡੇ ਦਾ ਵਜ਼ਨ 32 ਮੀਟ੍ਰਿਕ ਟਨ ਹੈ।

    ਇਸ ਮੌਕੇ ਤੇ ਬੋਲਦਿਆਂ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਪੰਜਾਬ ਨੇ ਹਲਕੇ ਵਿੱਚ ਮੁਕੰਮਲ ਹੋ ਕੇ ਲੋਕ ਅਰਪਣ ਹੋਏ ਅਤੇ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਲਗਭਗ 36 ਕਰੋੜ ਰੁਪਏ ਦੇ ਵਿਕਾਸ ਦੇ ਪ੍ਰੋਜੈਕਟ ਲੋਕ ਅਰਪਣ ਕੀਤੇ ਗਏ ਹਨ।

     ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦੋ ਵਰੇ ਮੁਕੰਮਲ ਹੋਣ ਤੋ ਪਹਿਲਾ ਹੀ ਕਰੋੜਾਂ ਰੁਪਏ ਦੇ ਪ੍ਰੋਜੈਕਟ ਨੰਗਲ ਵਿੱਚ ਬਹੁਮੰਤਵੀ ਫਲਾਈ ਓਵਰ, ਪੰਜ ਪਿਆਰਾ ਪਾਰਕ, ਸ੍ਰੀ ਗੁਰੂ ਤੇਗ ਬਹਾਦੁਰ ਮਿਊਜੀਅਮ, ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਨੂੰ ਜਾਣ ਵਾਲੇ ਮਾਤਾ ਸ੍ਰੀ ਨੈਣਾ ਦੇਵੀ ਮਾਰਗ ਦਾ ਸੁੰਦਰੀਕਰਨ, ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੇ ਮਾਰਗ ਤੇ ਲੱਗੀਆਂ ਰੋਸ਼ਨੀਆਂ, ਗੁਰੂ ਨਗਰੀ ਦੇ ਸਵਾਗਤੀ ਗੇਟਾਂ ਦਾ ਸੁੰਦਰੀਕਰਨ ਕਰਵਾ ਕੇ ਲੋਕ ਅਰਪਣ ਕੀਤਾ ਜਾ ਚੁੱਕਾ ਹੈ। ਅੱਜ 16 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਨੇਚਰ ਪਾਰਕ ਲੋਕ ਅਰਪਣ ਕੀਤਾ ਹੈ, ਜਿਸ ਵਿੱਚ ਸਾਰੇ ਪੌਦੇ ਤੇ ਬੂਟੇ ਉਸ ਕਿਸਮ ਦੇ ਲਗਾਏ ਗਏ ਹਨ, ਜਿਨ੍ਹਾਂ ਦਾ ਗੁਰਬਾਣੀ ਵਿਚ ਵਰਨਣ ਹੈ ਤੇ ਇਨ੍ਹਾਂ ਰੁੱਖਾਂ ਦੀ ਮਨੁੱਖੀ ਜੀਵਨ ਵਿਚ ਵਿਸੇਸ਼ ਮਹੱਤਤਾ ਹੈ। ਸ੍ਰੋਮਣੀ ਸ਼ਹੀਦ ਭਾਈ ਜੈਤਾ ਜੀ ਦੀ ਯਾਦਗਾਰ ਨੂੰ ਵੀ ਅੱਜ ਲੋਕ ਅਰਪਣ ਕਰ ਦਿੱਤਾ ਹੈ, ਇਹ ਯਾਦਗਾਰ ਦੇਸ਼ ਵਿਦੇਸ਼ ਤੋ ਆਉਣ ਵਾਲੇ ਸੈਲਾਨੀਆਂ ਲਈ ਬੇਹੱਦ ਆਕਰਸ਼ਣ ਦਾ ਕੇਂਦਰ ਬਣੇਗੀ, ਇਸ ਵਿੱਚ ਬਣਨ ਵਾਲਿਆਂ ਪੰਜ ਗੈਲਰੀਆਂ ਵਿੱਚ ਬਾਬਾ ਜੀਵਨ ਸਿੰਘ, ਭਾਈ ਜੈਤਾ ਜੀ ਦੇ ਸਮੁੱਚੇ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣ ਦੇ ਪ੍ਰਬੰਧ ਕੀਤੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ 5.92 ਕਰੋੜ ਰੁਪਏ ਦੀ ਲਾਗਤ ਨਾਲ ਯਾਤਰੀ ਸੂਚਨਾ ਕੇਂਦਰ ਦੀ ਇਮਾਰਤ ਤਿਆਰ ਕੀਤੀ ਗਈ ਹੈ।

     ਸ. ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਧਾਰਮਿਕ ਸੈਰ ਸਪਾਟੇ ਲਈ ਵਿਸ਼ਵ ਭਰ ਵਿੱਚ ਬੇਹੱਦ ਪ੍ਰਸਿੱਧ ਹੈ, ਸਾਡੀ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਦੇ ਨੀਮ ਪਹਾੜੀ ਖੇਤਰ ਅਤੇ ਇਸ ਦੀ ਮਨਮੋਹਕ ਵਾਦੀਆਂ ਦੀ ਵਰਤੋਂ ਕੀਤੀ ਜਾਵੇ ਅਤੇ ਇਸ ਇਲਾਕੇ ਨੂੰ ਧਾਰਮਿਕ ਸੈਰ ਸਪਾਟਾ ਹੱਬ ਵਜੋਂ ਵਿਕਸਤ ਕੀਤਾ ਜਾਵੇ, ਜਿਸ ਨਾਲ ਇਸ ਇਲਾਕੇ ਵਿੱਚ ਵਪਾਰ ਤੇ ਕਾਰੋਬਾਰ ਦੀਆਂ ਸੰਭਾਵਨਾਵਾ ਹੋਰ ਪ੍ਰਫੁੱਲਿਤ ਹੋਣਗੀਆਂ।

    ਇਸ ਮੌਕੇ ਹਰਜੋਤ ਬੈਂਸ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ, ਇਸ ਦੇ ਲਈ 25 ਕਰੋੜ ਰੁਪਏ ਦਾ ਪ੍ਰੋਜੈਕਟ ਮੰਨਜੂਰ ਕੀਤਾ ਹੈ, ਜਿਸ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਮੁੱਖ ਮਾਰਗ ਤੱਕ ਵਾਈਟ ਮਾਰਬਲ ਦੀ ਫਲੋਰਿੰਗ ਕਰਵਾਈ ਜਾਵੇਗੀ ਜਿਸ ਉੱਤੇ 25 ਕਰੋੜ ਰੁਪਏ ਦੀ ਰਸਮੀ ਪ੍ਰਵਾਨਗੀ ਹੋ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਚਰਨ ਗੰਗਾ ਖੱਡ ਦਾ ਸੁੰਦਰੀਕਰਨ ਕਰਵਾ ਕੇ ਇਸ ਨੂੰ ਸੈਰਗਾਹ ਲਈ ਤਿਆਰ ਕੀਤਾ ਜਾਵੇਗਾ। ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਬਾਈਪਾਸ ਬਣਾਉਣ ਦੀ ਯੋਜਨਾ ਹੈ ਤਾ ਜੋ ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਨੂੰ ਕੋਈ ਔਕੜ ਨਾ ਹੋਵੇ। 

     ਇਸ ਮੌਕੇ ਏ.ਡੀ.ਸੀ ਵਿਕਾਸ ਸੰਜੀਵ ਕੁਮਾਰ, ਭਾਈ ਜੈਤਾ ਜੀ ਤੱਪ ਅਸਥਾਨ ਦੇ ਪ੍ਰਬੰਧਕ ਬਾਬਾ ਤੀਰਥ ਸਿੰਘ ਜੀ, ਰਾਜਪਾਲ ਸਿੰਘ ਸੇਖੋ ਉਪ ਮੰਡਲ ਮੈਜਿਸਟ੍ਰੇਟ, ਬੀ.ਐਸ.ਚਾਨਾ ਸੁਪਰਡੈਂਟ ਇੰਜੀਨਿਅਰ ਟੂਰਿਜਮ, ਅਜੇ ਸਿੰਘ ਡੀ.ਐਸ.ਪੀ, ਸੰਦੀਪ ਕੁਮਾਰ ਤਹਿਸੀਲਦਾਰ, ਵਿਕਾਸ ਦੀਪ ਨਾਇਬ ਤਹਿਸੀਲਦਾਰ, ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਡਾ.ਸੰਜੀਵ ਗੌਤਮ ਮੈਂਬਰ ਮੈਡੀਕਲ ਕੋਂਸਲ ਪੰਜਾਬ, ਕਮਿੱਕਰ ਸਿੰਘ ਡਾਢੀ ਚੇਅਰਮੈਨ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਜਗਜੀਤ ਸਿੰਘ ਜੱਗੀ ਬਲਾਕ ਪ੍ਰਧਾਨ, ਜਸਵੀਰ ਸਿੰਘ ਅਰੋੜਾ ਸੀਨੀਅਰ ਆਗੂ, ਦਵਿੰਦਰ ਸਿੰਘ ਸਿੰਦੂ ਬਲਾਕ ਪ੍ਰਧਾਨ, ਬਲਵਿੰਦਰ ਕੌਰ ਬੈਂਸ, ਦੀਪਕ ਆਂਗਰਾ ਪ੍ਰਧਾਨ ਵਪਾਰ ਮੰਡਲ, ਸੁਖਦੇਵ ਸਿੰਘ ਬੀਟੀ, ਵਿੱਕੀ ਬੀਟੀ, ਐਲਕਸ, ਹਰਬਖਸ਼ ਸਿੰਘ ਕਾਰਜ ਸਾਧਕ ਅਫਸਰ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ ਪ੍ਰਧਾਨ,ਦਲਜੀਤ ਸਿੰਘ ਕੈਂਥ ਕੋਸਲਰ, ਬੀਬੀ ਬਲਵੀਰ ਕੋਰ ਕੌਸਲਰ, ਬਿਕਰਮਜੀਤ ਸਿੰਘ ਸੰਧੁ  ਕੋਸਲਰ, ਕਮਲਜੀਤ ਸਿੰਘ ਭੱਟੀ ਕੋਸਲਰ, ਗੁਰਵਿੰਦਰ ਸਿੰਘ ਬੰਟੀ ਵਾਲੀਆ ਕੋਸਲਰ, ਪ੍ਰਵੀਨ ਕੋਸ਼ਲ ਸੀਨੀਅਰ ਮੀਤ ਪ੍ਰਧਾਨ, ਮਨਪ੍ਰੀਤ ਕੌਰ ਅਰੋੜਾ ਕੋਸਲਰ, ਪਰਮਵੀਰ ਸਿੰਘ ਰਾਣਾ ਕੋਸਲਰ, ਰੀਟਾ ਅਡਵਾਲ ਮੀਤ ਪ੍ਰਧਾਨ, ਸ਼ੰਮੀ ਬਰਾਰੀ ਯੂਥ ਆਗੂ, ਗੁਰਮੀਤ ਸਿੰਘ ਕਲੋਤਾ, ਕੈਪਟਨ ਗੁਰਨਾਮ ਸਿੰਘ, ਰਾਜਪਾਲ ਮੋਹੀਵਾਲ, ਸੋਹਣ ਸਿੰਘ ਨਿੱਕੂਵਾਲ, ਊਸ਼ਾ ਰਾਣੀ, ਕਮਲੇਸ਼ ਨੱਡਾ, ਰਾਮਪਾਲ ਕਾਹੀਵਾਲ, ਬਲਵਿੰਦਰ ਝਿੰਜੜੀ, ਜਿੰਮੀ ਡਾਢੀ ਅਤੇ ਹੋਰ ਉੱਚ ਅਧਿਕਾਰੀ ਤੇ ਪਤਵੰਤੇ ਹਾਜਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।