ਲੁਧਿਆਣਾਃ 2 ਅਪ੍ਰੈਲ (ਪੰਜਾਬੀ ਖ਼ਬਰਨਾਮਾ): ਪੰਜਾਬੀ ਸਾਹਿਤਕ ਮੰਚ ਭੰਗਾਲਾ -ਮੁਕੇਰੀਆਂ ( ਹੋਸ਼ਿਆਰਪੁਰ) ਵੱਲੋਂ ਮਾਤਾ ਕੁੰਦਨ ਕੌਰ ਜੀ ਦੀ ਯਾਦ ਵਿੱਚ ਸਥਾਪਿਤ ਚੌਥਾ ਸਲਾਨਾ ਬਚਵਾਹੀ ਐਵਾਰਡ ਅਤੇ ਸਾਲਾਨਾ ਕੌਮੀ ਕਵੀ ਦਰਬਾਰ  ‘ਯਾਰਾਂਦਰੀ ‘ ਪਿੰਡ ਹਯਾਤਪੁਰ (ਹੋਸ਼ਿਆਰਪੁਰ)ਵਿਖੇ
ਪ੍ਰਸਿੱਧ ਕਹਾਣੀਕਾਰ ਡਾ. ਵਰਿਆਮ ਸੰਧੂ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਲੁਧਿਆਣਾ ਵੱਸਦੇ  ਪੰਜਾਬੀ ਕਵੀ  ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਚੌਥਾ ਬਚਵਾਹੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ |
ਗੁਰਮੀਤ ਹਯਾਤਪੁਰੀ ਨੇ ਦੱਸਿਆ ਕਿ ਪ੍ਰੋ. ਗੁਰਭਜਨ ਸਿੰਘ ਗਿੱਲ ਤੋਂ ਪਹਿਲਾਂ ਇਹ ਸਨਮਾਨ ਡਾ. ਸੁਰਜੀਤ ਪਾਤਰ , ਸੁਖਵਿੰਦਰ ਅੰਮ੍ਰਿਤ ਤੇ ਡਾ. ਲਖਵਿੰਦਰ ਜੌਹਲ ਜੀ ਨੂੰ ਵੀ ਭੇਟ ਕੀਤਾ ਜਾ ਚੁਕਾ ਹੈ। ਬਚਵਾਹੀ ਐਵਾਰਡ ਗੁਰਮੀਤ ਹਯਾਤਪੁਰੀ ਪਰਿਵਾਰ ਵੱਲੋਂ ਆਪਣੇ  ਮਾਤਾ ਜੀ ਕੁੰਦਨ ਕੌਰ ਜੀ ਦੀ ਯਾਦ ਵਿੱਚ ਚਾਰ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਇਸ ਪੁਰਸਕਾਰ ਵਿੱਚ 11 ਹਜ਼ਾਰ ਰੁਪਏ ਦੀ ਰਾਸ਼ੀ ਤੇ ਸਨਮਾਨ ਚਿੰਨ੍ਹ ਤੋਂ ਇਲਾਵਾ ਦੋਸ਼ਾਲਾ ਵੀ ਭੇਂਟ ਕੀਤਾ ਜਾਂਦਾ ਹੈ।
ਸਮਾਗਮ ਵਿੱਚ  ਬਤੌਰ ਮੁੱਖ ਮਹਿਮਾਨ ਡਾ. ਲਖਵਿੰਦਰ ਸਿੰਘ ਜੌਹਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਮਤੀ ਅਰਤਿੰਦਰ ਸੰਧੂ ਮੁੱਖ ਸੰਪਾਦਕ ‘ਸਾਹਿੱਤਕ ਏਕਮ’ਡਾ. ਨਿਰੰਜਣ, ਤਰਲੋਚਨ ਲੋਚੀ ਮੀਤ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਮੱਖਣ ਕੋਹਾੜ, ਡਾ. ਹਰਜਿੰਦਰ ਸਿੰਘ ਅਟਵਾਲ ਸਾਬਕਾ ਮੁਖੀ ਪੰਜਾਬੀ ਵਿਭਾਗ, ਲਾਇਲਪੁਰ ਖਾਲਸਾ ਕਾਲਿਜ ਜਲੰਧਰ ਅਤੇ ਪ੍ਰੀਤ ਹੀਰ ਮੁੱਖ ਪ੍ਰਬੰਧਕ ,ਪੰਜਾਬ ਭਵਨ ਜਲੰਧਰ ਨੇ ਸ਼ਿਰਕਤ ਕੀਤੀ |
ਪੰਜਾਬੀ ਲੇਖਕ ਅਰਤਿੰਦਰ ਸੰਧੂ, ਤ੍ਰੈਲੋਚਨ ਲੋਚੀ, ਮੱਖਣ ਕੋਹਾੜ ਤੇ ਡਾ. ਨਿਰੰਜਨ ਨੂੰ ਵੀ ਇਸ ਮੌਕੇ ਸਾਹਿੱਤਕ ਮੰਚ ਵੱਲੋਂ ਵਿਸ਼ੇਸ਼ ਸਨਮਾਨ ਭੇਂਟ ਕੀਤਾ ਗਿਆ। ਡਾ. ਚੇਤਨ ਤੇ  ਸੁਖਵਿੰਦਰ ਸੁੱਖੀ ਜੀ ਨੇ ਸਭ ਨੂੰ ਜੀ ਆਇਆਂ ਕਿਹਾ। ਸਨਮਾਨਿਤ ਕੀਤੇ ਪੰਜਾਬੀ ਲੇਖਕ ਗੁਰਭਜਨ ਗਿੱਲ ਬਾਰੇ ਡਾ. ਲਖਵਿੰਦਰ ਸਿੰਘ ਜੌਹਲ ,ਚੇਅਰਮੈਨ ਲੋਕ ਮੰਚ ਪੰਜਾਬ  ਨੇ ਬੋਲਦਿਆਂ ਕਿਹਾ ਕਿ  ਮੈਂ ਉਨ੍ਹਾਂ ਦੀ 1978 ਵਿੱਚ ਛਪੀ  ਪਹਿਲੀ ਕਾਵਿ ਪੁਸਤਕ “ਸ਼ੀਸ਼ਾ ਝੂਠ ਬੋਲਦਾ ਹੈ” ਤੋਂ ਲੈ ਕੇ ਸੱਜਰੀ ਛਪੀ ਪੁਸਤਕ ਅੱਖਰ ਅੱਖਰ ਤੀਕ ਦੇ ਸਫ਼ਰ ਦੌਰਾਨ ਨਾਲ ਨਾਲ ਤੁਰਿਆ ਹਾਂ। ਨਿਰੰਤਰ ਸਿਰਜਣ਼ਸ਼ੀਲ ਰਹਿਣ ਵਾਲੇ ਵਿਰਲੇ ਲੇਖਕਾਂ ਵਿੱਚੋਂ ਉਹ ਇੱਕ ਹਨ। ਡਾ. ਹਰਜਿੰਦਰ ਸਿੰਘ ਅਟਵਾਲ ਨੇ ਅਰਤਿੰਦਰ ਸੰਧੂ, ਤ੍ਰੈਲੋਚਨ ਲੋਚੀ, ਮੱਖਣ ਕੋਹਾੜ ਤੇ ਡਾ. ਨਿਰੰਜਨ ਬਾਰੇ ਜਾਣ ਪਛਾਣ ਕਰਵਾਈ।
ਇਸ ਮੌਕੇ ਗੁਰਮੀਤ ਹਯਾਤਪੁਰੀ ਦੇ ਲਿਖੇ ਕਾਵਿ ਸੰਗ੍ਰਹਿ ਯਾਰਾਂਦਰੀ ਦੇ ਡਾ. ਵਿਪਨ ਕੁਮਾਰ ਵੱਲੋਂ ਕੀਤੇ ਅੰਗਰੇਜ਼ੀ ਅਨੁਵਾਦ ਸਮੇਤ ਪੁਸਤਕ ਨੂੰ  ਡਾ. ਵਰਿਆਮ ਸਿੰਘ ਸੰਧੂ ਲਖਵਿੰਦਰ ਜੌਹਲ, ਡਾ. ਹਰਜਿੰਦਰ ਸਿੰਘ ਅਟਵਾਲ, ਗੁਰਭਜਨ ਗਿੱਲ, ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ, ਪੰਜਾਬੀ ਲੋਕ ਵਿਰਾਸਤ ਅਕਾਦਮੀ,ਅਰਤਿੰਦਰ ਸੰਧੂ ਮੁੱਖ ਸੰਪਾਦਰ ਸਾਹਿੱਤਕ ਏਕਮ,ਤ੍ਰੈਲੋਚਨ ਲੋਚੀ, ਡਾ. ਨਿਰੰਜਨ,ਮੱਖਣ ਕੋਹਾੜ ,ਕੰਵਲਜੀਤ ਕੌਰ ਹਯਾਤਪੁਰੀ,ਪ੍ਰੀਤ ਹੀਰ ਤੇ ਸਾਥੀਆਂ ਨੇ ਲੋਕ ਅਰਪਨ ਕੀਤਾ।
ਪ੍ਰਸਿੱਧ ਪੰਜਾਬੀ ਲੇਖਕ ਪੰਮੀ ਦਿਵੇਦੀ ਜੀ ਨੇ ਬਚਵਾਹੀ ਐਵਾਰਡ ਬਾਰੇ ਚਾਨਣਾ  ਪਾਉਂਦਿਆਂ ਦੱਸਿਆ ਕਿ ਬਚਵਾਹੀ ਇਸ ਖਿੱਤੇ ਦਾ ਪ੍ਰਚੱਲਤ ਨਾਮ ਹੈ। ਦਰਿਆ ਰਾਵੀ ਦੀ ਢਾਹ ਤੋਂ ਬਚੇ ਖੁਚੇ ਇਸ ਇਲਾਕੇ ਵਿੱਚ ਦਵਾਈ ਬੂਟੀ ਮਹੱਤਵ ਵਾਲੀਆਂ ਅਨੇਕਾਂ ਜੜੀਆਂ ਬੂਟੀਆਂ ਮਿਲਦੀਆਂ ਹਨ ਜਿੰਨ੍ਹਾਂ ਦੀ ਵਰਤੋਂ ਆਯੁਰਵੈਦਿਕ ਦਵਾਈਆਂ ਤਿਆਰ ਕਰਨ ਵਿੱਚ ਕੀਤੀ ਜਾਂਦੀ ਹੈ। ਪਹਾੜਾਂ ਦੇ ਪੈਰਾਂ ਚ ਪੈਂਦੇ ਉਪ ਸੱਭਿਆਚਾਰਾਂ ਵਿੱਚ ਬਚਵਾਹੀ ਖਿੱਤੇ ਦਾ ਨਿਵੇਕਲਾ ਸੱਭਿਆਚਾਰ ਹੈ ਜਿਸ ਦਾ ਮੇਲ ਬਾਕੀ ਕੰਡੀ ਤੇ ਬੀਤ ਖੇਤਰ ਤੋਂ ਵੱਖਰਾ ਹੈ।
ਸਨਮਾਨ ਹਾਸਲ ਕਰਨ ਉਪਰੰਤ ਬੋਲਦਿਆਂ ਪੰਜਾਬੀ ਲੇਖਕ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਬਚਵਾਹੀ ਪੁਰਸਕਾਰ ਹਾਸਲ ਕਰਕੇ ਮੈ ਦੋਹਰਾ ਧੰਨਵਾਦੀ ਹਾਂ ਕਿਉਂਕਿ ਪੁਰਸਕਾਰ ਤੋਂ ਇਲਾਵਾ ਇਸ ਖਿੱਤੇ ਦੇ ਜਨ ਜੀਵਨ, ਪੌਣ ਪਾਣੀ, ਜ਼ਮੀਨੀ ਸਮੱਸਿਆਵਾਂ ਤੇ ਲੋਕਧਾਰਾ ਤੋਂ ਵੀ ਵਾਕਿਫ਼ ਹੋਇਆ ਹਾਂ। ਗੁਰਮੀਤ ਹਯਾਤਪੁਰੀ ਅਮਰੀਕਾ ਵੱਸਣ ਦੇ ਬਾਵਜੂਦ ਯਾਰਾਂਦਰੀ ਵਿੱਚ ਧੜਕਦੇ ਦਿਲ ਨਾਲ ਵੱਸਦਾ ਹੈ ਅਤੇ ਆਪਣੇ ਲੋਕਾਂ ਦੀ ਰਹਿਤਲ ਤੋਂ ਸਾਡੇ ਵਰਗਿਆਂ ਦੀ ਸੰਵੇਦਨਾ ਨੂੰ ਜਗਾਉਂਦਾ ਹੈ।
ਪ੍ਰਧਾਨਗੀ ਭਾਸ਼ਨ ਦੇਂਦਿਆਂ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਖੇਤਰੀ ਸੱਭਿਆਚਾਰਾਂ ਦੀ ਸਲਾਮਤੀ ਲਈ ਸਾਨੂੰ ਸਭ ਨੂੰ ਸਾਹਿੱਤਕ ਸਮਾਗਮਾਂ ਲਈ ਪਿੰਡਾਂ ਵਿੱਚ ਅਕਸਰ ਸਮਾਗਮ ਰਚਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਜਿਹੜੇ ਲੋਕਾਂ ਲਈ ਲਿਖਦੇ ਹਾਂ, ਉਨ੍ਹਾਂ ਨੂੰ ਵੀ ਪਤਾ ਲੱਗੇ ਕਿ ਅਸੀਂ ਕੀ ਲਿਖਦੇ, ਬੋਲਦੇ ਕਰਦੇ ਹਾਂ। ਉਨ੍ਹਾਂ ਪ੍ਰੋ. ਗੁਰਭਜਨ ਗਿੱਲ ਨਾਲ ਪਿਛਲੇ 50 ਸਾਲ ਦੀ ਦੋਸਤੀ ਅਤੇ ਕਾਵਿ ਸਿਰਜਣਾ ਦੇ ਹਵਾਲੇ ਨਾਲ ਟਿਪਣੀਆਂ ਕਰਕੇ ਉਸ ਨੂੰ ਵਡਿਆਇਆ।
ਕੌਮੀ ਦਰਬਾਰ ਵਿੱਚ ਤ੍ਰੈਲੋਚਨ ਲੋਚੀ, ਅਮਰੀਕ ਡੋਗਰਾ,ਗੁਰਮੀਤ ਸਿੰਘ ਬਾਜਵਾ,ਡਾ. ਦਵਿੰਦਰ ਬਿਮਰਾ, ਪਰਮਜੀਤ ਕੌਰ ਪੰਮੀ, ਕਵਿਤਾ ਅਗਵਾਨੀ, ਧਰਵਿੰਦਰ ਸਿੰਘ ਔਲਖ, ਹਰਦਿਆਲ ਰੌਸ਼ਨਪੁਰੀ, ਗੁਰਦੀਪ ਸਿੰਘ ਸੈਣੀ,, ਬੂਟਾ ਰਾਮ ਆਜ਼ਾਦ, ਰੋਜ਼ੀ ਸਿੰਘ, ਅਸ਼ੋਕ ਚਿੱਤਰਕਾਰ, ਜਸਵਿੰਦਰ ਜੱਸੀ, ਪ੍ਰੀਤ ਨੀਤਪੁਰ, ਪ੍ਰੋ. ਰਾਮ ਲਾਲ ਭਗਤ, ਡਾ. ਅਰਮਨਪ੍ਰੀਤ, ਰਾਜ ਗੁਰਦਾਸਪੁਰੀ, ਪਾਲ ਗੁਰਦਾਸਪੁਰੀ, ਤੀਰਥ ਰਾਮ ਸਰੋਆ, ਮਨਮੋਹਨ ਧਕਾਲਵੀ,ਰਾਜਿੰਦਰ  ਕੌਰ ਹੁੰਦਲ, ਮੋਹਨ ਮਤਿਆਲਵੀ, ਬਲਜੀਤ ਸੈਣੀ, ਸੁੱਚਾ ਸਿੰਘ ਰੰਧਾਵਾ, ਹਰਜਿੰਦਰ ਕੌਰ ਗੋਲੀ ਆਦਿ ਕਵੀਆਂ ਨੇ ਆਪਣੇ ਕਾਵਿ ਰੰਗਾਂ ਨਾਲ਼ ਸਰੋਤਿਆਂ ਨੂੰ ਕੀਲਿਆ |ਮੰਚ ਸੰਚਾਲਨ ਦੀ ਭੂਮਿਕਾ ਮਨਦੀਪ ਕੌਰ ਪ੍ਰੀਤ ਅਤੇ ਪਰਦੀਪ ਸਿੰਘ ਮੌਜੀ ਨੇ ਪ੍ਰਭਾਵੀ ਢੰਗ ਨਾਲ਼ ਨਿਭਾਈ | ਸਮਾਗਮ ਵਿੱਚ ਆਏ ਸਾਰੇ ਲੇਖਕਾਂ ਨੂੰ ਗੁਰਮੁਖੀ ਵਰਣਮਾਲਾ ਦੀ ਕਢਾਈ ਵਾਲੇ ਦੋਸ਼ਾਲੇ ਤੇ ਧੀਆਂ ਨੂੰ ਚੁੰਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਧੰਨਵਾਦ ਦੇ ਸ਼ਬਦ ਪੰਜਾਬੀ ਕਵੀ ਤੇ ਸਾਹਿੱਤਕ ਮੰਚ ਦੇ ਜਨਰਲ ਸਕੱਤਰ ਗੁਰਮੀਤ ਹਯਾਤਪੁਰੀ ਨੇ ਕਹੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।