ਚੰਡੀਗੜ੍ਹ, 22 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):-ਪੰਜਾਬ ਵਿਚ ਇਕ ਹੋਰ ਜ਼ਿਲ੍ਹਾ ਬਣਾਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸ ਦਈਏ ਕਿ ਜ਼ਿਲ੍ਹਾ ਰੂਪਨਗਰ/ਰੋਪੜ ਨੂੰ ਦੋ ਹਿੱਸਿਆਂ ਵਿਚ ਵੰਡਣ ਦੀ ਤਿਆਰੀ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ‘ਤੇ ਸੂਬਾ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕਰ ਸਕਦੀ ਹੈ। ਇਹ ਜ਼ਿਲ੍ਹਾ ਸੂਬੇ ਦਾ 24ਵਾਂ ਜ਼ਿਲ੍ਹਾ ਹੋਵੇਗਾ। ਸੂਬਾ ਸਰਕਾਰ ਨੇ ਇਸ ਸਬੰਧਤ ਵਿਭਾਗਾਂ ਨੂੰ ਉਨ੍ਹਾਂ ਖੇਤਰਾਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਹਨ ਜੋ ਇਸ ਜ਼ਿਲ੍ਹੇ ਵਿਚ ਸ਼ਾਮਲ ਕੀਤੇ ਜਾ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾਂਦਾ ਹੈ ਤਾਂ ਇਸ ਵਿਚ ਕਿਹੜੇ ਦੋ ਵਿਧਾਨਸਭਾ ਹਲਕੇ ਸ਼ਾਮਲ ਕੀਤੇ ਜਾਣੇ ਚਾਹੀਦੇ ਨੇ ਇਸ ਮਾਮਲੇ ਤੇ ਵੀ ਵਿਚਾਰ ਵਟਾਂਦਰਾ ਚੱਲ ਰਿਹਾ ਹੈ।
ਇਸੇ ਵਿਚਾਲੇ ਇਸ ਫੈਸਲੇ ਦਾ ਵਿਰੋਧ ਹੁੰਦਾ ਵੀ ਸਾਹਮਣੇ ਆ ਰਿਹਾ ਹੈ। ਕਾਂਗਰਸ ਆਗੂ ਬਰਿੰਦਰ ਸਿੰਘ ਢਿੱਲੋਂ ਵੱਲੋਂ ਇਸ ਫੈਸਲੇ ਦਾ ਵਿਰੋਧ ਕਰਦਿਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਇਕ ਪੋਸਟ ਕੀਤੀ ਹੈ, ਉਨ੍ਹਾਂ ਲਿਖਿਆ…
“ਮੈਂ ਪੰਜਾਬ ਸਰਕਾਰ ਵੱਲੋਂ ਆਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣ ਦੀ ਪ੍ਰਸਤਾਵਿਤ ਕਵਾਇਦ ਦਾ ਤੀਖਾ ਵਿਰੋਧ ਕਰਦਾ ਹਾਂ। ਰੂਪਨਗਰ ਜ਼ਿਲ੍ਹਾ ਪਹਿਲਾਂ ਹੀ ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਨਵਾਂਸ਼ਹਿਰ ਦੇ ਬਣਨ ਨਾਲ ਕਈ ਵਾਰ ਵੰਡਿਆ ਜਾ ਚੁੱਕਾ ਹੈ। ਹੁਣ ਇਸਨੂੰ ਹੋਰ ਛੋਟਾ ਕਰਨਾ ਰੂਪਨਗਰ ਦੇ ਵਿਕਾਸ, ਪ੍ਰਸ਼ਾਸਨਕ ਤਾਕਤ ਅਤੇ ਇਤਿਹਾਸਕ ਪਛਾਣ ਨਾਲ ਨਿਆਂ ਨਹੀਂ ਹੋਵੇਗਾ।
ਆਨੰਦਪੁਰ ਸਾਹਿਬ ਸਾਡੇ ਸਾਰੇ ਲਈ ਬੇਹੱਦ ਪਵਿੱਤਰ ਅਤੇ ਇਤਿਹਾਸਕ ਤੌਰ ‘ਤੇ ਮਹੱਤਵਪੂਰਨ ਧਰਤੀ ਹੈ। ਇਸਦੀ ਮਹਾਨਤਾ ਨਵੇਂ ਦਫ਼ਤਰ ਬਣਾਉਣ ਨਾਲ ਜਾਂ ਜ਼ਿਲ੍ਹਾ ਦਰਜਾ ਦੇਣ ਨਾਲ ਨਹੀਂ ਵਧਣੀ। ਜੇਕਰ ਸਰਕਾਰ ਵਾਕਈ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ‘ਤੇ ਸੱਚੀ ਸ਼ਰਧਾਂਜਲੀ ਦੇਣੀ ਚਾਹੁੰਦੀ ਹੈ ਤਾਂ ਆਨੰਦਪੁਰ ਸਾਹਿਬ ਲਈ ਵੱਡਾ ਵਿਕਾਸ ਪੈਕੇਜ, ਢਾਂਚਾਗਤ ਸੁਧਾਰ, ਵਿਰਾਸਤ ਸੰਭਾਲ ਅਤੇ ਰੋਜ਼ਗਾਰ ਦੇ ਪ੍ਰੋਜੈਕਟਾਂ ਦੀ ਘੋਸ਼ਣਾ ਕਰੇ। ਇਹੀ ਗੁਰੂ ਸਾਹਿਬ ਨੂੰ ਅਸਲੀ ਸੱਤਿਕਾਰ ਹੋਵੇਗਾ—ਨਾ ਕਿ ਰਾਜਨੀਤਕ ਦਿਖਾਵਾ।
ਇਹ ਪ੍ਰਸਤਾਵ ਰੂਪਨਗਰ ਅਤੇ ਆਨੰਦਪੁਰ ਸਾਹਿਬ ਦੋਵਾਂ ਦੇ ਹਿੱਤ ਵਿੱਚ ਨਹੀਂ ਹੈ; ਇਹ ਸਿਰਫ਼ ਰਾਜਨੀਤਿਕ ਕਦਮ ਹੈ ਜੋ ਲੋਕਾਂ ਦੇ ਭਾਵਨਾਤਮਕ ਨਾਮ ‘ਤੇ ਨੁਕਸਾਨ ਪਹੁੰਚਾਉਣ ਵਾਲਾ ਹੈ।
ਸਰਕਾਰ ਧਿਆਨ ਰੱਖੇ: ਜੇ ਇਹ ਗਲਤ ਫ਼ੈਸਲਾ ਅੱਗੇ ਵਧਾਇਆ ਗਿਆ, ਤਾਂ ਅਸੀਂ ਤਿੱਖੀ ਜਨਤਾਂਤਰੀਕ ਰੋਸ ਮੁਹਿੰਮ ਸ਼ੁਰੂ ਕਰਨ ਲਈ ਮਜਬੂਰ ਹੋਵਾਂਗੇ। ਰੂਪਨਗਰ ਨੂੰ ਹੋਰ ਕਮਜ਼ੋਰ ਨਹੀਂ ਹੋਣ ਦਿੱਤਾ ਜਾਵੇਗਾ।”
