ਨੰਗਲ 12 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਤੋ ਵਾਧੂ ਪਾਣੀ ਹਰਿਆਣਾ ਨੂੰ ਦੇਣ ਦੇ ਫੈਸਲੇ ਦੇ ਵਿਰੋਧ ਵਿੱਚ ਨੰਗਲ ਡੈਮ ਵਿਚ ਲੱਗੇ ਧਰਨੇ ਵਿੱਚ ਸਮੂਲੀਅਤ ਕਰਨ ਲਈ ਪਹੁੰਚੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਐਮ.ਐਲ.ਏ ਰੂਪਨਗਰ, ਵਿਧਾਇਕ ਗੁਰਲਾਲ ਸਿੰਘ ਘਨੋਰ, ਵਿਧਾਇਕ ਨੀਨਾ ਮਿੱਤਲ ਰਾਜਪੁਰਾ, ਵਿਧਾਇਕ ਕੁਲਦੀਪ ਸਿੰਘ ਰੰਧਾਵਾ ਡੇਰਾਬੱਸੀ, ਚੇਅਰਮੈਨ ਹਰਮਿੰਦਰ ਸਿੰਘ ਢਾਹੇ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ, ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਰੂਪਨਗਰ ਨੇ ਧਰਨੇ ਵਿੱਚ ਜੁੜੇ ਇਲਾਕਾ ਵਾਸੀਆਂ ਨਾਲ ਵਿਚਾਰ ਸਾਝੇ ਕੀਤੇ ਅਤੇ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੇ ਹਿੱਤਾਂ ਤੇ ਹੱਕਾਂ ਤੇ ਡਾਕਾ ਮਾਰਨ ਲਈ ਲਏ ਤੁਗਲਕੀ ਫਰਮਾਨ ਵਿਰੁੱਧ ਤਿੱਖੀਆ ਤਕਰੀਰਾ ਕੀਤੀਆਂ। ਇੱਥੇ ਇਹ ਵਰਨਣਯੋਗ ਹੈ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਲਗਾਤਾਰ ਨੰਗਲ ਡੈਮ ਤੇ ਪਾਣੀਆਂ ਦੀ ਰਾਖੀ ਲਈ ਕੀਤੀ ਜਾ ਰਹੀ ਪਹਿਰੇਦਾਰੀ ਦੀ ਮੋਨੀਟਰਿੰਗ ਕਰ ਰਹੇ ਹਨ। ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਵੈਦਿਕ ਯੂਨੀਵਰਸਿਟੀ ਦੀ ਅਗਵਾਈ ਵਿੱਚ ਪਿਛਲੇ ਕਈ ਦਿਨਾਂ ਤੋ ਇਹ ਧਰਨਾ ਦਿਨ ਰਾਤ ਜਾਰੀ ਹੈ, ਜਿੱਥੇ ਮੁੱਖ ਮੰਤਰੀ ਨੇ ਵਾਰ ਵਾਰ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਹੈ।
ਅੱਜ ਨੰਗਲ ਡੈਮ ਤੇ ਜੁੜੇ ਇੱਕ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਐਮ.ਐਲ.ਏ ਰੂਪਨਗਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਅਤੇ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਰਵਾਇਤੀ ਪਾਰਟੀਆਂ ਦੇ ਆਗੂਆਂ ਦੀ ਨਲਾਇਕੀ ਤੇ ਨਾਕਾਮੀ ਕਾਰਨ ਪੰਜਾਬੀਆਂ ਨੂੰ ਅੱਜ ਆਪਣੇ ਹਿੱਤਾਂ ਤੇ ਹੱਕਾਂ ਲਈ ਸੰਘਰਸ਼ ਦਾ ਰਾਹ ਅਪਨਾਉਣਾ ਪਿਆ ਹੈ। ਆਪਣੇ ਪਰਿਵਾਰਕ ਹਿੱਤਾਂ ਲਈ ਇਹ ਆਗੂ ਪੰਜਾਬ ਦੇ ਹੱਕਾਂ ਨੂੰ ਹਮੇਸ਼ਾ ਹੋਰ ਸੂਬਿਆਂ ਜਾਂ ਕੇਂਦਰ ਨੂੰ ਵੇਚਦੇ ਰਹੇ ਹਨ। ਜਿਸ ਦਾ ਖਮਿਆਜਾ ਅੱਜ ਸਾਰਾ ਪੰਜਾਬ ਭੁਗਤ ਰਿਹਾ ਹੈ, ਪ੍ਰੰਤੂ ਹੁਣ ਪੰਜਾਬ ਦੀ ਵਾਂਗਡੋਰ ਸੁਰੱਖਿਅਤ ਹੱਥਾਂ ਵਿਚ ਆ ਗਈ ਹੈ, ਪਾਣੀਆਂ ਤੇ ਪਹਿਰੇਦਾਰੀ ਖੁੱਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਿਗਰਾਨੀ ਵਿਚ ਹੋ ਰਹੀ ਹੈ। ਇਸ ਲਈ ਹੁਣ ਘਬਰਾਉਣ ਦੀ ਜਰੂਰਤ ਨਹੀ ਹੈ।
ਵਿਧਾਇਕ ਗੁਰਲਾਲ ਸਿੰਘ ਘਨੋਰ ਨੇ ਕਿਹਾ ਕਿ ਪੰਜਾਬ ਦਹਾਕਿਆਂ ਤੱਕ ਜੋ ਸੰਤਾਪ ਭੋਗਿਆ ਹੈ, ਉਸ ਦਾ ਅਧਾਰ ਪਾਣੀਆਂ ਤੋ ਸੁਰੂ ਹੋਇਆ ਸੀ। ਅੱਜ ਸਾਡੇ ਪੰਜਾਬ ਦੇ ਹਾਲਾਤ ਹੋਰ ਬਦਤਰ ਹੋ ਗਏ ਹਨ, ਸਾਡੇ ਕੋਲ ਪਾਣੀ ਦੀ ਇੱਕ ਬੂੰਦ ਵੀ ਨਹੀ ਹੈ, ਸਾਡੇ ਕਿਸਾਨ ਵੀਰਾਂ ਨੇ ਆਪਣੀ ਜ਼ਮੀਨ ਦੀ ਸਿਹਤ ਖਰਾਬ ਕਰ ਲਈ ਅਤੇ ਧਰਤੀ ਹੇਠਲਾ ਪਾਣੀ ਕੱਢ ਕੇ ਦੇਸ਼ ਦੇ ਅੰਨ ਭੰਡਾਰ ਵਿਚ ਆਪਣਾ ਯੋਗਦਾਨ ਪਾਇਆ, ਪ੍ਰੰਤੂ ਕੇਂਦਰ ਅਤੇ ਹਰਿਆਣਾ ਦੀ ਸਰਕਾਰ ਅੱਜ ਸਾਡੇ ਹਿੱਸੇ ਦੇ ਪਾਣੀ ਤੇ ਡਾਕਾ ਮਾਰਨ ਦਾ ਯਤਨ ਕਰ ਰਹੀ ਹੈ ਜੋ ਬਰਦਾਸ਼ਤ ਨਹੀ ਹੋਵੇਗਾ।
ਵਿਧਾਇਕ ਨੀਨਾ ਮਿੱਤਲ ਰਾਜਪੁਰਾ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਕੁਰਬਾਨੀ ਦੇਣ ਲਈ ਕਦਮ ਅੱਗੇ ਵਧਾਏ ਹਨ, ਅੱਜ ਜਦੋਂ ਸਾਡਾ ਦੇਸ਼ ਜੰਗ ਵਰਗੇ ਹਾਲਾਤਾ ਵਿਚੋ ਲੰਘ ਰਿਹਾ ਹੈ ਤੇ ਪੰਜਾਬ ਦੇ ਲੋਕ ਪਾਣੀ ਦੀ ਰੱਖਿਆ ਲਈ ਲੜਾਈ ਲੜ ਰਹੇ ਹਨ, ਇਸ ਤੋਂ ਵੱਧ ਅਫਸੋਸ ਵਾਲੀ ਗੱਲ ਕਿ ਹੋਵੇਗੀ ਕਿ ਪੰਜਾਬ ਨੂੰ ਬਾਰਡਰ ਸਟੇਟ ਹੋਣ ਕਾਰਨ ਦੁਸ਼ਮਣ ਦੇਸ਼ ਦੀ ਮਾਰ ਪੈ ਰਹੀ ਹੈ ਤੇ ਸਾਡੇ ਆਪਣੇ ਦੇਸ਼ ਦੇ ਹੁਕਮਰਾਨ ਵੀ ਪੰਜਾਬ ਨਾਲ ਧੱਕੇਸ਼ਾਹੀ ਤੇ ਉੱਤਰ ਆਏ ਹਨ।
ਵਿਧਾਇਕ ਕੁਲਦੀਪ ਸਿੰਘ ਰੰਧਾਵਾ ਡੇਰਾਬੱਸੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਨਹਿਰੀ ਪਾਣੀ ਸਿੰਚਾਈ ਲਈ ਨਹੀ ਵਰਤਿਆਂ ਕਿਉਕਿ ਪਿਛਲੀਆਂ ਸਰਕਾਰਾਂ ਨੇ ਨਹਿਰੀ ਪਾਣੀ ਨੂੰ ਸਿੰਚਾਈ ਲਈ ਵਰਤਣ ਦੀ ਯੋਜਨਾ ਹੀ ਨਹੀ ਬਣਾਈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੀਆਂ ਜ਼ਮੀਨਾਂ ਡੈਮਾਂ, ਦਰਿਆਵਾ, ਨਹਿਰਾਂ ਲਈ ਦਿੰਦੇ ਰਹੇ ਹਨ ਉਨ੍ਹਾਂ ਦੀਆਂ ਜ਼ਮੀਨਾ ਵਿਚੋ ਨਹਿਰਾ ਲੰਘਦੀਆਂ ਹਨ ਪ੍ਰੰਤੂ ਉਨ੍ਹਾਂ ਕੋਲ ਖੇਤਾਂ ਲਈ ਨਹਿਰੀ ਪਾਣੀ ਨਹੀ ਹੈ। ਚੇਅਰਮੈਨ ਹਰਮਿੰਦਰ ਸਿੰਘ ਢਾਹੇ ਨੇ ਕਿਹਾ ਕਿ ਪੰਜਾਬ ਦੇ ਕਿਸਾਂਨਾਂ ਨੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਲਈ ਝੋਨਾ ਲਗਾ ਕੇ ਆਪਣਾ ਪਾਣੀ ਖਤਮ ਕੀਤਾ ਅਤੇ ਜਮੀਨਾ ਖਰਾਬ ਕੀਤੀਆਂ ਜਦੋ ਕਿ ਹੋਰ ਸੂਬਿਆਂ ਨੇ ਫਸਲੀ ਵਿਭਿੰਨਤਾ ਅਪਨਾ ਕੇ ਚੋਖਾ ਮੁਨਾਫਾ ਕਮਾਇਆ। ਪ੍ਰਭਜੋਤ ਕੌਰ ਜਿਲ੍ਹਾ ਪ੍ਰਧਾਨ ਮੁਹਾਲੀ ਚੇਅਰਮੈਨ ਪਲੈਨਿੰਗ ਬੋਰਡ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਡੇ ਸੂਬੇ ਕੋਲ ਹੁਣ ਹੋਰ ਸੂਬਿਆਂ ਨੂੰ ਦੇਣ ਲਈ ਵਾਧੂ ਪਾਣੀ ਨਹੀ ਹੈ ਆਪਣੇ ਹਿੱਸੇ ਦਾ ਪਾਣੀ ਹਰਿਆਣਾ ਵਰਤ ਚੁੱਕਾ ਹੈ, ਹਰਿਆਣਾ ਨੂੰ ਮਨੁੱਖਤਾ ਦੇ ਅਧਾਰ ਤੇ ਸਾਡੇ ਮੁੱਖ ਮੰਤਰੀ ਪਹਿਲਾ ਹੀ 400 ਕਿਊਸਿਕ ਪਾਣੀ ਆਪਣੇ ਹਿੱਸੇ ਵਿਚੋ ਦੇ ਰਹੇ ਹਨ। ਜੱਸੀ ਸੋਹੀਆ ਵਾਲਾ ਚੇਅਰਮੇਨ ਜਿਲ੍ਹਾਂ ਪਲੈਨਿੰਗ ਬੋਰਡ ਪਟਿਆਲਾ ਨੇ ਕਿਹਾ ਕਿ ਅੱਜ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਵੱਲ ਲੈ ਜਾਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਯਤਨ ਕਰ ਰਹੀ ਹੈ, ਅਸੀ ਪੰਜਾਬ ਵਿਚ ਛੋਟੇ ਵੱਡੇ ਉਦਯੋਗ ਲਗਾਉਣ ਲਈ ਉਦਯੋਗਿਕ ਘਰਾਣਿਆ ਨੂੰ ਸੱਦਾ ਦੇ ਰਹੇ ਹਾਂ, ਪ੍ਰੰਤੂ ਕੇਂਦਰ ਸਾਡੇ ਸੂਬੇ ਨੂੰ ਹੋਰ ਸੂਬਿਆਂ ਦੀ ਲੜਾਈ ਵੱਲ ਲੈ ਜਾ ਰਿਹਾ ਹੈ, ਜਿਸ ਦਾ ਉਦਯੋਗਿਕ ਇਕਾਇਆਂ ਲਗਾਉਣ ਦੇ ਚਾਹਵਾਨਾਂ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਬਲਦੇਵ ਸਿੰਘ ਦੇਵੀਗੜ੍ਹ ਚੇਅਰਮੈਨ ਮਾਰਕੀਟ ਕਮੇਟੀ, ਤਜਿੰਦਰ ਸਿੰਘ ਮਹਿਤਾ ਪ੍ਰਧਾਨ ਜਿਲ੍ਹਾਂ ਪਟਿਆਲਾ ਤੇ ਰਾਮ ਕੁਮਾਰ ਮੁਕਾਰੀ ਜਨਰਲ ਸਕੱਤਰ ਤੇ ਜਰਨੈਲ ਸਿੰਘ ਮੰਨੂ ਚੇਅਰਮੈਨ ਮਾਰਕੀਟ ਕਮੇਟੀ ਘਨੋਰ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਪਹਿਰੇਦਾਰੀ ਲਗਾਤਾਰ ਜਾਰੀ ਰਹੇਗੀ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋ ਆਮ ਆਦਮੀ ਪਾਰਟੀ ਦੇ ਵਰਕਰ ਹੁੰਮ ਹੁਮਾ ਕੇ ਪਹੁੰਚ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਾਡੇ ਹੱਕ ਸੁਰੱਖਿਅਤ ਹਨ।
ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਵੈਦਿਕ ਯੂਨੀਵਰਸਿਟੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਪਹਿਲਾ ਹੀ ਦੱਸ ਚੁੱਕੇ ਹਨ ਕਿ ਡੈਮ ਪੰਜਾਬ ਦੀ ਜ਼ਮੀਨ ਤੇ ਬਣਿਆ ਹੈ, ਬੀਬੀਐਮਬੀ ਨੇ ਸਾਡੀ ਸੈਂਕੜੇ ਏਕੜ ਜ਼ਮੀਨ ਤੇ ਨਜਾਇਜ਼ ਕਬਜਾ ਕੀਤਾ ਹੋਇਆ ਹੈ, ਤਨਖਾਹਾ ਬੀਬੀਐਮਬੀ ਨੂੰ 60 ਪ੍ਰਤੀਸ਼ਤ ਪੰਜਾਬ ਸਰਕਾਰ ਦੇ ਰਹੀ ਹੈ, ਜਦੋਂ ਕਿ ਬੀਬੀਐਮਬੀ ਪੰਜਾਬ ਦੇ ਵਿਰੁੱਧ ਡਟ ਕੇ ਲੜਾਈ ਲੜ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਕੋਲਾ, ਸੋਨਾ, ਤੇਲ, ਪੱਥਰ ਨਿੱਕਲਦਾ ਹੈ ਉਹ ਸੂਬੇ ਉਸ ਉਤਪਾਦਨ ਦੀ ਕੀਮਤ ਲੈਦੇ ਹਨ, ਪ੍ਰੰਤੂ ਪੰਜਾਬ ਦੇ ਪਾਣੀ ਤੇ ਆਪਣਾ ਨਜਾਇਜ਼ ਹੱਕ ਜਤਾਉਦੇ ਹਨ, ਅਸੀ ਹੁਣ ਹੋਰ ਸੂਬਿਆਂ ਨੂੰ ਵਾਧੂ ਪਾਣੀ ਨਹੀ ਦੇਣਾ ਸਗੋ ਆਪਣੀਆਂ ਡੈਮਾਂ, ਦਰਿਆਵਾ, ਨਹਿਰਾ ਨੇੜੇ ਦੀਆਂ ਬੰਜਰ ਜਮੀਨਾ ਨੂੰ ਪਾਣੀ ਦੇ ਕੇ ਖੁਸ਼ਹਾਲ ਤੇ ਆਬਾਦ ਕਰਨਾ ਹੈ।
ਇਸ ਮੋਕੇ ਸੂਬੇ ਭਰ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋ ਆਮ ਆਦਮੀ ਪਾਰਟੀ ਦੇ ਵਰਕਰ, ਅੱਜ ਦੇ ਧਰਨੇ ਵਿੱਚ ਸਾਮਿਲ ਹੋਏ ਜਿਨ੍ਹਾਂ ਨੇ ਕਿਹਾ ਕਿ ਨਿਰੰਤਰ ਪਾਣੀ ਤੇ ਪਹਿਰੇਦਾਰੀ ਜਾਰੀ ਰਹੇਗੀ। ਇਸ ਮੌਕੇ ਗੁਰਦੇਵ ਸਿੰਘ ਟੀਵਾਣਾ ਬਲਾਕ ਪ੍ਰਧਾਨ ਸਮਾਣਾ, ਸਤੀਸ਼ ਚੋਪੜਾ, ਕਰਨ ਸੈਣੀ, ਸੁਮਿਤ ਤਲਵਾੜਾ, ਐਡਵੋਕੇਟ ਨਿਸ਼ਾਤ ਗੁਪਤਾ ਅਤੇ ਆਮ ਆਦਮੀ ਪਾਰਟੀਦੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।