16 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਨੂੰ ਕਣਕ ਦੇ ਖ਼ਰੀਦ ਮਾਪਦੰਡਾਂ ’ਚ ਛੋਟ ਮਿਲਣ ਦੀ ਸੰਭਾਵਨਾ ਹੈ, ਜਿਸ ਬਾਰੇ ਕੇਂਦਰ ਸਰਕਾਰ ਭਲਕੇ ਵੀਰਵਾਰ ਨੂੰ ਰਸਮੀ ਐਲਾਨ ਕਰ ਸਕਦੀ ਹੈ। ਕੇਂਦਰ ਸਰਕਾਰ ਨੇ ਅੱਜ ਹਰਿਆਣਾ ਨੂੰ ਪਹਿਲਾਂ ਹੀ ਕਣਕ ਦੇ ਖ਼ਰੀਦ ਮਾਪਦੰਡਾਂ ’ਚ ਛੋਟ ਦਾ ਐਲਾਨ ਕਰ ਦਿੱਤਾ ਹੈ। ਇਸ ਮਗਰੋਂ ਹੁਣ ਪੰਜਾਬ ਨੂੰ ਵੀ ਖ਼ਰੀਦ ਮਾਪਦੰਡਾਂ ’ਚ ਛੋਟ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ। ਕੇਂਦਰੀ ਟੀਮ ਵੱਲੋਂ ਸੂਬੇ ਦੇ 22 ਜ਼ਿਲ੍ਹਿਆਂ ਦੀਆਂ ਮੰਡੀਆਂ ’ਚੋਂ ਕਣਕ ਦੇ 291 ਨਮੂਨੇ ਭਰੇ ਗਏ ਹਨ, ਜਦੋਂ ਕਿ ਪਠਾਨਕੋਟ ਜ਼ਿਲ੍ਹੇ ’ਚ ਹਾਲੇ ਫ਼ਸਲ ਨਹੀਂ ਆਈ ਸੀ। ਭਾਰਤੀ ਖ਼ੁਰਾਕ ਨਿਗਮ ਦੀ ਚੰਡੀਗੜ੍ਹ ਸਥਿਤ ਲੈਬ ’ਚ ਅੱਜ ਪੂਰਾ ਦਿਨ ਨਮੂਨਿਆਂ ਦੀ ਟੈਸਟਿੰਗ ਹੋਈ। ਦੇਰ ਸ਼ਾਮ ਤੱਕ ਸਮੁੱਚੇ ਨਮੂਨਿਆਂ ਦੀ ਰਿਪੋਰਟ ਮੁਕੰਮਲ ਹੋਣ ਮਗਰੋਂ ਕੇਂਦਰੀ ਟੀਮ ਨੇ ਰਿਪੋਰਟ ਖ਼ੁਰਾਕ ਮੰਤਰਾਲੇ ਨੂੰ ਭੇਜ ਦਿੱਤੀ ਹੈ।

ਸੂਤਰਾਂ ਅਨੁਸਾਰ ਨਮੂਨਿਆਂ ਦੀ ਰਿਪੋਰਟ ’ਚ ਲਸਟਰ ਲੌਸ ਤੈਅ ਮਾਪਦੰਡਾਂ ਤੋਂ ਵੱਧ ਪਾਇਆ ਗਿਆ ਹੈ ਜਦੋਂ ਕਿ ਸੁੰਗੜੇ ਦਾਣੇ ਅਤੇ ਦਾਣਿਆਂ ਦੀ ਟੁੱਟ ਨਿਸ਼ਚਿਤ ਸੀਮਾ ਤੋਂ ਵੱਧ ਨਿਕਲੀ ਹੈ। ਦਾਣਿਆਂ ਦਾ ਕਾਲਾਪਣ ਵੀ ਜ਼ਿਆਦਾ ਸਾਹਮਣੇ ਆਇਆ ਹੈ। ਕੇਂਦਰ ਸਰਕਾਰ ਇਸ ਤੋਂ ਪਹਿਲਾਂ 9 ਅਪਰੈਲ ਨੂੰ ਰਾਜਸਥਾਨ ਨੂੰ ਖ਼ਰੀਦ ਪੈਮਾਨਿਆਂ ’ਚ ਛੋਟ ਦੇ ਚੁੱਕੀ ਹੈ। ਸੂਤਰ ਦੱਸਦੇ ਹਨ ਕਿ ਰਾਜਸਥਾਨ ਦੀ ਤਰਜ਼ ’ਤੇ ਹੀ ਪੰਜਾਬ ਨੂੰ ਖ਼ਰੀਦ ਪੈਮਾਨਿਆਂ ’ਚ ਛੋਟ ਮਿਲ ਸਕਦੀ ਹੈ।

ਖ਼ਰੀਦ ਪੈਮਾਨਿਆਂ ਅਨੁਸਾਰ ਦਾਣਿਆਂ ਦੀ ਟੁੱਟ ਛੇ ਫ਼ੀਸਦੀ ਤੱਕ ਜਾਇਜ਼ ਮੰਨੀ ਜਾਂਦੀ ਹੈ ਅਤੇ ਹੁਣ ਰਾਜਸਥਾਨ ਨੂੰ 15 ਫ਼ੀਸਦੀ ਤੱਕ ਦੀ ਛੋਟ ਦਿੱਤੀ ਗਈ ਹੈ। ਇਸੇ ਤਰ੍ਹਾਂ ਲਸਟਰ ਲੌਸ ’ਚ ਰਾਜਸਥਾਨ ਨੂੰ 50 ਫ਼ੀਸਦੀ ਤੱਕ ਛੋਟ ਦਿੱਤੀ ਗਈ ਹੈ। ਨੁਕਸਾਨੇ ਦਾਣਿਆਂ ਦੀ ਸੀਮਾ ’ਚ ਛੇ ਫ਼ੀਸਦੀ ਤੱਕ ਦੀ ਛੋਟ ਦਿੱਤੀ ਗਈ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਜਸਥਾਨ ਵਾਂਗ ਹੀ ਪੰਜਾਬ ’ਚ ਫ਼ਸਲੀ ਗੁਣਵੱਤਾ ਨੂੰ ਢਾਹ ਲੱਗੀ ਹੈ ਜਿਸ ਕਰ ਕੇ ਰਾਜਸਥਾਨੀ ਤਰਜ਼ ’ਤੇ ਹੀ ਸੂਬੇ ਨੂੰ ਖ਼ਰੀਦ ਮਾਪਦੰਡਾਂ ’ਚ ਛੋਟ ਮਿਲੇਗੀ। ਸੂਬਾ ਸਰਕਾਰ ਨੇ ਹੁਣ ਤੱਕ ਬਾਰਿਸ਼ਾਂ ਨਾਲ ਕਰੀਬ 1.30 ਲੱਖ ਏਕੜ ਫ਼ਸਲ ਦਾ ਨੁਕਸਾਨ ਦੱਸਿਆ ਹੈ ਅਤੇ ਵਿਸ਼ੇਸ਼ ਗਿਰਦਾਵਰੀ ਦਾ ਕੰਮ ਚੱਲ ਰਿਹਾ ਹੈ। ਸਰਕਾਰ ਵੱਲੋਂ ਸੂਬੇ ’ਚੋਂ 122 ਲੱਖ ਮੀਟਰਿਕ ਟਨ ਫ਼ਸਲ ਦੀ ਖ਼ਰੀਦ ਦਾ ਟੀਚਾ ਮਿਥਿਆ ਗਿਆ ਹੈ। ਮੰਡੀਆਂ ’ਚ ਇਸ ਵੇਲੇ ਤੱਕ 6.53 ਲੱਖ ਮੀਟਰਿਕ ਟਨ ਤੋਂ ਵੱਧ ਕਣਕ ਪੁੱਜੀ ਹੈ ਪਰ ਖ਼ਰੀਦ ਪੈਮਾਨਿਆਂ ਦੇ ਅੜਿੱਕੇ ਕਾਰਨ ਫ਼ਸਲੀ ਖ਼ਰੀਦ ਰੁਕੀ ਹੋਈ ਹੈ। ਮੰਡੀਆਂ ’ਚੋਂ ਹੁਣ ਤੱਕ 2.47 ਲੱਖ ਮੀਟਰਿਕ ਟਨ ਕਣਕ ਖ਼ਰੀਦੀ ਗਈ ਹੈ ਜੋ ਕਰੀਬ 38 ਫ਼ੀਸਦੀ ਬਣਦੀ ਹੈ। ਸੂਬਾ ਸਰਕਾਰ ਨੂੰ ਉਮੀਦ ਹੈ ਕਿ 16 ਅਪਰੈਲ ਨੂੰ ਖ਼ਰੀਦ ਮਾਪਦੰਡਾਂ ’ਚ ਕੇਂਦਰ ਛੋਟ ਦੇਵੇਗੀ ਅਤੇ 17 ਅਪਰੈਲ ਤੋਂ ਮੰਡੀਆਂ ’ਚ ਫ਼ਸਲ ਦੀ ਖ਼ਰੀਦ ਤੇਜ਼ ਰਫ਼ਤਾਰੀ ਨਾਲ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਕੇਂਦਰੀ ਖ਼ੁਰਾਕ ਨਿਗਮ ਨੇ ਪੰਜਾਬ ਦੀਆਂ ਮੰਡੀਆਂ ’ਚੋਂ ਕਣਕ ਦੀ ਸਿੱਧੀ ਚੁਕਾਈ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ। ਖੰਨਾ ਮੰਡੀ ’ਚੋਂ ਕਣਕ ਦੀ ਸਿੱਧੀ ਚੁਕਾਈ ਤਹਿਤ ਪਹਿਲੀ ਟਰੇਨ ਲੋਡ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ 22 ਲੱਖ ਟਨ ਫ਼ਸਲ ਮੰਡੀਆਂ ’ਚੋਂ ਸਿੱਧੇ ਚੁੱਕਣ ਲਈ ਕਿਹਾ ਸੀ। ਜਾਣਕਾਰੀ ਮੁਤਾਬਕ ਰੋਜ਼ਾਨਾ ਸਿੱਧੀ ਚੁਕਾਈ ਕਰਨ ਲਈ ਔਸਤ 20 ਟਰੇਨਾਂ ਰੋਜ਼ਾਨਾ ਪੰਜਾਬ ’ਚੋਂ ਲੋਡ ਹੋਣਗੀਆਂ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।