ਸ੍ਰੀ ਅਨੰਦਪੁਰ ਸਾਹਿਬ 02 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਸਰਕਾਰ ਦੀ ਪਹਿਲਕਦਮੀ “ਸੀ.ਐਮ ਦੀ ਯੋਗਸ਼ਾਲਾ” ਤਹਿਤ ਰੂਪਨਗਰ ਸਮੇਤ ਸੂਬੇ ਭਰ ‘ਚ ਲੋਕਾਂ ਵਿੱਚ ਯੋਗ ਪ੍ਰਤੀ ਉਤਸ਼ਾਹ ਲਗਾਤਾਰ ਵੱਧ ਰਿਹਾ ਹੈ। ਪਿਛਲੇ ਦੋ ਸਾਲਾਂ ‘ਚ ਇਹ ਪ੍ਰੋਜੈਕਟ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚ ਚੁੱਕਾ ਹੈ ਅਤੇ ਹਜ਼ਾਰਾਂ ਲੋਕ ਇਸ ਤੋਂ ਲਾਭ ਉਠਾ ਰਹੇ ਹਨ।
ਸ੍ਰੀ ਅਨੰਦਪੁਰ ਸਾਹਿਬ ਵਿੱਚ ਯੋਗ ਅਧਿਆਪਕ ਦੇ ਤੌਰ ‘ਤੇ ਕੰਮ ਕਰ ਰਹੀ ਦਿਕਸ਼ਾ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਉਹ ਸ੍ਰੀ ਅਨੰਦਪੁਰ ਸਾਹਿਬ ਵਿੱਚ ਨਿਯਮਤ ਤੌਰ ‘ਤੇ ਯੋਗ ਕਲਾਸਾਂ ਲੈ ਰਹੀ ਹੈ। ਉਹ ਹਰ ਰੋਜ਼ ਸਵੇਰੇ ਅਤੇ ਸ਼ਾਮ ਦੇ ਸਮੇਂ ਸ੍ਰੀ ਅਨੰਦਪੁਰ ਸਾਹਿਬ ਦੇ ਕਬੀਰ ਮੰਦਿਰ, ਕੁਰਾਲੀ ਵਾਲਾ ਮੁਹੱਲਾ ਸ਼ਿਵ ਮੰਦਰ, ਰਾਮਾਨੁਜ ਵੇਦ ਵਿਦਿਆਲਿਆ ਅਤੇ ਮਾਈਟੀ ਖ਼ਾਲਸਾ ਸਕੂਲ ਵਿੱਚ ਯੋਗ ਸੈਸ਼ਨਾਂ ਦਾ ਆਯੋਜਨ ਕਰਵਾ ਰਹੀ ਹੈ, ਜਿੱਥੇ ਬੱਚੇ, ਨੌਜਵਾਨ, ਬਜ਼ੁਰਗ ਅਤੇ ਔਰਤਾਂ ਵੱਡੀ ਗਿਣਤੀ ਵਿੱਚ ਭਾਗ ਲੈ ਰਹੀਆ ਹਨ।
ਜ਼ਿਲ੍ਹਾ ਕੋਆਰਡੀਨੇਟਰ ਸੁਰਿੰਦਰ ਝਾਅ ਨੇ ਕਿਹਾ ਕਿ, “ਯੋਗ ਜੀਵਨਸ਼ੈਲੀ ਹੈ। ਬਹੁਤ ਸਾਰੇ ਲੋਕਾਂ ਨੇ ਨਿਯਮਤ ਯੋਗ ਅਭਿਆਸ ਨਾਲ ਸ਼ਰੀਰਕ ਅਤੇ ਮਾਨਸਿਕ ਬਿਮਾਰੀਆਂ ਵਿੱਚ ਰਾਹਤ ਮਹਿਸੂਸ ਕੀਤੀ ਹੈ। ਕਈ ਵਿਅਕਤੀਆਂ ਨੂੰ ਲੱਕ ਦੇ ਦਰਦ, ਮੋਟਾਪਾ, ਤਣਾਅ, ਬਲੱਡ ਪ੍ਰੈਸ਼ਰ ਤੇ ਸ਼ੂਗਰ ਵਰਗੀਆਂ ਬਿਮਾਰੀਆਂ ‘ਚ ਲਾਭ ਮਿਲ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਖਾਸ ਕਰਕੇ ਨੌਜਵਾਨਾਂ ‘ਚ ਯੋਗ ਪ੍ਰਤੀ ਚੇਤਨਾ ਵਧੀ ਹੈ। ਵਿਦਿਆਰਥੀਆਂ ਨੂੰ ਧਿਆਨ ਕੇਂਦਰਤ ਕਰਨ ਵਿੱਚ ਮੱਦਦ ਮਿਲ ਰਹੀ ਹੈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾ ਦੀ ਤਿਆਰੀ ਕਰ ਰਹੇ ਨੌਜਵਾਨਾਂ ਨੂੰ ਮਾਨਸਿਕ ਅਤੇ ਸਕਾਰਾਤਮਕ ਊਰਜਾ ਮਿਲ ਰਹੀ ਹੈ।
ਜਿਵੇਂ-ਜਿਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੇੜੇ ਆ ਰਿਹਾ ਹੈ, ਯੋਗਸ਼ਾਲਾ ਵਿੱਚ ਭਾਗੀਦਾਰੀ ਅਤੇ ਜੋਸ਼ ਹੋਰ ਵੀ ਵੱਧਦਾ ਨਜ਼ਰ ਆ ਰਿਹਾ ਹੈ। ਪੰਜਾਬ ਸਰਕਾਰ ਦੀ ਇਸ ਵਿਲੱਖਣ ਪਹਿਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇ ਨੀਤੀ ਅਤੇ ਨੀਅਤ ਚੰਗੀ ਹੋਵੇ, ਤਾਂ ਸਮਾਜ ਨੂੰ ਸਿਹਤਮੰਦ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਬਦਲਾਅ ਲਿਆਇਆ ਜਾ ਸਕਦਾ ਹੈ।