08 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪਾਵਰਕਾਮ ਵੱਲੋਂ ਬਿਜਲੀ ਚੋਰੀ ਖਿਲਾਫ ਸ਼ਿਕੰਜਾ ਕੱਸ ਦਿੱਤਾ ਗਿਆ ਹੈ। ਵੱਖ-ਵੱਖ ਖੇਤਰਾਂ ਵਿਚ ਇਸ ਖਿਲਾਫ ਵਿਸ਼ੇਸ਼ ਮੁਹਿੰਮ ਛੇੜੀ ਗਈ ਹੈ। ਕੁੰਡੀ ਲਾ ਕੇ ਬਿਜਲੀ ਚੋਰੀ ਕਰਨ ਵਾਲਿਆਂ ਉਤੇ ਜੁਰਮਾਨੇ ਸਮੇਤ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਲੋਡ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ ਉਤੇ ਵੀ ਕਾਰਵਾਈ ਕੀਤੀ ਗਈ ਹੈ। ਪਹਿਲੀ ਜਾਂਚ ਤੋਂ ਬਾਅਦ ਸਾਹਮਣੇ ਆਏ ਅੰਕੜਿਆਂ ਅਨੁਸਾਰ ਜਲੰਧਰ ਸਰਕਲ ਅਧੀਨ ਕੁੱਲ 1044 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਬਿਜਲੀ ਚੋਰੀ ਦੇ 6 ਮਾਮਲੇ, ਓਵਰਲੋਡਿੰਗ ਦੇ 37 ਅਤੇ ਬਿਜਲੀ ਦੀ ਦੁਰਵਰਤੋਂ ਦੇ 11 ਮਾਮਲੇ ਸਾਹਮਣੇ ਆਏ। ਵਿਭਾਗ ਵੱਲੋਂ ਕੁੱਲ 54 ਖਪਤਕਾਰਾਂ ਨੂੰ 5.39 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਸ ਵਿੱਚ ਪੂਰਬੀ ਡਿਵੀਜ਼ਨ ਵੱਲੋਂ ਸਭ ਤੋਂ ਵੱਧ ਮੀਟਰਾਂ ਦੀ ਜਾਂਚ ਕੀਤੀ ਗਈ ਜਦੋਂ ਕਿ ਮਾਡਲ ਟਾਊਨ ਡਿਵੀਜ਼ਨ ਵੱਲੋਂ ਸਭ ਤੋਂ ਵੱਧ ਜੁਰਮਾਨਾ ਲਗਾਇਆ ਗਿਆ।
ਬਿਜਲੀ ਚੋਰੀ ਵਿਰੁੱਧ ਮੁਹਿੰਮ ਤਹਿਤ ਸਰਕਲ ਦੀਆਂ ਸਾਰੀਆਂ ਡਿਵੀਜ਼ਨਾਂ ਵਿੱਚ ਚੈਕਿੰਗ ਮੁਹਿੰਮ ਚਲਾਈ ਗਈ, ਜਿਸ ਵਿੱਚ 1 ਹਜ਼ਾਰ ਤੋਂ ਵੱਧ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਅਤੇ 5 ਲੱਖ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ। ਸਰਕਲ ਦੀਆਂ ਪੰਜ ਡਿਵੀਜ਼ਨਾਂ ਅਧੀਨ ਕੁੱਲ 25 ਟੀਮਾਂ ਤਾਇਨਾਤ ਕਰਕੇ ਮੁਹਿੰਮ ਚਲਾਈ ਗਈ।
ਇਨ੍ਹਾਂ ਟੀਮਾਂ ਵਿੱਚ ਐਕਸੀਅਨ, ਐਸਡੀਓ, ਜੇਈ, ਲਾਈਨਮੈਨ ਅਤੇ ਫੀਲਡ ਸਟਾਫ ਮੌਜੂਦ ਸਨ। ਹਰੇਕ ਟੀਮ ਨੂੰ ਘੱਟੋ-ਘੱਟ 40 ਕੁਨੈਕਸ਼ਨਾਂ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸ ਅਚਨਚੇਤ ਚੈਕਿੰਗ ਤਹਿਤ, ਪਾਵਰਕਾਮ ਨੇ ਸਵੇਰੇ ਤੜਕੇ ਬਿਜਲੀ ਚੋਰੀ ਦੇ ਹੌਟ ਸਪਾਟ ਖੇਤਰਾਂ ਵਿੱਚ ਛਾਪੇਮਾਰੀ ਕੀਤੀ। ਇਸੇ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਮੁਹਿੰਮ ਚਲਾ ਕੇ ਘਰੇਲੂ ਬਿਜਲੀ ਦੀ ਵਪਾਰਕ ਉਦੇਸ਼ਾਂ ਲਈ ਵਰਤੋਂ ਕਰਨ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ।
ਇਸ ਦੇ ਨਾਲ ਹੀ ਲੋਡ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ ‘ਤੇ ਵੀ ਕਾਰਵਾਈ ਕੀਤੀ ਗਈ ਹੈ। ਮਾਡਲ ਟਾਊਨ ਡਿਵੀਜ਼ਨ ਦੇ ਕਾਰਜਕਾਰੀ ਜਸਪਾਲ ਸਿੰਘ ਪਾਲ ਨੇ 198 ਕੁਨੈਕਸ਼ਨਾਂ ਦੀ ਜਾਂਚ ਕੀਤੀ ਅਤੇ ਸਭ ਤੋਂ ਵੱਧ 2.93 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਇਸ ਵਿੱਚ ਸਿੱਧੀ ਚੋਰੀ ਦੇ 4 ਮਾਮਲੇ ਅਤੇ ਵਪਾਰਕ ਉਦੇਸ਼ਾਂ ਲਈ ਘਰੇਲੂ ਜਗ੍ਹਾ ਦੀ ਵਰਤੋਂ ਕਰਨ ਦੇ 8 ਮਾਮਲੇ ਸ਼ਾਮਲ ਹਨ।
ਸੰਖੇਪ:
ਪਾਵਰਕਾਮ ਵੱਲੋਂ ਬਿਜਲੀ ਚੋਰੀ ਖ਼ਿਲਾਫ ਵੱਡੀ ਮੁਹਿੰਮ ਚਲਾਈ ਗਈ, 1000 ਤੋਂ ਵੱਧ ਕੁਨੈਕਸ਼ਨਾਂ ਦੀ ਜਾਂਚ ਤੋਂ ਬਾਅਦ 5 ਲੱਖ ਰੁਪਏ ਤੋਂ ਵੱਧ ਦੇ ਜੁਰਮਾਨੇ ਲਗੇ।