18 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) :ਸੰਗਰੂਰ ਵਿਚ ਗੰਜੇਪਨ ਤੋਂ ਛੁਟਕਾਰਾ ਫਰੀ ਕੈਂਪ ਲਗਾਉਣ ਵਾਲਿਆਂ ਉਤੇ ਪੁਲਿਸ ਦੀ ਵੱਡੀ ਕਾਰਵਾਈ ਹੋਈ ਹੈ। ਪੀੜਤਾਂ ਵਿੱਚੋਂ ਇੱਕ ਸੁਖਬੀਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਸੰਗਰੂਰ ਦੀ ਸ਼ਿਕਾਇਤ ਦੇ ਉੱਪਰ ਪੁਲਿਸ ਨੇ ਕਾਰਵਾਈ ਕੀਤੀ ਹੈ। ਦਵਾਈ ਲਗਾਉਣ ਵਾਲੇ ਵੈਦ ਅਮਨਦੀਪ ਸਿੰਘ ਅਤੇ ਕੈਂਪ ਸਪੋਂਸਰ ਕਰਨ ਵਾਲੇ ਤੇਜਿੰਦਰ ਪਾਲ ਉੱਪਰ ਸੰਗਰੂਰ ਪੁਲਿਸ ਵੱਲੋਂ FIR ਦਰਜ ਦਰਜ ਕੀਤੀ ਗਈ ਹੈ।
16 ਮਾਰਚ ਨੂੰ ਸੰਗਰੂਰ ਦੇ ਕਾਲੀ ਮਾਤਾ ਮੰਦਿਰ ਵਿੱਚ ਗੰਜੇਪਨ ਨੂੰ ਦੂਰ ਕਰਨ ਲਈ ਫਰੀ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ 100 ਦੇ ਲਗਭਗ ਮਰੀਜ਼ਾਂ ਦੀਆਂ ਅੱਖਾਂ ਨੂੰ ਵੱਡੇ ਪੱਧਰ ਉੱਪਰ ਨੁਕਸਾਨ ਪਹੁੰਚਿਆ ਸੀ। ਦੱਸ ਦਈਏ ਕਿ 16 ਮਾਰਚ ਨੂੰ ਸੰਗਰੂਰ ਵਿੱਚ ਪਿੰਡ ਬਿਲਾਸਪੁਰ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਅਮਨਦੀਪ ਸਿੰਘ ਪੁੱਤਰ ਮੋਹਨ ਸਿੰਘ ਵੱਲੋਂ ਗੰਜੇਪਨ ਦੀ ਗੰਭੀਰ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਦਾ ਦਾਅਵਾ ਕਰਦੇ ਹੋਏ ਸੰਗਰੂਰ ਦੇ ਕਾਲੀ ਮਾਤਾ ਮੰਦਿਰ ਵਿੱਚ ਇੱਕ ਵੱਡਾ ਫਰੀ ਕੈਂਪ ਲਗਾਇਆ ਗਿਆ ਸੀ।
ਇਥੇ ਉਹ ਗੰਜੇਪਨ ਤੋਂ ਪੀੜਤ ਲੋਕਾਂ ਦੇ ਸਿਰ ਵਿੱਚ ਤੇਲ ਨੁਮਾ ਇੱਕ ਕੈਮੀਕਲ ਲਗਾ ਰਿਹਾ ਸੀ ਜਿਸ ਤੋਂ ਬਾਅਦ ਵੱਡੀ ਗਿਣਤੀ ਲੋਕਾਂ ਨੇ ਅੱਖਾਂ ਵਿੱਚ ਜਲਣ ਅਤੇ ਤੇਜ ਦਰਦ ਮਹਿਸੂਸ ਕੀਤਾ। ਇਸ ਤੋਂ ਬਾਅਦ 70 ਦੇ ਲਗਭਗ ਲੋਕਾਂ ਨੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣਾ ਇਲਾਜ ਕਰਵਾਇਆ।
ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰਨ ਤੋਂ ਬਾਅਦ ਸੰਗਰੂਰ ਪ੍ਰਸ਼ਾਸਨ ਵੱਲੋਂ ਇੱਕ ਪੀੜਤ ਦੀ ਸ਼ਿਕਾਇਤ ਦੇ ਆਧਾਰ ਦੇ ਉੱਪਰ ਅਮਨਦੀਪ ਸਿੰਘ ਅਤੇ ਤਜਿੰਦਰ ਪਾਲ ਉੱਪਰ ਐਫ ਆਈਆਰ ਨੰਬਰ 58 ਦਰਜ ਕੀਤੀ ਹੈ।
ਸੰਗਰੂਰ ਡੀਐਸਪੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਸੰਖੇਪ : ਸੰਗਰੂਰ ਵਿੱਚ ਗੰਜੇਪਨ ਦਾ ਇਲਾਜ ਕਰਨ ਦਾ ਦਾਅਵਾ ਕਰਕੇ ਮੁਫ਼ਤ ਕੈਂਪ ਲਗਾਉਣ ਵਾਲਿਆਂ ‘ਤੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ। ਕਈ ਸ਼ੱਕੀ ਲੋਕਾਂ ਦੀ ਪੁਛਗਿੱਛ ਜਾਰੀ।