ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ
ਪੋਲਿਟੀ ਦੀਆਂ ਕਲਾਸਾਂ ਵੀ ਹੋਈਆਂ ਆਰੰਭ
ਗੁਰਦਾਸਪੁਰ, 08 ਜੁਲਾਈ (ਪੰਜਾਬੀ ਖਬਰਨਾਮਾ ਬਿਊਰੋ) – ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਨੌਜਵਾਨਾਂ ਲਈ ਮਿਸ਼ਨ ਉਮੀਦ ਅਤੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਸ਼ੁਰੂ ਕੀਤੇ ਗਏ ਮੁਫ਼ਤ ਪੀ.ਸੀ.ਐੱਸ. ਕਰੈਸ਼ ਕੋਰਸ ਨੂੰ ਨੌਜਵਾਨਾਂ ਵੱਲੋਂ ਭਰਪੂਰ ਹੁੰਗਾਰਾ ਮਿਲਣ ਤੋਂ ਬਾਅਦ ਹੁਣ ਪੋਲਿਟੀ ਦੀਆਂ ਕਲਾਸਾਂ ਸ਼ੁਰੂ ਹੋ ਗਈਆਂ ਹਨ। ਇਹ ਕੋਰਸ 2026 ਦੀ ਯੂ.ਪੀ.ਐੱਸ.ਸੀ./ਪੀ.ਸੀ.ਐੱਸ. ਪ੍ਰੀਖਿਆ ਦੀ ਤਿਆਰੀ ਲਈ ਇੱਕ ਸਾਲ ਦੀ ਫਾਊਂਡੇਸ਼ਨ ਕੋਚਿੰਗ ਹੋਵੇਗੀ, ਜਿਸ ਦੀ ਮੰਗ ਪੀ.ਸੀ.ਐੱਸ. ਕੋਰਸ ਵਿਚ ਦਾਖਲ ਹੋਏ ਵਿਦਿਆਰਥੀਆਂ ਵੱਲੋਂ ਕੀਤੀ ਗਈ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ, ਆਈ.ਏ.ਐਸ. ਨੇ ਦੱਸਿਆ ਕਿ ਇਹ ਕੋਚਿੰਗ ਕੋਰਸ ਸਮਰਪਣ ਸੁਸਾਇਟੀ ਦੇ ਸਹਿਯੋਗ ਨਾਲ ਅਗਲੇ ਤਿੰਨ ਸਾਲ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਜ਼ਿਲ੍ਹੇ ਵਿੱਚ ਹੀ ਉੱਚ ਪੱਧਰੀ ਕੋਚਿੰਗ ਮਿਲੇਗੀ ਅਤੇ ਉਨ੍ਹਾਂ ਨੂੰ ਮਹਿੰਗੀ ਕੋਚਿੰਗ ਲਈ ਵੱਡੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ।
ਡਾ. ਹਰਜਿੰਦਰ ਸਿੰਘ ਬੇਦੀ ਨੇ ਅੱਗੇ ਦੱਸਿਆ ਕਿ ਕੋਚਿੰਗ ਦੌਰਾਨ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਚੇਤਨ ਭਾਰਤ ਲਰਨਿੰਗ ਇੰਸਟੀਚਿਊਟ, ਚੰਡੀਗੜ੍ਹ ਦੇ ਵਿਸ਼ਾ-ਮਾਹਿਰਾਂ ਵੱਲੋਂ ਹਫ਼ਤੇ ਵਿੱਚ ਇੱਕ ਵਾਰ ਆਨਲਾਈਨ ਡਾਊਟ ਕਲੀਅਰਿੰਗ ਸੈਸ਼ਨ ਰੱਖਿਆ ਜਾਵੇਗਾ, ਤਾਂ ਜੋ ਵਿਦਿਆਰਥੀਆਂ ਨੂੰ ਲਗਾਤਾਰ ਮਦਦ ਮਿਲਦੀ ਰਹੇ ਅਤੇ ਉਹ ਆਪਣੀ ਤਿਆਰੀ ਨੂੰ ਹੋਰ ਮਜਬੂਤ ਕਰ ਸਕਣ।
ਉਨ੍ਹਾਂ ਕਿਹਾ ਕਿ ਇੱਛੁਕ ਨੌਜਵਾਨ ਕੋਚਿੰਗ ਲਈ ਕਮਰਾ ਨੰਬਰ 218, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਜਾਂ ਮਿਸ਼ਨ ਉਮੀਦ ਦੇ ਨੋਡਲ ਅਫ਼ਸਰ ਪਰਮਿੰਦਰ ਸਿੰਘ ਸੈਣੀ (ਮੋਬਾਈਲ ਨੰਬਰ 7888592634) ਨਾਲ ਸੰਪਰਕ ਕਰ ਸਕਦੇ ਹਨ।