ਚੰਡੀਗੜ੍ਹ, 08 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੀ ਚੰਡੀਗੜ੍ਹ ਸਥਿਤ ਵਿਸ਼ੇਸ਼ ਅਦਾਲਤ ਨੇ ਅੱਤਵਾਦੀ ਸਤਵਿੰਦਰ ਸਿੰਘ ਉਰਫ਼ ਗੋਲਡੀ ਬਰਾੜ ਨੂੰ ਭਗੌੜਾ ਐਲਾਨ ਦਿੱਤਾ ਹੈ। ਅਦਾਲਤ ਨੇ ਉਸ ਖ਼ਿਲਾਫ਼ ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤਾ 2023 ਦੀ ਧਾਰਾ 84 ਦੇ ਤਹਿਤ ਇਹ ਕਾਰਵਾਈ ਕੀਤੀ ਹੈ। ਉਸ ਨੂੰ 30 ਦਿਨ ਦੇ ਅੰਦਰ ਅਦਾਲਤ ’ਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਹ ਹੁਕਮ ਵਿਸ਼ੇਸ਼ ਜੱਜ ਭਾਵਨਾ ਜੈਨ ਨੇ ਜਾਰੀ ਕੀਤਾ। ਅੱਤਵਾਦੀ ਬਰਾੜ ਖ਼ਿਲਾਫ਼ ਚੰਡੀਗੜ੍ਹ ’ਚ 20 ਜਨਵਰੀ 2024 ਨੂੰ ਇਕ ਕਾਰੋਬਾਰੀ ਨੂੰ ਅਗਵਾ ਕਰਨ ਦਾ ਕੇਸ ਦਰਜ ਹੋਇਆ ਸੀ। ਬਾਅਦ ’ਚ 8 ਮਾਰਚ 2024 ਨੂੰ ਐੱਨਆਈਏ ਨੇ ਕੇਸ ਦਰਜ ਕੀਤਾ ਸੀ। ਬਰਾੜ ਨੂੰ ਭਾਰਤ ਸਰਕਾਰ ਪਹਿਲਾਂ ਹੀ ਅੱਤਵਾਦੀ ਐਲਾਨ ਚੁੱਕੀ ਹੈ ਤੇ ਉਹ ਕੈਨੇਡਾ ’ਚ ਰਹਿ ਰਿਹਾ ਹੈ। ਇਸ ਮਾਮਲੇ ’ਚ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 120 ਬੀ (ਸਾਜ਼ਿਸ਼), 336 (ਲਾਪਰਵਾਹੀ ਨਾਲ ਜਾਨ ਨੂੰ ਖ਼ਤਰਾ), 384 (ਜਬਰਨ ਵਸੂਲੀ) ਤੇ 506 (ਧਮਕੀ) ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਗ਼ੈਰਕਾਨੂੰਨੀ ਸਰਗਰਮੀਆਂ ਰੋਕਥਾਮ ਐਕਟ (ਯੂਏਪੀਏ) ਤੇ ਆਰਮਜ਼ ਐਕਟ ਦੀਆਂ ਧਾਰਾਵਾਂ ਵੀ ਸ਼ਾਮਲ ਹਨ। ਜੇ ਉਹ ਤੈਅ ਸਮੇਂ ’ਤੇ ਪੇਸ਼ ਨਾ ਹੋਇਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ, ਜਿਸ ’ਚ ਉਸ ਦੀ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਵੀ ਹੋ ਸਕਦੀ ਹੈ। ਓਧਰ, ਐੱਨਆਈਏ ਦੇ ਸੂਤਰਾਂ ਮੁਤਾਬਕ ਬਰਾੜ ਨੂੰ ਕੈਨੇਡਾ ਤੋਂ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ।
