3 ਅਪ੍ਰੈਲ , 2025 (ਪੰਜਾਬੀ ਖਬਰਨਾਮਾ ਬਿਊਰੋ ) : ਪੰਜਾਬ ਤੋਂ ਬਾਹਰ ਕਾਰ ਰਾਹੀਂ ਸਫਰ ਕਰਨ ਵਾਲੇ ਲੋਕਾਂ ਲਈ ਅਹਿਮ ਖਬਰ ਹੈ। ਦਰਅਸਲ, ਫਾਸਟੈਗ ਦੇ ਨਿਯਮ 1 ਅਪ੍ਰੈਲ 2025 ਤੋਂ ਬਦਲ ਗਏ ਹਨ, ਜਿਸ ਦਾ ਮਤਲਬ ਹੈ ਕਿ ਤੁਹਾਡੀ ਯਾਤਰਾ ਵਿਚ ਵੱਡਾ ਬਦਲਾਅ ਹੋਇਆ ਹੈ। ਅਜਿਹੇ ਵਿਚ ਜੇਕਰ ਤੁਸੀਂ ਪੰਜਾਬ ਤੋਂ ਬਾਹਰ ਜਾਣ ਲਈ ਕਾਰ ‘ਚ ਸਫਰ ਕਰ ਰਹੇ ਹੋ ਤਾਂ ਤੁਹਾਡੇ ਲਈ ਫਾਸਟੈਗ ਦੀ ਵਰਤੋਂ ਕਰਨਾ ਲਾਜ਼ਮੀ ਹੈ।
ਜਾਣਕਾਰੀ ਮੁਤਾਬਕ ਮਹਾਰਾਸ਼ਟਰ ਰਾਜ ਸੜਕ ਵਿਕਾਸ ਨਿਗਮ ਨੇ ਐਲਾਨ ਕੀਤਾ ਹੈ ਕਿ ਮੁੰਬਈ ਦੇ ਸਾਰੇ ਟੋਲ ਪਲਾਜ਼ਿਆਂ ਉਤੇ ਫਾਸਟੈਗ ਰਾਹੀਂ ਹੀ ਟੋਲ ਭੁਗਤਾਨ ਸਵੀਕਾਰ ਕੀਤਾ ਜਾਵੇਗਾ। ਇਹ ਕਦਮ ਟੋਲ ਬੂਥਾਂ ਉਤੇ ਆਵਾਜਾਈ ਦੀ ਭੀੜ ਨੂੰ ਘੱਟ ਕਰਨ ਅਤੇ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ। ਇਸ ਬਦਲਾਅ ਤੋਂ ਬਾਅਦ ਜੇਕਰ ਤੁਸੀਂ ਫਾਸਟੈਗ ਦੀ ਵਰਤੋਂ ਨਹੀਂ ਕਰਦੇ ਤਾਂ ਤੁਹਾਨੂੰ ਟੋਲ ਦੀ ਦੁੱਗਣੀ ਰਕਮ ਅਦਾ ਕਰਨੀ ਪਵੇਗੀ।
ਇਹ ਰਕਮ UPI, ਨਕਦ ਜਾਂ ਕ੍ਰੈਡਿਟ/ਡੈਬਿਟ ਕਾਰਡ ਰਾਹੀਂ ਅਦਾ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਮੁੰਬਈ-ਪੁਣੇ ਐਕਸਪ੍ਰੈਸਵੇਅ, ਮੁੰਬਈ-ਨਾਗਪੁਰ ਸਮ੍ਰਿਧੀ ਐਕਸਪ੍ਰੈਸਵੇਅ ਅਤੇ ਪੁਰਾਣੇ ਮੁੰਬਈ-ਪੁਣੇ ਹਾਈਵੇਅ ‘ਤੇ ਫਾਸਟੈਗ ਦਾ ਸਖਤੀ ਨਾਲ ਪਾਲਣ ਕੀਤਾ ਜਾਵੇਗਾ।
ਦੱਸ ਦਈਏ ਕਿ ਜੇਕਰ ਤੁਹਾਡਾ ਫਾਸਟੈਗ ਬਲੈਕਲਿਸਟ ਹੈ ਜਾਂ ਤੁਸੀਂ ਰੀਚਾਰਜ ਕੀਤਾ ਹੈ ਅਤੇ ਸਟੇਟਸ ਅਪਡੇਟ ਨਹੀਂ ਕੀਤਾ ਗਿਆ ਹੈ, ਤਾਂ ਤੁਹਾਨੂੰ ਡਬਲ ਟੋਲ ਟੈਕਸ ਦੇਣਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਹਾਡੇ ਕੋਲ ਅਜੇ ਤੱਕ ਫਾਸਟੈਗ ਨਹੀਂ ਹੈ, ਤਾਂ ਤੁਸੀਂ ਇਸ ਨੂੰ Paytm, Amazon ਜਾਂ ਕਿਸੇ ਵੀ ਬੈਂਕਿੰਗ ਐਪ ਰਾਹੀਂ ਆਸਾਨੀ ਨਾਲ ਖਰੀਦ ਸਕਦੇ ਹੋ।
ਸੰਖੇਪ: ਹੁਣ ਪੰਜਾਬ ਤੋਂ ਬਾਹਰ ਕਾਰ ਰਾਹੀਂ ਯਾਤਰਾ ਕਰਨ ਵਾਲਿਆਂ ਲਈ ਨਵੇਂ ਨਿਯਮ ਲਾਗੂ। ਨਵੀਆਂ ਹਦਾਇਤਾਂ ਦੇ ਬਾਰੇ ਜਾਣਨਾ ਹੋਵੇ ਤਾਂ ਪੂਰੀ ਖ਼ਬਰ ਪੜ੍ਹੋ।