ਨਵੀਂ ਦਿੱਲੀ, 02 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਐਲਾਨ ਕੀਤਾ ਹੈ ਕਿ ਉਹ 6 ਜੂਨ 2026 ਨੂੰ ਭਾਰਤ ਆ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਉਹ ਦਿੱਲੀ ਦੇ ਜੰਤਰ-ਮੰਤਰ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰਨਗੇ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਉਠਾਉਣਗੇ।
ਅਭਿਜੀਤ ਦੀਪਕੇ ਨੇ ਦਾਅਵਾ ਕੀਤਾ ਕਿ NEET, CBSE, CUET ਅਤੇ ਹੋਰ ਪ੍ਰੀਖਿਆਵਾਂ ਨਾਲ ਜੁੜੇ ਵਿਵਾਦਾਂ ਕਾਰਨ ਲੱਖਾਂ ਵਿਦਿਆਰਥੀ ਪ੍ਰਭਾਵਿਤ ਹੋਏ ਹਨ। ਉਨ੍ਹਾਂ ਆਪਣੇ ਸਮਰਥਕਾਂ ਅਤੇ ਵਿਦਿਆਰਥੀਆਂ ਨੂੰ 6 ਜੂਨ ਨੂੰ ਦਿੱਲੀ ਹਵਾਈ ਅੱਡੇ ‘ਤੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ, ਜਿਸ ਤੋਂ ਬਾਅਦ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਲਈ ਇਜਾਜ਼ਤ ਮੰਗੀ ਜਾਵੇਗੀ ਅਤੇ ਰੋਸ਼ ਪ੍ਰਦਸ਼ਨ ਕੀਤਾ ਜਾਵੇਗਾ।
ਅਭਿਜੀਤ ਦੀਪਕੇ ਨੇ “ਕਾਕਰੋਚ ਜਨਤਾ ਪਾਰਟੀ” ਨਾਮਕ ਇੱਕ ਪੇਜ ਬਣਾ ਕੇ ਨੌਜਵਾਨ ਕੇਂਦ੍ਰਿਤ ਸੋਸ਼ਲ ਮੀਡੀਆ ਅੰਦੋਲਨ ਸ਼ੁਰੂ ਕੀਤਾ ਹੈ। ਇਸਦੀ ਸ਼ੁਰੂਆਤ ਤੋਂ ਹੀ ਇਸਨੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਅਤੇ ਕਈ ਜਨਤਕ ਹਸਤੀਆਂ ਦੁਆਰਾ ਇਸਦਾ ਸਮਰਥਨ ਕੀਤਾ ਗਿਆ ਹੈ। ਹਾਲਾਂਕਿ, ਭਾਰਤ ਵਿੱਚ ਉਸਦੇ ਅਸਲ “X” ਖਾਤੇ ‘ਤੇ ਪਾਬੰਦੀ ਲੱਗਣ ਤੋਂ ਬਾਅਦ, ਅਭਿਜੀਤ ਦੀਪਕੇ ਨੇ “ਕਾਕਰੋਚ ਨਹੀਂ ਮਰਦੇ” ਟੈਗਲਾਈਨ ਨਾਲ ਵਾਪਸੀ ਕੀਤੀ। ਵਿਅੰਗਮਈ ਸੋਸ਼ਲ ਮੀਡੀਆ ਖਾਤੇ “ਕਾਕਰੋਚ ਜਨਤਾ ਪਾਰਟੀ” (CJP) ਨੇ ਇਸ ਦੌਰਾਨ ਭਾਰਤ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਇੱਕ ਮੁਹਿੰਮ ਸ਼ੁਰੂ ਕੀਤੀ ਹੈ।
